ਨਵੀਂ ਦਿੱਲੀ (ਪੀਟੀਆਈ) : ਦੇਸ਼ ਦੇ ਮੁੱਖ ਪੈਰਾ ਬੈਡਮਿੰਟਨ ਖਿਡਾਰੀਆਂ ਪ੍ਰਮੋਦ ਭਗਤ ਅਤੇ ਸੁਕਾਂਤ ਕਦਮ ਦੀਆਂ ਪੈਰਾ-ਓਲੰਪਿਕ ਦੀਆਂ ਤਿਆਰੀਆਂ ਨੂੰ ਝਟਕਾ ਲੱਗਾ ਹੈ ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਨਵੇਂ ਕੁਆਰੰਟਾਈਨ ਨਿਯਮਾਂ ਦੇ ਮੱਦੇਨਜ਼ਰ ਭਾਰਤੀ ਟੀਮ ਸਪੈਨਿਸ਼ ਇੰਟਰਨੈਸ਼ਨਲ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਸਕੇਗੀ।

ਟੂਰਨਾਮੈਂਟ 11 ਤੋਂ 16 ਮਈ ਤਕ ਹੋਣ ਹੈ ਪਰ ਸਪੇਨ ਨੇ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਲਈ 10 ਦਿਨ ਦਾ ਲਾਜ਼ਮੀ ਕੁਆਰੰਟਾਈਨ ਲਾਗੂ ਕੀਤਾ ਹੈ ਜਿਸ ਕਾਰਨ ਖਿਡਾਰੀਆਂ ਲਈ ਟੂਰਨਾਮੈਂਟ 'ਚ ਹਿੱਸਾ ਲੈਣਾ ਮੁਮਕਿਨ ਨਹੀਂ ਹੈ।

ਭਗਤ ਨੇ ਕਿਹਾ, 'ਦੁਬਈ ਪੈਰਾ ਬੈਡਮਿੰਟਨ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਪੈਨਿਸ਼ ਇੰਟਰਨੈਸ਼ਨਲ 'ਚ ਹਿੱਸਾ ਲੈਣ ਬਾਰੇ ਉਤਸੁਕ ਸੀ ਕਿਉਂਕਿ ਇਹ ਪੈਰਾ-ਓਲੰਪਿਕ ਤੋਂ ਪਹਿਲਾਂ ਆਖ਼ਰੀ ਟੂਰਨਾਮੈਂਟ ਸੀ। ਮੈਂ ਇਸ ਦਾ ਇਸਤੇਮਾਲ ਟੋਕੀਓ 'ਚ ਪੈਰਾ-ਓਲੰਪਿਕ ਦੀਆਂ ਤਿਆਰੀਆਂ ਦੇ ਮੌਕੇ ਵਜੋਂ ਕਰਨਾ ਚਾਹੁੰਦਾ ਸੀ ਪਰ ਮੈਂ ਸਮਝ ਸਕਦਾ ਹਾਂ ਕਿ ਇਹ ਮੁਸ਼ਕਲ ਸਮਾਂ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਕੋਵਿਡ ਸਬੰਧੀ ਨਿਯਮਾਂ ਦੀ ਪਾਲਣਾ ਕਰਨ ਅਤੇ ਸੁਰੱਖਿਅਤ ਰਹਿਣ।

ਭਗਤ ਅਤੇ ਕਦਮ ਭਾਰਤੀ ਟੀਮ ਦਾ ਹਿੱਸਾ ਸਨ ਜਿਸ ਨੇ ਪਿਛਲੇ ਮਹੀਨੇ ਦੁਬਈ ਪੈਰਾ ਬੈਡਮਿੰਟਨ ਇੰਟਰਨੈਸ਼ਨਲ 'ਚ ਚਾਰ ਗੋਲਡ, ਛੇ ਸਿਲਵਰ ਅਤੇ ਸੱਤ ਕਾਂਸੇ ਮੈਡਲ ਜਿੱਤੇ। ਦੁਨੀਆ ਦੇ ਨੰਬਰ ਇਕ ਖਿਡਾਰੀ ਭਗਤ ਨੇ ਹਮਵਤਨ ਕੁਮਾਰ ਨਿਤੇਸ਼ ਨੰੂ ਐੱਸਐੱਲ-3 ਪੁਰਸ਼ ਸਿੰਗਲਜ਼ ਫਾਈਨਲ 'ਚ ਹਰਾ ਕੇ ਗੋਲਡ ਮੈਡਲ ਜਿੱਤਿਆ। ਉਨ੍ਹਾਂ ਮਨੋਜ ਸਰਕਾਰ ਨਾਲ ਮਿਲ ਕੇ ਪੁਰਸ਼ ਡਬਲਜ਼ ਐੱਸਐੱਲ-3, ਐੱਸਐੱਲ-4 ਮੁਕਾਬਲੇ 'ਚ ਵੀ ਗੋਲਡ ਮੈਡਲ ਜਿੱਤਿਆ।

ਐੱਸਐੱਲ-4 ਪੁਰਸ਼ ਸਿੰਗਲਜ਼ 'ਚ ਸਿਲਵਰ ਮੈਡਲ ਜਿੱਤਣ ਵਾਲੇ ਕਦਮ ਨੇ ਕਿਹਾ, 'ਹਾਂ, ਇਸ ਨਾਲ ਸਾਡੀਆਂ ਤਿਆਰੀਆਂ 'ਤੇ ਅਸਰ ਪਵੇਗਾ ਕਿਉਂਕਿ ਅਸੀਂ ਪੈਰਾ-ਓਲੰਪਿਕ ਤੋਂ ਪਹਿਲਾਂ ਵੱਧ ਤੋਂ ਵੱਧ ਮੁਕਾਬਲੇ ਵਾਲੇ ਟੂਰਨਾਮੈਂਟ ਖੇਡਣਾ ਚਾਹੁੰਦੇ ਸੀ। ਮੈਂ ਇਸ ਟੂਰਨਾਮੈਂਟ ਲਈ ਖ਼ਾਸ ਤੌਰ 'ਤੇ ਉਤਸ਼ਾਹਿਤ ਸੀ ਕਿਉਂਕਿ ਇੱਥੇ ਗੋਲਡ ਮੈਡਲ ਜਿੱਤ ਕੇ ਮੈਂ ਰੇਸ ਟੂ ਟੋਕੀਓ ਰੈਕਿੰਗ 'ਚ ਚੌਥੇ ਨੰਬਰ 'ਤੇ ਪਹੁੰਚ ਸਕਦਾ ਸੀ ਪਰ ਅਸੀਂ ਇਸ ਫ਼ੈਸਲੇ ਦਾ ਸਨਮਾਨ ਕਰਦੇ ਹਾਂ ਅਤੇ ਸਖ਼ਤ ਮਿਹਨਤ ਕਰਾਂਗੇ ਅਤੇ ਪੈਰਾ-ਓਲੰਪਿਕ 'ਚ ਚੰਗਾ ਪ੍ਰਦਰਸ਼ਨ ਕਰਾਂਗੇ।