ਬੈਂਕਾਕ (ਪੀਟੀਆਈ) : ਭਾਰਤੀ ਮਰਦ ਬੈਡਮਿੰਟਨ ਟੀਮ ਨੇ ਸੋਮਵਾਰ ਨੂੰ ਇੱਥੇ ਕੈਨੇਡਾ ਨੂੰ ਗਰੁੱਪ ਮੁਕਾਬਲੇ ਵਿਚ 5-0 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ ਥਾਮਸ ਕੱਪ ਦੇ ਨਾਕਆਊਟ ਗੇੜ ਵਿਚ ਥਾਂ ਬਣਾਈ। ਪਹਿਲੇ ਮੈਚ ਵਿਚ ਜਰਮਨੀ ਨੂੰ 5-0 ਨਾਲ ਹਰਾਉਣ ਵਾਲੀ ਭਾਰਤੀ ਮਰਦ ਟੀਮ ਦਾ ਗਰੁੱਪ-ਸੀ ਵਿਚ ਸਿਖਰਲੇ ਦੋ ਵਿਚ ਥਾਂ ਬਣਾਉਣਾ ਤੈਅ ਹੈ ਜਿਸ ਨਾਲ ਟੀਮ ਨੇ ਨਾਕਆਊਟ ਗੇੜ ਲਈ ਕੁਆਲੀਫਾਈ ਕਰ ਲਿਆ।

ਵਿਸ਼ਵ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਕਿਦਾਂਬੀ ਸ਼੍ਰੀਕਾਂਤ ਨੇ ਇਕ ਗੇਮ ਨਾਲ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਬਰਾਇਨ ਯੈਂਗ ਨੂੰ 52 ਮਿੰਟ ਵਿਚ 20-22, 21-11, 21-15 ਨਾਲ ਹਰਾ ਕੇ ਭਾਰਤ ਨੂੰ ਬੜ੍ਹਤ ਦਿਵਾਈ। ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਡਬਲਜ਼ ਮੁਕਾਬਲੇ ਵਿਚ ਜੇਸਨ ਏਂਥੋਨੀ ਤੇ ਕੇਵਿਨ ਲੀ ਨੂੰ ਸਿਰਫ਼ 29 ਮਿੰਟ ਵਿਚ ਹਰਾਇਆ ਜਿਸ ਤੋਂ ਬਾਅਦ ਦੁਨੀਆ ਦੇ 23ਵੇਂ ਨੰਬਰ ਦੇ ਖਿਡਾਰੀ ਐੱਚਐੱਸ ਪ੍ਰਣਯ ਨੇ ਸਿੰਗਲਜ਼ ਮੁਕਾਬਲੇ ਵਿਚ ਬੀਆਰ ਸੰਕੀਰਥ ਨੂੰ 21-15, 21-12 ਨਾਲ ਹਰਾ ਕੇ ਭਾਰਤ ਨੂੰ 3-0 ਦੀ ਜੇਤੂ ਬੜ੍ਹਤ ਦਿਵਾਈ।

ਕ੍ਰਿਸ਼ਨ ਪ੍ਰਸਾਦ ਗਾਰਗਾ ਤੇ ਵਿਸ਼ਣੂਵਰਧਨ ਗੌੜ ਪੰਜਾਲਾ ਦੀ ਭਾਰਤ ਦੀ ਦੂਜੀ ਡਬਲਜ਼ ਜੋੜੀ ਨੇ ਡੋਂਗ ਐਡਮ ਤੇ ਨਾਈਲ ਯਾਕੁਰਾ ਨੂੰ 34 ਮਿੰਟ ਵਿਚ 21-15, 21-11 ਨਾਲ ਹਰਾਇਆ। ਪਿ੍ਰਆਂਸ਼ੂ ਰਾਜਾਵਤ ਨੇ ਇਸ ਤੋਂ ਬਾਅਦ ਵਿਕਟਰ ਲਾਲ ਨੂੰ ਤਿੰਨ ਗੇਮਾਂ ਵਿਚ 52 ਮਿੰਟ ਵਿਚ 21-13, 20-22, 21-14 ਨਾਲ ਹਰਾ ਕੇ ਭਾਰਤ ਦੀ 5-0 ਨਾਲ ਜਿੱਤ ਯਕੀਨੀ ਬਣਾਈ। ਭਾਰਤੀ ਟੀਮ ਗਰੁੱਪ-ਸੀ ਦਾ ਆਪਣਾ ਆਖ਼ਰੀ ਮੁਕਾਬਲਾ ਬੁੱਧਵਾਰ ਨੂੰ ਚੀਨੀ ਤਾਇਪੇ ਖ਼ਿਲਾਫ਼ ਖੇਡੇਗੀ।