ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਹਾਕੀ ਵਿਸ਼ਵ ਕੱਪ ਵਿਚ ਇੰਗਲੈਂਡ ਨਾਲ ਗੋਲਰਹਿਤ ਡਰਾਅ ਖੇਡਣ ਤੋਂ ਬਾਅਦ ਭਾਰਤ ਦਾ ਰਾਹ ਹੁਣ ਮੁਸ਼ਕਲ ਹੋ ਗਿਆ ਹੈ। ਹਾਰਦਿਕ ਸਿੰਘ ਦੇ ਬਿਹਤਰੀਨ ਪ੍ਰਦਰਸ਼ਨ ਦੇ ਬਾਵਜੂਦ ਮੇਜ਼ਬਾਨ ਟੀਮ ਇੰਗਲੈਂਡ ਖ਼ਿਲਾਫ਼ ਜਿੱਤ ਦਰਜ ਨਹੀਂ ਕਰ ਸਕੀ। ਪਹਿਲਾਂ ਹੀ ਗਰੁੱਪ ਡੀ ਨੂੰ ਗਰੁੱਪ ਆਫ ਡੈੱਥ ਕਿਹਾ ਜਾ ਰਿਹਾ ਹੈ। ਭਾਰਤ-ਇੰਗਲੈਂਡ ਦੇ ਸਖ਼ਤ ਮੁਕਾਬਲੇ ਤੋਂ ਬਾਅਦ ਹੁਣ ਗਰੁੱਪ ਦਾ ਭਵਿੱਖ 19 ਜਨਵਰੀ ਨੂੰ ਹੋਣ ਵਾਲੇ ਮੈਚਾਂ 'ਤੇ ਨਿਰਭਰ ਹੈ। ਭਾਰਤ ਨੂੰ ਹੁਣ ਸਿਰਫ਼ ਵੇਲਜ਼ ਖ਼ਿਲਾਫ਼ ਜਿੱਤ ਨਹੀਂ ਦਰਜ ਕਰਨੀ ਪਵੇਗੀ, ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਜਿੱਤਣਾ ਪਵੇਗਾ। ਨਾਲ ਹੀ ਉਹ ਇਹ ਚਾਹੁਣਗੇ ਕਿ ਇੰਗਲੈਂਡ ਨਾਲ ਗੋਲ ਦਾ ਫ਼ਰਕ ਸਪੇਨ ਖ਼ਿਲਾਫ਼ ਉਨ੍ਹਾਂ ਦੇ ਮੁਕਾਬਲੇ ਵਿਚ ਖ਼ਤਮ ਹੋ ਜਾਏ। ਭਾਰਤੀ ਟੀਮ ਨੂੰ ਚੌਕਸ ਰਹਿਣ ਦੀ ਲੋੜ ਹੈ। ਹਾਲਾਂਕਿ ਇਹ ਇੰਨਾ ਸੌਖਾ ਨਹੀਂ ਹੈ, ਫਿਰ ਵੀ ਜੇ ਭਾਰਤ ਵੇਲਜ਼ ਤੋਂ ਹਾਰ ਜਾਂਦਾ ਹੈ ਤਾਂ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਜਾਣਾ ਪਵੇਗਾ। ਜੇ ਉਸ ਨੇ ਕ੍ਰਾਸ ਓਵਰ ਮੁਕਾਬਲੇ ਨਹੀਂ ਖੇਡਣੇ ਹਨ ਤਾਂ ਵੇਲਜ਼ ਨੂੰ ਵੱਡੇ ਫ਼ਰਕ ਨਾਲ ਹਰਾਉਣਾ ਪਵੇਗਾ।

ਕਿਸੇ ਵੀ ਟੂਰਨਾਮੈਂਟ ਵਿਚ ਆਮ ਤੌਰ 'ਤੇ ਗੁਰੱਪ ਦੀਆਂ ਸਿਖਰਲੀਆਂ ਦੋ ਟੀਮਾਂ ਨੂੰ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਮਿਲਦਾ ਹੈ ਪਰ ਹਾਕੀ ਦੇ ਨਿਯਮਾਂ ਵਿਚ ਤਿੰਨ ਸਾਲ ਪਹਿਲਾਂ ਤਬਦੀਲੀ ਕੀਤੀ ਗਈ ਹੈ। ਹੁਣ ਟੂਰਨਾਮੈਂਟ ਫਾਰਮੈਟ ਮੁਤਾਬਕ, ਚਾਰ ਪੂਲਾਂ ਵਿਚੋਂ ਸਿਖਰਲੀਆਂ ਚਾਰ ਟੀਮਾਂ ਸਿੱਧਾ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ ਜਦਕਿ ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਦੂਜੇ ਗਰੁੱਪ ਦੇ ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨਾਲ ਕ੍ਰਾਸਓਵਰ ਮੈਚ ਖੇਡਣੇ ਪੈਣਗੇ। ਕ੍ਰਾਸ ਓਵਰ ਮੈਚਾਂ ਦਾ ਜੇਤੂ ਕੁਆਰਟਰ ਫਾਈਨਲ ਦੇ ਬਾਕੀ ਬਚੇ ਚਾਰ ਸਥਾਨ ਹਾਸਲ ਕਰੇਗਾ। ਮੰਨ ਲਓ ਜੇ ਭਾਰਤ ਗਰੁੱਪ ਡੀ ਵਿਚ ਦੂਜੇ ਸਥਾਨ 'ਤੇ ੇਰਹਿੰਦਾ ਹੈ ਤਾਂ ਉਸ ਨੂੰ ਕ੍ਰਾਸਓਵਰ ਮੈਚ ਵਿਚ ਗਰੁੱਪ ਸੀ ਵਿਚ ਿਫ਼ਲਹਾਲ ਤੀਜੇ ਸਥਾਨ 'ਤੇ ਚੱਲ ਰਹੀ ਮਲੇਸ਼ੀਆ ਨਾਲ ਭਿੜਨਾ ਪਵੇਗਾ। ਉਥੇ ਗਰੁੱਪ ਏ ਦੇ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ ਗਰੁੱਪ ਸੀ ਦੇ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਨਾਲ ਭਿੜਨਾ ਪਵੇਗਾ। ਗਰੁੱਪ ਸੀ ਵਿਚ ਨੀਦਰਲੈਂਡ, ਨਿਊਜ਼ੀਲੈਂਡ, ਮਲੇਸ਼ੀਆ ਤੇ ਚਿਲੀ ਦੀਆਂ ਟੀਮਾਂ ਸ਼ਾਮਲ ਹਨ।

ਿਫ਼ਲਹਾਲ ਜੋ ਸਥਿਤੀ ਹੈ ਉਸ ਵਿਚ ਸ਼ੁਰੂਆਤੀ ਦੋ ਮੈਚਾਂ ਵਿਚ ਭਾਰਤ ਦੇ ਕੋਲ ਚਾਰ ਅੰਕ ਹਨ। ਇੰਨੇ ਹੀ ਅੰਕ ਇੰਗਲੈਂਡ ਕੋਲ ਵੀ ਹਨ। ਇੰਗਲੈਂਡ ਗੋਲ ਫ਼ਰਕ ਦੇ ਕਾਰਨ ਅੰਕ ਸੂਚੀ ਵਿਚ ਸਿਖਰ 'ਤੇ ਹੈ। ਉਥੇ ਭਾਰਤ ਦੂਜੇ ਸਥਾਨ 'ਤੇ ਹੈ। ਮੌਜੂਦਾ ਸਮੇਂ ਵਿਚ ਦੋਵੇਂ ਟੀਮਾਂ ਕੁਆਰਟਰ ਫਾਈਨਲ ਵਿਚ ਥਾਂ ਬਣਾਉਣ ਦੀ ਸਥਿਤੀ ਵਿਚ ਹਨ। ਐਤਵਾਰ ਨੂੰ ਇੰਗਲੈਂਡ ਤੇ ਭਾਰਤ ਵਿਚਾਲੇ ਖੇਡੇ ਗਏ ਮੈਚ ਦੇ ਨਤੀਜੇ ਤੋਂ ਬਾਅਦ ਹਾਕੀ ਪੰਡਿਤ ਵੀ ਕਿਆਸ ਲਾਉਣ ਤੋਂ ਿਝਜਕ ਰਹੇ ਹਨ। ਸਿਖਰਲੇ ਦੋ ਸਥਾਨਾਂ ਵਿਚ ਕੋਈ ਫੇਰਬਦਲ ਨਾ ਹੋਣ ਦੇ ਬਾਵਜੂਦ ਕਾਫੀ ਉਲਟਫੇਰ ਦੇਖਣ ਨੂੰ ਮਿਲਿਆ। 19 ਜਨਵਰੀ ਨੂੰ ਵੇਲਜ਼ 'ਤੇ ਸਪੇਨ ਦੀ ਜਿੱਤ ਦਾ ਮਤਲਬ ਹੈ ਕਿ ਵੇਲਜ਼ ਦਾ ਟੂਰਨਾਮੈਂਟ ਤੋਂ ਬਾਹਰ ਹੋਣਾ ਲਗਭਗ ਤੈਅ ਹੈ। ਉਥੇ ਸਪੇਨ ਤਿੰਨ ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਹੈ ਤੇ ਉਹ ਭਾਰਤ ਤੇ ਇੰਗਲੈਂਡ ਤੋਂ ਪਿੱਛੇ ਹੈ।

ਆਖ਼ਰੀ ਗਰੁੱਪ ਮੈਚ ਵਿਚ ਭਾਰਤ ਨੂੰ ਆਖ਼ਰੀ ਅੱਠ ਵਿਚ ਥਾਂ ਬਣਾਉਣ ਲਈ ਸਪੇਨ ਦੇ ਨਤੀਜੇ ਨੂੰ ਵੀ ਦੇਖਣਾ ਪਵੇਗਾ। ਵੀਰਵਾਰ ਨੂੰ ਮੇਜ਼ਬਾਨ ਟੀਮ ਵੇਲਜ਼ ਦੇ ਨਾਲ ਖੇਡੇਗੀ ਜੋ ਟੂਰਨਾਮੈਂਟ ਵਿਚ ਅਜੇ ਤਕ ਇਕ ਵੀ ਮੈਚ ਨਹੀਂ ਜਿੱਤ ਸਕੀ ਹੈ। ਉਸੇ ਦਿਨ ਸਪੇਨ ਦੇ ਸਾਹਮਣੇ ਇੰਗਲੈਂਡ ਹੋਵੇਗਾ। ਭਾਰਤੀ ਪ੍ਰਸ਼ੰਸਕ ਚਾਹੁਣਗੇ ਕਿ ਸਪੇਨ ਹੱਥੋਂ ਇੰਗਲੈਂਡ ਹਾਰ ਜਾਏ ਹਾਲਾਂਕਿ ਇੰਗਲੈਂਡ ਦੀ ਮੌਜੂਦਾ ਲੈਅ ਨੂੰ ਦੇਖਦੇ ਹੋਏ ਅਜਿਹਾ ਸੋਚਣਾ ਵੀ ਮੁਸ਼ਕਲ ਹੈ। ਭਾਰਤ ਲਈ ਇਕ ਜਿੱਤ ਉਨ੍ਹਾਂ ਨੂੰ ਆਖ਼ਰੀ ਅੱਠ ਦੀ ਟਿਕਟ ਦੇ ਦੇਵੇਗੀ। ਭਾਰਤ ਡਰਾਅ ਖੇਡਦਾ ਹੈ ਤੇ ਸਪੇਨ ਦੀ ਹਾਰ ਜਾਂ ਇੰਗਲੈਂਡ ਖ਼ਿਲਾਫ਼ ਡਰਾਅ ਹੋਣ 'ਤੇ ਵੀ ਭਾਰਤ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰੇਗਾ। ਹਾਲਾਂਕਿ ਵੇਲਜ਼ ਨੂੰ ਵੱਡੇ ਫ਼ਰਕ ਨਾਲ ਹਰਾਉਣਾ ਪਵੇਗਾ।

ਵੇਲਜ਼ ਖ਼ਿਲਾਫ਼ ਹਾਰ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਸਕਦੀ ਹੈ। ਹਾਲਾਂਕਿ ਅਜਿਹਾ ਹੋਣਾ ਅੌਖਾ ਹੈ। ਜੇ ਇੰਗਲੈਂਡ ਖ਼ਿਲਾਫ਼ ਸਪੇਨ ਹਾਰ ਜਾਂਦਾ ਹੈ ਤਾਂ ਭਾਰਤੀ ਟੀਮ ਗੋਲ ਫ਼ਰਕ ਨੂੰ ਖ਼ਤਮ ਕਰ ਕੇ ਆਖ਼ਰੀ ਅੱਠ ਵਿਚ ਥਾਂ ਬਣਾ ਸਕਦੀ ਹੈ। ਜੇ ਭਾਰਤ ਹਾਰ ਜਾਂਦਾ ਹੈ ਤੇ ਸਪੇਨ ਡਰਾਅ ਖੇਡ ਲੈਂਦਾ ਹੈ ਤਾਂ ਫਿਰ ਭਾਰਤ ਨੂੰ ਟੂਰਨਾਮੈਂਟ ਤੋਂ ਬਾਹਰ ਜਾਣਾ ਪਵੇਗਾ। ਮੇਜ਼ਬਾਨ ਟੀਮ ਲਈ ਇਹ ਚੰਗੀ ਗੱਲ ਹੈ ਕਿ ਇੰਗਲੈਂਡ-ਸਪੇਨ ਤੋਂ ਬਾਅਦ ਭਾਰਤ ਦਾ ਮੁਕਾਬਲਾ ਹੋਵੇਗਾ ਤਦ ਤਕ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ। ਭਾਰਤੀ ਟੀਮ ਫਿਰ ਲੋੜ ਮੁਤਾਬਕ ਨਤੀਜੇ ਲਈ ਮੈਦਾਨ 'ਤੇ ਉਤਰੇਗੀ।

Posted By: Gurinder Singh