ਖੇਡਾਂ ਵਿਚ ਦੇਸ਼ ਦੇ ਸਾਰੇ ਸੂਬਿਆਂ ਦੇ ਨਾਲ-ਨਾਲ ਭਾਰਤੀ ਰੇਲਵੇ ਦੇ ਖਿਡਾਰੀਆਂ ਦਾ ਅਹਿਮ ਯੋਗਦਾਨ ਰਿਹਾ ਹੈ। ਰੇਲਵੇ ਦੇ ਖਿਡਾਰੀਆਂ ਨੇ ਨੇ ਓਲੰਪਿਕ, ਰਾਸ਼ਟਰਮੰਡਲ ਖੇਡਾਂ, ਏਸ਼ਿਆਈ ਅਤੇ ਦੁਨੀਆ ਦੇ ਕਈ ਹੋਰ ਨਾਮੀ ਕੌਮਾਂਤਰੀ ਟੂਰਨਾਮੈਂਟਾਂ 'ਚ ਆਪਣਾ ਦਮ ਖ਼ਮ ਦਿਖਾਇਆ। ਆਓ, ਭਾਰਤੀ ਰੇਲਵੇ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ, ਖੇਡ ਐਵਾਰਡਾਂ 'ਤੇ ਇਕ ਝਾਤ ਮਾਰਦੇ ਹਾਂ :

ਰੇਲਵੇ ਖੇਡ ਪ੍ਰਬੰਧਨ

ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਦੇ ਗਠਨ ਤੋਂ ਪਹਿਲਾਂ ਰੇਲਵੇ 'ਚ ਖੇਡਾਂ ਲਈ ਜ਼ਿੰਮੇਵਾਰ ਸੰਸਥਾ ਦੀ ਸਾਲ 1928 ਵਿਚ 'ਭਾਰਤੀ ਰੇਲਵੇ ਐਥਲੈਟਿਕਸ ਐਸੋਸੀਏਸ਼ਨ' ਦੇ ਨ0 ਨਾਲ ਸਥਾਪਨਾ ਹੋਈ। ਸਾਲ 1956 ਵਿਚ ਇਸ ਦਾ ਨਾਂ 'ਰੇਲਵੇ ਸਪੋਰਟਸ ਕੰਟਰੋਲ ਬੋਰਡ' ਹੋ ਗਿਆ ਅਤੇ 1998 ਤੋਂ 'ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ' ਖੇਡਾਂ ਦੇ ਖੇਤਰ 'ਚ ਕੰਮ ਕਰ ਰਿਹਾ ਹੈ। ਪਹਿਲਾਂ ਰੇਲਵੇ ਵਿਚ ਸਿਰਫ਼ ਹਾਕੀ, ਅਥਲੈਟਿਕਸ ਤੇ ਟੈਨਿਸ ਵਰਗੀਆਂ ਖੇਡਾਂ ਹੀ ਸ਼ਾਮਲ ਸਨ ਪਰ ਅੱਜ ਭਾਰਤੀ ਓਲੰਪਿਕ ਸੰਘ ਵੱਲੋਂ ਮਾਨਤਾ ਪ੍ਰਾਪਤ ਸਾਰੀਆਂ ਖੇਡਾਂ ਨੂੰ ਭਾਰਤੀ ਰੇਲਵੇ ਉਤਸ਼ਾਹਿਤ ਕਰ ਰਹੀ ਹੈ। ਭਾਰਤੀ ਰੇਲਵੇ ਦੁਨੀਆ ਦਾ ਸਭ ਤੋਂ ਵੱਡਾ ਕਰਮਚਾਰੀ ਸੰਗਠਨ ਹੈ। ਅੰਤਰਰਾਸ਼ਟਰੀ ਪੱਧਰ 'ਤੇ 'ਇੰਟਰਨੈਸ਼ਨਲ ਸਪੋਰਟਸ ਯੂਨੀਅਨ ਆਫ ਰੇਲਵੇ' ਨਾਂ ਦੀ ਸੰਸਥਾ ਖੇਡਾਂ ਦਾ ਪ੍ਰਬੰਧ ਕਰਦੀ ਹੈ।

ਆਲਮੀ ਪੱਧਰ 'ਤੇ ਰੇਲਵੇ ਦਾ ਪ੍ਰਦਰਸ਼ਨ

ਗੋਲਡ ਕੋਸਟ (ਆਸਟ੍ਰੇਲੀਆ) ਰਾਸ਼ਟਰਮੰਡਲ ਖੇਡਾਂ 'ਚ ਸ਼ਾਮਲ ਹੋਣ ਵਾਲੇ ਭਾਰਤੀ ਦਲ ਵਿਚ 15 ਖੇਡਾਂ ਲਈ 216 ਖਿਡਾਰੀ ਸ਼ਾਮਲ ਸਨ। ਇਸ ਦਲ 'ਚ ਭਾਰਤੀ ਰੇਲਵੇ ਦੇ 48 ਖਿਡਾਰੀ ਸਨ। ਸਾਲ 2018 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਰੇਲਵੇ ਦੇ ਖਿਡਾਰੀਆਂ ਨੇ 10 ਸੋਨੇ, 1 ਚਾਂਦੀ ਤੇ 20 ਕਾਂਸੇ ਦੇ ਤਗਮੇ ਜਿੱਤੇ।।ਓਲੰਪੀਅਨ ਸੁਸ਼ੀਲ ਕੁਮਾਰ ਨੇ ਅਨੇਕਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੋਨ ਤਗਮੇ ਜਿੱਤੇ।

2018 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਰੇਲਵੇ ਦੇ ਸੁਸ਼ੀਲ ਕੁਮਾਰ ਨੇ ਕੁਸ਼ਤੀ ਵਿਚ ਸੋਨ ਤਗਮਾ ਜਿੱਤਿਆ, ਓਲੰਪੀਅਨ ਮੁੱਕੇਬਾਜ਼ ਮਨੋਜ ਕੁਮਾਰ ਨੇ ਕਾਂਸੇ ਦਾ ਤਗਮਾ ਪ੍ਰਾਪਤ ਕੀਤਾ।।ਮਨੋਜ ਕੁਮਾਰ ਇਸ ਤੋਂ ਪਹਿਲਾਂ ਵੀ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤ ਚੁੱਕਾ ਹੈ। ਇਸ ਤੋਂ ਇਲਾਵਾ ਭਾਰਤ ਦੇ ਸਟਾਰ ਖਿਡਾਰੀ ਬਜਰੰਗ ਪੂਨੀਆ, ਵਿਨੇਸ਼ ਫੋਗਟ, ਸੁਨੀਤਾ, ਕਿਰਨ, ਸਤੀਸ਼, ਪ੍ਰਦੀਪ, ਨਵਜੋਤ ਕੌਰ ਪੂਨਮ ਦੁਨੀਆ ਵਿਚ ਤਿਰੰਗੇ ਦਾ ਮਾਣ ਬੁਲੰਦ ਕੀਤਾ।

ਖੇਡ ਤਗਮੇ

ਖੇਡਾਂ ਦੇ ਖੇਤਰ ਵਿਚ ਸਭ ਤੋਂ ਵੱਡੇ ਐਵਾਰਡ 'ਰਾਜੀਵ ਗਾਂਧੀ ਖੇਲ ਰਤਨ ਐਵਾਰਡ', 'ਪਦਮਸ਼੍ਰੀ, 'ਦਰੋਣਾਚਾਰੀਆ ਐਵਾਰਡ', 'ਅਰਜੁਨ ਐਵਾਰਡ ਵੀ ਭਾਰਤੀ ਰੇਲਵੇ ਦੇ ਖਿਡਾਰੀਆਂ ਨੇ ਪ੍ਰਾਪਤ ਕੀਤੇ।। ਸਾਲ 1960 ਤੋ 2012 ਤਕ ਰੇਲਵੇ ਦੇ 19 ਖਿਡਾਰੀਆਂ ਨੇ 'ਪਦਮਸ਼੍ਰੀ ਐਵਾਰਡ' ਪ੍ਰਾਪਤ ਕੀਤਾ। ਸਾਲ 2001 ਤੋਂ 2017 ਤਕ 8 ਕੋਚਾਂ ਨੂੰ 'ਦਰੋਣਾਚਾਰੀਆ ਐਵਾਰਡ' ਨਾਲ ਸਨਮਾਨਿਆ ਗਿਆ। ਸਾਲ 1961 ਤੋਂ 2014 ਤਕ ਰੇਲਵੇ ਦੇ ਕੁੱਲ 152 ਖਿਡਾਰੀਆਂ ਨੇ 'ਅਰਜੁਨ ਐਵਾਰਡ' ਹਾਸਲ ਕੀਤੇ। ਖੇਡਾਂ ਦੇ ਸਭ ਤੋਂ ਵੱਡਾ 'ਰਾਜੀਵ ਗਾਂਧੀ ਖੇਲ ਰਤਨ ਐਵਾਰਡ' ਭਾਰਤੀ ਰੇਲਵੇ ਦੇ ਤਿੰਨ ਖਿਡਾਰੀਆਂ ਨੂੰ ਲੈਣ ਦਾ ਸੁਭਾਗ ਪ੍ਰਾਪਤ ਹੋਇਆ। ਇਨ੍ਹਾਂ ਸਾਰੇ ਐਵਾਰਡ ਜੇਤੂਆਂ ਵਿਚ ਅਹਿਮ ਨਾਂ ਪਹਿਲਵਾਨ ਸੁਸ਼ੀਲ ਕੁਮਾਰ ਦਾ ਹੈ, ਜਿਸ ਨੂੰ ਪਦਮਸ਼੍ਰੀ, ਅਰਜੁਨ ਐਵਾਰਡ ਤੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਪ੍ਰਾਪਤ ਕਰਨ ਮਾਣ ਹਾਸਲ ਹੈ।

ਰੇਲਵੇ ਦੇ ਖਿਡਾਰੀਆਂ ਤੋਂ ਵੱਡੀਆਂ ਆਸਾਂ

ਇਸ ਸਾਲ ਸਨਮਾਨਿਤ ਹੋਣ ਵਾਲੇ ਦੇਸ਼ ਦੇ ਨਾਮੀ ਖਿਡਾਰੀਆਂ ਵਿਚ ਭਾਰਤੀ ਰੇਲਵੇ ਦੇ ਕਈ ਖਿਡਾਰੀ ਸ਼ਾਮਲ ਸਨ। ਇਸ ਵਾਰ 'ਰਾਜੀਵ ਗਾਂਧੀ ਖੇਲ ਰਤਨ ਐਵਾਰਡ' ਵਿਨੇਸ਼ ਫੋਗਟ (ਕੁਸ਼ਤੀ), 'ਅਰਜੁਨ ਐਵਾਰਡ' ਦਿਵਿਯਾ ਕਕਰਨ (ਕੁਸ਼ਤੀ) ਤੇ ਦੀਪਿਕਾ (ਹਾਕੀ), 'ਧਿਆਨ ਚੰਦ ਐਵਾਰਡ' ਐੱਨ. ਊਸ਼ਾ (ਬਾਕਸਿੰਗ), 'ਦਰੋਣਾਚਾਰੀਆ ਐਵਾਰਡ' ਗੌਰਵ ਖੰਨਾ (ਪੈਰਾ ਬੈਡਮਿੰਟਨ) ਨੂੰ ਪ੍ਰਾਪਤ ਹੋਇਆ। ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਇਸ ਵਾਰ ਇਹ ਸਨਮਾਨ 29 ਅਗਸਤ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਖਿਡਾਰੀਆਂ ਨੂੰ ਆਨਲਾਇਨ ਪ੍ਰਦਾਨ ਕੀਤੇ ਗਏ। ਇਸ ਵਰ੍ਹੇ ਖੇਡ ਐਵਾਰਡ ਪ੍ਰਾਪਤ ਕਰਨ ਵਾਲੇ ਭਾਰਤੀ ਰੇਲਵੇ ਦੇ ਖਿਡਾਰੀਆਂ ਨੂੰ ਰੇਲ ਮੰਤਰੀ ਪਿਯੂਸ਼ ਗੋਇਲ, ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਯਾਦਵ , ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਦੇ ਸਕੱਤਰ ਪ੍ਰੇਮ ਲੋਹਬ ਤੇ ਰੇਲਵੇ ਦੇ ਹੋਰ ਅਧਿਕਾਰੀਆਂ ਨੇ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੀਆਂ ਓਲੰਪਿਕ, ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਵਿਚ ਭਾਰਤੀ ਰੇਲਵੇ ਦੇ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ।

ਏਸ਼ਿਆਈ ਖੇਡਾਂ 'ਚ ਕਾਰਗੁਜ਼ਾਰੀ


ਏਸ਼ਿਆਈ ਖੇਡਾਂ-2014 ਵਿਚ ਭਾਰਤੀ ਰੇਲਵੇ ਦੇ 72 ਅਥਲੀਟਾਂ ਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ। ਭਾਰਤ ਦੇ ਕੁੱਲ 57 ਤਗਮਿਆਂ ਵਿੱਚੋਂ ਰੇਲਵੇ ਦੇ ਖਿਡਾਰੀਆਂ ਨੇ 12 ਤਗਮੇ ਜਿੱਤੇ। ਮਹਿਲਾ 4*400 ਰਿਲੇਅ ਦੌੜ ਵਿਚ ਪ੍ਰਿਅੰਕਾ ਪਵਾਰ, ਟਿੰਕੂ ਲੂਕਾ, ਕਬੱਡੀ (ਪੁਰਸ਼) ਮਨਜੀਤ ਸਿੰਘ, ਰਾਕੇਸ਼ ਕੁਮਾਰ, ਕਬੱਡੀ (ਔਰਤਾਂ) ਕਵਿਤਾ, ਮਮਤਾ, ਤੇਜਸਵਿਨੀ ਬਾਈ ਨੇ ਸੋਨ ਤਗਮੇ ਹਾਸਲ ਕੀਤੇ। ਅਥਲੈਟਿਕਸ ਤੇ ਮਹਿਲਾ ਹਾਕੀ ਵਿਚ ਵੀ ਰੇਲਵੇ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰੇਲਵੇ ਦੇ ਖਿਡਾਰੀਆਂ ਨੇ ਅਥਲੈਟਿਕਸ 'ਚ ਇਕ ਸੋਨ, ਦੋ ਚਾਂਦੀ ਅਤੇ ਤਿੰਨ ਕਾਂਸੇ ਦੇ ਤਗਮੇ ਜਿੱਤੇ। ਅਥਲੀਟ ਟਿੰਕੂ ਲੂਕਾ ਨੇ 800 ਮੀਟਰ ਰੇਸ 'ਚ ਚਾਂਦੀ ਤੇ 4*400 ਰਿਲੇਅ ਵਿਚ ਸੋਨ ਤਗਮਾ ਜਿੱਤਿਆ। ਭਾਰਤੀ ਹਾਕੀ ਟੀਮ (ਮਹਿਲਾ) ਨੇ ਕਾਂਸੀ ਦਾ ਤਗਮਾ ਜਿੱਤਿਆ। ਟੀਮ ਵਿਚ ਸ਼ਾਮਲ ਕੁੱਲ 16 ਵਿੱਚੋਂ 11 ਖਿਡਾਰਨਾਂ ਭਾਰਤੀ ਰੇਲਵੇ ਦੀਆਂ ਸਨ। ਏਸ਼ਿਆਈ ਖੇਡਾਂ-2018 ਵਿਚ 462 ਈਵੈਂਟਾਂ ਲਈ 40 ਖੇਡਾਂ ਨਾਲ ਜੁੜੇ ਖਿਡਾਰੀਆਂ ਨੇ ਪ੍ਰਦਰਸ਼ਨ ਕੀਤਾ। ਇਸ ਭਾਰਤੀ ਦਲ ਵਿਚ 70 ਖਿਡਾਰੀ ਰੇਲਵੇ ਦੇ ਸਨ। ਇਸ ਦਲ 'ਚ 10 ਕੋਚ ਤੇ ਤਕਨੀਕੀ ਅਧਿਕਾਰੀ ਵੀ ਸ਼ਾਮਲ ਸਨ।

- ਜਗਦੀਪ ਸਿੰਘ ਕਾਹਲੋਂ

82888-47042

Posted By: Harjinder Sodhi