ਮੈਡਿ੍ਰਡ (ਪੀਟੀਆਈ) : ਭਾਰਤੀ ਖਿਡਾਰੀ ਪੀਵੀ ਸਿੰਧੂ ਤੇ ਕਿਦਾਂਬੀ ਸ਼੍ਰੀਕਾਂਤ ਵੀਰਵਾਰ ਨੂੰ ਇੱਥੇ ਆਪੋ-ਆਪਣੇ ਮੁਕਾਬਲਿਆਂ ਨੂੰ ਸਿੱਧੀਆਂ ਗੇਮਾਂ ਵਿਚ ਜਿੱਤ ਕੇ ਮੈਡਿ੍ਰਡ ਸਪੇਨ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪੁੱਜ ਗਏ। ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਿੰਧੂ ਇਸ ਸਾਲ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਆਖ਼ਰੀ ਅੱਠ ਵਿਚ ਪੁੱਜੀ ਹੈ। ਉਨ੍ਹਾਂ ਨੇ ਮਹਿਲਾ ਸਿੰਗਲਜ਼ ਦੇ ਮੁਕਾਬਲੇ ਵਿਚ ਇੰਡੋਨੇਸ਼ੀਆ ਦੀ ਪੁੱਤਰੀ ਕੁਸੁਮਾ ਵਾਰਦਾਨੀ ਨੂੰ 21-16, 21-14 ਨਾਲ ਮਾਤ ਦਿੱਤੀ। ਵਿਸ਼ਵ ਰੈਂਕਿੰਗ ਵਿਚ 21ਵੇਂ ਸਥਾਨ ’ਤੇ ਕਾਬਜ ਸ਼੍ਰੀਕਾਂਤ ਨੇ ਦੂਜੇ ਗੇੜ ਦੇ ਮੈਚ ਵਿਚ 49ਵੀਂ ਰੈਂਕਿੰਗ ਦੇ ਖਿਡਾਰੀ ਹਮਵਤਨ ਬੀ ਸਾਈ ਪ੍ਰਣੀਤ ਨੂੰ 21-15, 21-12 ਨਾਲ ਹਰਾਇਆ। ਦੂਜਾ ਦਰਜਾ ਹਾਸਲ ਸਿੰਧੂ ਸੱਟ ਤੋਂ ਵਾਪਸੀ ਤੋਂ ਬਾਅਦ ਲੈਅ ਹਾਸਲ ਕਰਨ ਲਈ ਜੂਝ ਰਹੀ ਹੈ। ਉਹ 2023 ਵਿਚ ਪਹਿਲੀ ਵਾਰ ਦੂਜੇ ਗੇੜ ਦੇ ਅੜਿੱਕੇ ਨੂੰ ਪਾਰ ਕਰਨ ਵਿਚ ਕਾਮਯਾਬ ਰਹੀ। ਲਗਾਤਾਰ ਖ਼ਰਾਬ ਪ੍ਰਦਰਸ਼ਨ ਕਾਰਨ ਨਵੰਬਰ 2016 ਤੋਂ ਬਾਅਦ ਪਹਿਲੀ ਵਾਰ ਰੈਂਕਿੰਗ ਵਿਚ ਟਾਪ-10 ਖਿਡਾਰੀਆਂ ਦੀ ਸੂਚੀ ’ਚੋਂ ਬਾਹਰ ਹੋਣ ਵਾਲੀ ਸਿੰਧੂ ਦੇ ਸਾਹਮਣੇ ਆਖ਼ਰੀ ਅੱਠ ਵਿਚ ਡੈਨਮਾਰਕ ਦੀ ਮੀਆ ਬਲਿਚਫੇਲਟ ਦੀ ਚੁਣੌਤੀ ਹੋਵੇਗੀ। ਮਰਦ ਸਿੰਗਲਜ਼ ਵਿਚ ਸ਼੍ਰੀਕਾਂਤ ਦੇ ਸਾਹਮਣੇ ਕੁਆਰਟਰ ਫਾਈਨਲ ਵਿਚ ਸਾਬਕਾ ਵਿਸ਼ਵ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਟਾ ਨਿਸ਼ਿਮੋਤੋ ਦੀ ਸਖ਼ਤ ਚੁਣੌਤੀ ਹੋਵੇਗੀ। ਕਿਰਨ ਜਾਰਜ ਤੇ ਪਿ੍ਰਆਂਸ਼ੂ ਰਾਜਾਵਤ ਦੂਜੇ ਗੇੜ ਵਿਚ ਹਾਰ ਕੇ ਮਰਦ ਸਿੰਗਲਜ਼ ਮੁਕਾਬਲੇ ’ਚੋਂ ਬਾਹਰ ਹੋ ਗਏ ਹਨ।

Posted By: Jaswinder Duhra