ਨਵੀਂ ਦਿੱਲੀ (ਪੀਟੀਆਈ) : ਭਾਰਤੀ ਮਹਿਲਾ ਹਾਕੀ ਟੀਮ ਦੀ ਫਾਰਵਰਡ ਖਿਡਾਰੀ ਮੁਮਤਾਜ਼ ਖ਼ਾਨ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਦੱਖਣੀ ਅਫਰੀਕਾ ਵਿਚ ਜੂਨੀਅਰ ਵਿਸ਼ਵ ਕੱਪ ਦੌਰਾਨ ਉਨ੍ਹਾਂ ਦੀ ਸ਼ਾਨਦਾਰ ਭੂਮਿਕਾ ਲਈ ਐੱਫਆਈਐੱਚ ਦੀ ਸਾਲ ਦੀ ਉੱਭਰਦੀ ਹੋਈ ਸਰਬੋਤਮ ਮਹਿਲਾ ਖਿਡਾਰੀ ਚੁਣਿਆ ਗਿਆ।

ਲਖਨਊ ਦੀ ਰਹਿਣ ਵਾਲੀ 19 ਸਾਲਾ ਮੁਮਤਾਜ਼ ਨੇ ਅਪ੍ਰੈਲ ਵਿਚ ਪੋਟਚੇਫਸਟਰੂਮ ਵਿਚ ਭਾਰਤ ਦੇ ਚੌਥੇ ਸਥਾਨ ’ਤੇ ਰਹਿਣ ਦੌਰਾਨ ਛੇ ਮੈਚਾਂ ਵਿਚ ਹੈਟ੍ਰਿਕ ਸਮੇਤ ਅੱਠ ਗੋਲ ਕੀਤੇ ਸਨ। ਉਹ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਗੋਲ ਕਰਨ ਵਾਲਿਆਂ ਦੀ ਸੂਚੀ ਵਿਚ ਤੀਜੇ ਸਥਾਨ ’ਤੇ ਰਹੀ ਸੀ। ਮੁਮਤਾਜ਼ ਨੇ ਇੰਗਲੈਂਡ ਖਿਲਾਫ਼ ਕਾਂਸੇ ਦੇ ਮੈਡਲ ਦੇ ਮੁਕਾਬਲੇ ਵਿਚ 2-2 ਦੀ ਬਰਾਬਰੀ ਦੌਰਾਨ ਭਾਰਤ ਵੱਲੋਂ ਦੋਵੇਂ ਗੋਲ ਕੀਤੇ ਸਨ। ਭਾਰਤ ਨੂੰ ਹਾਲਾਂਕਿ ਸ਼ੂਟਆਊਟ ਵਿਚ ਹਾਰ ਨਾਲ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ ਸੀ। ਮੁਮਤਾਜ਼ ਨੇ ਕਿਹਾ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਮੈਂ ਇਹ ਪੁਰਸਕਾਰ ਜਿੱਤਿਆ ਹੈ। ਸਾਲ ’ਚ ਸਾਡੀ ਪੂਰੀ ਟੀਮ ਦੀ ਮਿਹਨਤ ਰੰਗ ਲਿਆਈ ਹੈ ਤੇ ਮੈਂ ਇਸ ਨੂੰ ਆਪਣੀ ਟੀਮ ਨੂੰ ਸਮਰਪਤ ਕਰਦੀ ਹਾਂ।

ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਹ ਪੁਰਸਕਾਰ ਇਕ ਸੰਕੇਤ ਹੈ ਕਿ ਮੈਂ ਪਿਛਲੇ ਇਕ ਸਾਲ ਵਿਚ ਸਿਖਲਾਈ ਦੌਰਾਨ ਜੋ ਸਖ਼ਤ ਮਿਹਨਤ ਕੀਤੀ ਹੈ ਉਸ ਨਾਲ ਮੈਨੂੰ ਇਕ ਖਿਡਾਰੀ ਦੇ ਰੂਪ ਵਿਚ ਬਹੁਤ ਸੁਧਾਰ ਕਰਨ ਵਿਚ ਮਦਦ ਮਿਲੀ ਹੈ ਪਰ ਇਹ ਮੇਰੇ ਕਰੀਅਰ ਦੀ ਸ਼ੁਰੂਆਤ ਹੈ। ਮੈਂ ਸਿੱਖਣ ਦੀ ਪ੍ਰਕਿਰਿਆ ਜਾਰੀ ਰੱਖਣਾ ਚਾਹੁੰਦੀ ਹਾਂ ਤੇ ਆਪਣੀ ਖੇਡ ਵਿਚ ਸੁਧਾਰ ਲਈ ਸਖ਼ਤ ਮਿਹਨਤ ਜਾਰੀ ਰੱਖਾਂਗੀ।

ਏਂਗਲਬਰਟ ਨੂੰ ਸਿਰਫ਼ ਤਿੰਨ ਅੰਕਾਂ ਨਾਲ ਛੱਡਿਆ ਪਿੱਛੇ :

ਮੁਮਤਾਜ਼ ਨੇ ਬੈਲਜੀਅਮ ਦੀ ਚਾਰਲੋਟ ਏਂਗਲਬਰਟ ਨੂੰ ਸਿਰਫ਼ ਤਿੰਨ ਅੰਕਾਂ ਦੇ ਫ਼ਰਕ ਨਾਲ ਪਛਾਡ਼ਿਆ। ਨੌਜਵਾਨ ਭਾਰਤੀ ਮੁਮਤਾਜ਼ ਨੂੰ ਕੁੱਲ 32.9 ਅੰਕ ਮਿਲੇ ਜਦਕਿ ਏਂਗਲਬਰਟ 29.9 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ। ਨੀਦਰਲੈਂਡ ਦੀ ਲੂਨਾ ਫੋਕੇ 16.9 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਫਰਾਂਸ ਦੇ ਟਿਮੋਥੀ ਕਲੇਮੇਂਟ ਨੂੰ ਐੱਫਆਈਐੱਚ ਦਾ ਸਾਲ ਦਾ ਉੱਭਰਦਾ ਹੋਇਆ ਸਰਬੋਤਮ ਮਰਦ ਖਿਡਾਰੀ ਚੁਣਿਆ ਗਿਆ।

Posted By: Sandip Kaur