ਬਾਕੂ (ਪੀਟੀਆਈ) : ਭਾਰਤੀ ਨਿਸ਼ਾਨੇਬਾਜ਼ ਰਿਦਮ ਸਾਂਗਵਾਨ ਨੇ ਇੱਥੇ ਆਈਐੱਸਐੱਸਐੱਫ ਵਿਸ਼ਵ ਰਾਈਫਲ/ਪਿਸਟਲ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਗੇੜ ਵਿਚ 29 ਸਾਲ ਪੁਰਾਣਾ ਰਿਕਾਰਡ ਤੋੜਿਆ ਪਰ ਫਾਈਨਲ ਵਿਚ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਤੇ ਅੱਠਵੇਂ ਸਥਾਨ ’ਤੇ ਰਹੀ। ਰਿਦਮ ਨੇ 25 ਮੀਟਰ ਪਿਸਟਲ ਕੁਆਲੀਫਿਕੇਸ਼ਨ ਵਿਚ 595 ਅੰਕ ਬਣਾ ਕੇ ਸਿਖਰਲਾ ਸਥਾਨ ਹਾਸਲ ਕੀਤਾ ਤੇ ਬੁਲਗਾਰੀਆ ਦੀ ਡਾਇਨਾ ਇਗੋਰੋਵਾ ਦੇ 1994 ਵਿਚ ਮਿਲਾਨ ਵਿਚ ਬਣਾਏ ਗਏ ਰਿਕਾਰਡ ਨੂੰ ਤੋੜਿਆ। ਇਸ ਵਿਚਾਲੇ ਦੋ ਵਾਰ ਇਗੋਰੋਵਾ ਦੇ ਰਿਕਾਰਡ ਦੀ ਬਰਾਬਰੀ ਕੀਤੀ ਗਈ। ਭੋਪਾਲ ਵਿਚ ਇਸ ਸਾਲ ਮਾਰਚ ਵਿਚ ਖੇਡੇ ਗਏ ਵਿਸ਼ਵ ਕੱਪ ਵਿਚ ਜਰਮਨੀ ਦੀ ਡੋਰੇਨ ਵੇਨੇਕੈਂਪ ਨੇ ਵੀ ਇਸ ਰਿਕਾਰਡ ਦੀ ਬਰਾਬਰੀ ਕੀਤੀ ਸੀ।

ਡੋਰੇਨ ਨੇ ਇੱਥੇ ਬਾਕੂ ਵਿਚ ਕਾਂਸੇ ਦਾ ਮੈਡਲ ਜਿੱਤਿਆ ਜਦਕਿ ਚੀਨ ਦੀ ਫੇਂਗ ਸਿਕਸੁਆਨ ਨੇ ਫਾਈਨਲ ਵਿਚ ਈਰਾਨ ਦੀ ਹਨਿਯਾਹ ਰੋਸਤਮੀਯਾਨ ਨੂੰ ਹਰਾ ਕੇ ਵਿਸ਼ਵ ਕੱਪ ਵਿਚ ਇਸ ਮੁਕਾਬਲੇ ਵਿਚ ਲਗਾਤਾਰ ਦੂਜਾ ਗੋਲਡ ਮੈਡਲ ਜਿੱਤਿਆ। ਬੁੱਧਵਾਰ ਨੂੰ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਵਿਚ ਕਾਂਸੇ ਦਾ ਮੈਡਲ ਜਿੱਤਣ ਵਾਲੀ ਰਿਦਮ ਫਾਈਨਲ ਵਿਚ ਬਾਹਰ ਹੋਣ ਵਾਲੀ ਪਹਿਲੀ ਨਿਸ਼ਾਨੇਬਾਜ਼ ਸੀ। ਰਿਦਮ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿਚ ਜੂਨੀਅਰ ਵਰਗ ਦਾ 34 ਸਾਲ ਪੁਰਾਣਾ ਰਿਕਾਰਡ ਵੀ ਤੋੜਿਆ। ਇਸ ਤੋਂ ਪਹਿਲਾਂ ਦਾ ਰਿਕਾਰਡ ਰੂਸ ਦੀ ਨੀਨੋ ਸਾਲੁਕਵਾਦਜੇ ਦੇ ਨਾਂ ਸੀ ਜਿਨ੍ਹਾਂ ਨੇ ਜਗਰੇਬ ਵਿਚ ਯੂਰਪੀ ਚੈਂਪੀਅਨਸ਼ਿਪ ਵਿਚ 593 ਅੰਕ ਬਣਾਏ ਸਨ। ਭਾਰਤ ਦੀ ਮਨੂ ਭਾਕਰ ਨੇ 2018 ਵਿਚ ਜਕਾਰਤਾ ਵਿਚ ਏਸ਼ਿਆਈ ਖੇਡਾਂ ਦੌਰਾਨ ਇਸ ਰਿਕਾਰਡ ਦੀ ਬਰਾਬਰੀ ਕੀਤੀ ਸੀ।

ਟੂਰਨਾਮੈਂਟ ਵਿਚ ਪਹਿਲਾ ਅਜਿਹਾ ਦਿਨ ਰਿਹਾ ਜਦਕਿ ਭਾਰਤ ਨੂੰ ਇਕ ਵੀ ਮੈਡਲ ਨਹੀਂ ਮਿਲਿਆ। ਰਿਦਮ ਨੇ ਜਿੱਥੇ 595 ਦਾ ਸਕੋਰ ਬਣਾ ਕੇ ਸਿਖਰਲਾ ਸਥਾਨ ਹਾਸਲ ਕੀਤਾ ਉਥੇ ਭਾਰਤ ਦੀਆਂ ਦੋ ਹੋਰ ਨਿਸ਼ਾਨੇਬਾਜ਼ ਈਸ਼ਾ ਸਿੰਘ ਤੇ ਮਨੂ ਕ੍ਰਮਵਾਰ 582 ਤੇ 578 ਅੰਕਾਂ ਨਾਲ 13ਵੇਂ ਤੇ 27ਵੇਂ ਸਥਾਨ ’ਤੇ ਰਹੀਆਂ। ਰੈਂਕਿੰਗ ਅੰਕਾਂ ਲਈ ਖੇਡ ਰਹੀ ਅਭਿਦਨਿਆ ਅਸ਼ੋਕ ਪਾਟਿਲ ਨੇ 576 ਅੰਕ ਬਣਾਏ।

ਮਰਦਾਂ ਦੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਵਿਚ ਹਿੱਸਾ ਲੈ ਰਹੇ ਤਿੰਨੇ ਭਾਰਤੀ ਨਿਸ਼ਾਨੇਬਾਜ਼ ਫਾਈਨਲ ਵਿਚ ਥਾਂ ਨਹੀਂ ਬਣਾ ਸਕੇ। ਐਸ਼ਵਰਿਆ ਪ੍ਰਤਾਪ ਸਿੰਘ ਤੋਮਰ 586 ਅੰਕਾਂ ਦੇ ਨਾਲ 10ਵੇਂ, ਅਖਿਲ ਸ਼ਿਓਰਾਣ 585 ਦੇ ਸਕੋਰ ਨਾਲ 13ਵੇਂ ਤੇ ਸਵਪਨਿਲ ਕੁਸਾਲੇ 583 ਦੇ ਸਕੋਰ ਨਾਲ 22ਵੇਂ ਸਥਾਨ ’ਤੇ ਰਹੇ। ਮਰਦਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿਚ ਪਹਿਲੇ ਪ੍ਰੀਸੀਜ਼ਨ ਕੁਆਲੀਫਿਕੇਸ਼ਨ ਗੇੜ ਤੋਂ ਬਾਅਦ ਭਾਰਤ ਦੇ ਵਿਜੇ ਵੀਰ ਸਿੱਧੂ 293 ਦਾ ਸਕੋਰ ਬਣਾ ਕੇ ਸਿਖਰਲੇ ਨਿਸ਼ਾਨੇਬਾਜ਼ਾਂ ਵਿਚ ਸ਼ਾਮਲ ਹਨ।

Posted By: Sandip Kaur