ਬੈਂਗਲੁਰੂ (ਪੀਟੀਆਈ) : ਭਾਰਤ ਦੀਆਂ ਮਰਦ ਤੇ ਮਹਿਲਾ ਹਾਕੀ ਟੀਮਾਂ ਟੋਕੀਓ 'ਚ 17 ਅਗਸਤ ਤੋਂ ਸ਼ੁਰੂ ਹੋ ਰਹੇ ਓਲੰਪਿਕ ਟੈਸਟ ਇਵੈਂਟ ਲਈ ਐਤਵਾਰ ਨੂੰ ਰਵਾਨਾ ਹੋ ਗਈਆਂ। ਭਾਰਤ ਦੀਆਂ ਮਰਦ ਤੇ ਮਹਿਲਾ ਟੀਮਾਂ ਨੇ ਇਸੇ ਸਾਲ ਓਲੰਪਿਕ ਕੁਆਲੀਫਾਇੰਗ ਚੈਂਪੀਅਨਸ਼ਿਪ ਵਿਚ ਵੀ ਹਿੱਸਾ ਲੈਣਾ ਹੈ। ਨਵੰਬਰ ਵਿਚ ਹੋਣ ਵਾਲੇ ਕੁਆਲੀਫਾਇਰ ਤੋਂ ਪਹਿਲਾਂ ਦੋਵਾਂ ਟੀਮਾਂ ਨੂੰ ਓਲੰਪਿਕ ਟੈਸਟ ਚੈਂਪੀਅਨਸ਼ਿਪ ਵਿਚ ਚੰਗਾ ਤਜਰਬਾ ਮਿਲਣ ਦੀ ਉਮੀਦ ਹੈ। ਭਾਰਤ ਦੀ ਮਰਦ ਟੀਮ ਮੇਜ਼ਬਾਨ ਜਾਪਾਨ, ਨਿਊਜ਼ੀਲੈਂਡ ਤੇ ਮਲੇਸ਼ੀਆ ਨਾਲ ਖੇਡੇਗੀ ਜਦਕਿ ਮਹਿਲਾ ਟੀਮ ਨੇ ਆਸਟ੍ਰੇਲੀਆ, ਚੀਨ ਤੇ ਜਾਪਾਨ ਦਾ ਸਾਹਮਣਾ ਕਰਨਾ ਹੈ। ਭਾਰਤੀ ਮਰਦ ਟੀਮ ਦੇ ਕਪਤਾਨ ਹਰਮਨਪ੍ਰਰੀਤ ਸਿੰਘ ਨੇ ਕਿਹਾ ਹੈ ਕਿ ਮੇਰਾ ਮੰਨਣਾ ਹੈ ਕਿ ਇਸ ਟੂਰਨਾਮੈਂਟ 'ਚ ਨੌਜਵਾਨਾਂ ਕੋਲ ਛਾਪ ਛੱਡਣ ਦਾ ਚੰਗਾ ਮੌਕਾ ਹੈ ਕਿਉਂਕਿ ਓਲੰਪਿਕ ਕੁਆਲੀਫਾਇਰ ਲਈ ਟੀਮ ਚੋਣ ਤੋਂ ਪਹਿਲਾਂ ਸਾਡੇ 'ਤੇ ਨਜ਼ਰਾਂ ਰਹਿਣਗੀਆਂ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਟੈਸਟ ਇਵੈਂਟ ਨਾਲ ਟੀਮ ਨੂੰ ਟੋਕੀਓ ਦੇ ਹਾਲਾਤ ਨੂੰ ਸਮਝਣ ਦਾ ਮੌਕਾ ਵੀ ਮਿਲੇਗਾ ਜਿੱਥੇ ਅਗਲੇ ਸਾਲ ਓਲੰਪਿਕ ਖੇਡਾਂ ਹੋਣੀਆਂ ਹਨ। ਡਿਫੈਂਡਰ ਡਰੈਗਫਲਿਕਰ ਹਰਮਨਪ੍ਰਰੀਤ ਨੇ ਕਿਹਾ ਕਿ ਅਸੀਂ ਓਲੰਪਿਕ ਕੁਆਲੀਫਿਕੇਸ਼ਨ ਨੂੰ ਲੈ ਕੇ ਸਕਾਰਾਤਮਕ ਹਾਂ। ਇਸ ਥਾਂ 'ਤੇ ਖੇਡਣ ਨਾਲ ਸਾਨੂੰ ਉਥੇ ਦੇ ਹਾਲਾਤ ਨੂੰ ਸਮਝਣ ਵਿਚ ਮਦਦ ਮਿਲੇਗੀ ਤੇ ਅਸੀਂ ਟੂਰਨਾਮੈਂਟ ਵਿਚ ਚੰਗਾ ਪ੍ਰਦਰਸ਼ਨ ਕਰਨ ਨੂੰ ਲੈ ਕੇ ਉਤਸ਼ਾਹਿਤ ਹਾਂ। ਮਹਿਲਾ ਟੀਮ ਦੀ ਕਪਤਾਨ ਰਾਣੀ ਨੇ ਕਿਹਾ ਕਿ ਅਗਲੇ ਟੂਰਨਾਮੈਂਟ ਵਿਚ ਉਨ੍ਹਾਂ ਦੀ ਟੀਮ ਦਾ ਟੀਚਾ ਬਿਹਤਰ ਰੈਂਕਿੰਗ ਵਾਲੇ ਆਸਟ੍ਰੇਲੀਆ ਖ਼ਿਲਾਫ਼ ਉਲਟਫੇਰ ਵਾਲੀ ਜਿੱਤ ਦਰਜ ਕਰਨ ਦਾ ਹੋਵੇਗਾ। ਰਾਣੀ ਨੇ ਟੀਮ ਦੀ ਰਵਾਨਗੀ ਤੋਂ ਪਹਿਲਾਂ ਇੱਥੇ ਕਿਹਾ ਕਿ ਪਿਛਲੇ ਇਕ ਸਾਲ ਵਿਚ ਅਸੀਂ ਜਾਪਾਨ ਤੇ ਚੀਨ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਇਕ ਟੀਮ ਜਿਸ ਖ਼ਿਲਾਫ਼ ਅਸੀਂ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਉਹ ਆਸਟ੍ਰੇਲੀਆ ਹੈ। ਉਨ੍ਹਾਂ ਖ਼ਿਲਾਫ਼ ਜਿੱਤ ਓਲੰਪਿਕ ਕੁਆਲੀਫਾਇਰ ਦੀ ਸਾਡੀ ਤਿਆਰੀ 'ਤੇ ਅਸਰ ਪਾਵੇਗੀ। ਮਰਦ ਟੀਮ ਆਪਣਾ ਪਹਿਲਾ ਮੈਚ ਮਲੇਸ਼ੀਆ ਖ਼ਿਲਾਫ਼ ਖੇਡੇਗੀ ਜਦਕਿ ਮਹਿਲਾ ਟੀਮ 17 ਅਗਸਤ ਨੂੰ ਜਾਪਾਨ ਨਾਲ ਭਿੜੇਗੀ।