ਭੁਵਨੇਸ਼ਵਰ (ਪੀਟੀਆਈ) : ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਭਾਰਤੀ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਇੱਥੇ ਐੱਫਆਈਐੱਚ ਸੀਰੀਜ਼ ਫਾਈਨਲਜ਼ ਟੂਰਨਾਮੈਂਟ ਵਿਚ ਪੋਲੈਂਡ ਨੂੰ ਸਖ਼ਤ ਮੁਕਾਬਲੇ ਵਿਚ 3-1 ਨਾਲ ਮਾਤ ਦਿੱਤੀ। ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਮਨਪ੍ਰੀਤ ਨੇ 21ਵੇਂ ਤੇ 26ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਨੇ 36ਵੇਂ ਮਿੰਟ ਵਿਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਭਾਰਤ ਦੀ ਟੂਰਨਾਮੈਂਟ ਵਿਚ ਲਗਾਤਾਰ ਦੂਜੀ ਜਿੱਤ ਯਕੀਨੀ ਬਣਾਈ। ਪੋਲੈਂਡ ਵੱਲੋਂ ਇਕੋ ਇਕ ਗੋਲ 25ਵੇਂ ਮਿੰਟ ਵਿਚ ਮਾਤੇਉਸਜ ਹੁਲਬੋਜ ਨੇ ਕੀਤਾ।

ਜਿੱਤ ਲਈ ਕਰਨਾ ਪਿਆ ਸੰਘਰਸ਼

ਵਿਸ਼ਵ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਪਰ ਵਿਸ਼ਵ ਦੀ 21ਵੇਂ ਨੰਬਰ ਦੀ ਟੀਮ ਪੋਲੈਂਡ ਨੂੰ ਹਰਾਉਣ ਵਿਚ ਉਸ ਨੂੰ ਸੰਘਰਸ਼ ਕਰਨਾ ਪਿਆ ਖ਼ਾਸਕਰ ਇਸ ਲਈ ਕਿਉਂਕਿ ਭਾਰਤ ਨੇ ਤਿੰਨ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਅਜਲਾਨ ਸ਼ਾਹ ਕੱਪ ਵਿਚ ਪੋਲੈਂਡ ਨੂੰ 10-0 ਨਾਲ ਦਰੜਿਆ ਸੀ।