ਕਮਲ ਕਿਸ਼ੋਰ, ਜਲੰਧਰ : ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰਰੀਤ ਸਿੰਘ ਦਸੰਬਰ ਮਹੀਨੇ 'ਚ ਮਲੇਸ਼ੀਆ ਦੀ ਰਹਿਣ ਵਾਲੀ ਇੱਲੀ ਸਾਦਿਕ ਨਾਲ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ। ਇਹ ਦੋਵੇਂ ਪਿਛਲੇ ਨੌ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।

ਮਨਪ੍ਰਰੀਤ ਸਿੰਘ ਨੇ ਸਾਲ 2020 'ਚ ਓਲੰਪਿਕ ਤੋਂ ਬਾਅਦ ਵਿਆਹ ਕਰਨ ਦੀ ਯੋਜਨਾ ਬਣਾ ਰੱਖੀ ਸੀ। ਸਾਲ 2020 ਦੇ ਓਲੰਪਿਕ ਮੁਲਤਵੀ ਹੋ ਕੇ ਹੁਣ ਸਾਲ 2021 'ਚ ਹੋਣ ਜਾ ਰਿਹਾ ਹੈ। ਮਨਪ੍ਰਰੀਤ ਇਸੇ ਸਾਲ ਦੋ ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।

ਫਿਲਹਾਲ ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਦੀ ਦਸੰਬਰ ਦੇ ਪਹਿਲੇ ਹਫਤੇ ਦੀ ਤਰੀਕ ਪੱਕੀ ਕੀਤੀ ਸੀ ਪਰ ਹੁਣ ਉਹ ਕੋਰੋਨਾ ਵਾਇਰਸ ਕਾਰਨ ਤੇ ਵਿਦੇਸ਼ 'ਚ ਰਿਸ਼ਤੇਦਾਰ ਹੋਣ ਕਾਰਨ ਤਰੀਕ ਨੂੰ ਅੱਗੇ ਵਧਾਉਣ ਬਾਰੇ ਸੋਚ ਰਹੇ ਹਨ। ਮਨਪ੍ਰਰੀਤ ਦਾ ਵੱਡਾ ਭਰਾ ਅਮਨਦੀਪ ਸਿੰਘ ਇਟਲੀ 'ਚ ਰਹਿੰਦਾ ਹੈ। ਮਨਪ੍ਰਰੀਤ ਦੇ ਭਰਾ ਸੁਖਰਾਜ ਸਿੰਘ ਨੇ ਕਿਹਾ ਕਿ ਵਿਆਹ ਪੰਜਾਬ ਦੇ ਜਲੰਧਰ ਸ਼ਹਿਰ 'ਚ ਹੋਵੇਗਾ। ਫਿਲਹਾਲ ਅਜੇ ਕੋਈ ਵੈਨਿਊ ਫਾਈਨਲ ਨਹੀਂ ਕੀਤਾ ਗਿਆ ਹੈ। ਦਸੰਬਰ 'ਚ ਵਿਆਹ ਹੋਣ ਦੀ ਸੰਭਾਵਨਾ ਫਿਫਟੀ-ਫਿਫਟੀ ਹੈ।

ਮਲੇਸ਼ੀਆ 'ਚ ਜੋਹੋਰਾ ਕੱਪ ਦੌਰਾਨ ਹੋਈ ਸੀ ਮੁਲਾਕਾਤ

ਸਾਲ 2012 'ਚ ਮਲੇਸ਼ੀਆ 'ਚ ਜੋਹੋਰਾ ਕੱਪ ਹੋਇਆ ਸੀ। ਮਨਪ੍ਰਰੀਤ ਸਿੰਘ ਮਲੇਸ਼ੀਆ 'ਚ ਜੂਨੀਅਰ ਇੰਡੀਆ ਟੀਮ ਦੀ ਅਗਵਾਈ ਕਰ ਰਹੇ ਸਨ। ਇੱਲੀ ਸਾਦਿਕ ਸਟੇਡੀਅਮ 'ਚ ਮੈਚ ਵੇਖਣ ਆਈ ਸੀ। ਉਹ ਮਨਪ੍ਰਰੀਤ ਸਿੰਘ ਦੀ ਪ੍ਰਸ਼ੰਸਕ ਸੀ। ਪਹਿਲੀ ਨਜ਼ਰ 'ਚ ਹੀ ਦੋਵੇਂ ਇਕ ਦੂਜੇ ਨੂੰ ਦਿਲ ਦੇ ਬੈਠੇ। ਫਿਰ ਦੋਵਾਂ 'ਚ ਵਿਆਹ ਦੀ ਗੱਲ ਚੱਲੀ।

ਮਨਪ੍ਰੀਤ ਦਾ ਪਹਿਲਾ ਪਿਆਰ ਹੈ ਹਾਕੀ

ਅੱਠ ਮਹੀਨੇ ਪਹਿਲਾਂ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ 'ਚ ਪੁੱਜੇ ਮਨਪ੍ਰੀਤ ਸਿੰਘ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਨ੍ਹਾਂ ਦਾ ਪਹਿਲਾ ਪਿਆਰ ਹਾਕੀ ਹੈ। ਵਿਆਹ ਤੋਂ ਬਾਅਦ ਵੀ ਹਾਕੀ ਨਾਲ ਪਿਆਰ ਰਹੇਗਾ।