ਨਵੀਂ ਦਿੱਲੀ (ਪੀਟੀਆਈ) : ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ (ਸਾਈ) ਕੇਂਦਰ ਵਿਚ ਓਲੰਪਿਕ ਦੀ ਤਿਆਰੀ ਵਿਚ ਰੁੱਝੇ ਭਾਰਤੀ ਹਾਕੀ ਖਿਡਾਰੀ ਕੋਰੋਨਾ ਕਾਰਨ ਕੰਪਲੈਕਸ 'ਚੋਂ ਬਾਹਰ ਨਹੀਂ ਜਾ ਸਕਦੇ ਲਿਹਾਜ਼ਾ ਅਭਿਆਸ ਤੋਂ ਬਾਅਦ ਦੇ ਸਮੇਂ ਦਾ ਚੰਗਾ ਇਸਤੇਮਾਲ ਅੰਗਰੇਜ਼ੀ ਸੁਧਾਰਨ, ਕਿਤਾਬਾਂ ਪੜ੍ਹਨ ਤੇ ਆਪਣੀਆਂ ਮਨਪਸੰਦ ਬਾਲੀਵੁਡ ਫਿਲਮਾਂ ਦੇਖਣ ਵਿਚ ਬਿਤਾ ਰਹੇ ਹਨ। ਟੋਕੀਓ ਓਲੰਪਿਕ ਲਈ ਭਾਰਤ ਦੀ ਮਰਦ ਤੇ ਮਹਿਲਾ ਹਾਕੀ ਟੀਮਾਂ ਆਪਣੇ ਤੈਅ ਪ੍ਰਰੋਗਰਾਮ ਮੁਤਾਬਕ ਹੀ ਅਭਿਆਸ ਕਰ ਰਹੀਆਂ ਹਨ। ਪਹਿਲਾਂ ਇਨ੍ਹਾਂ ਖਿਡਾਰੀਆਂ ਨੂੰ ਬ੍ਰੇਕ ਮਿਲਣੀ ਸੀ ਪਰ ਫਿਰ ਉਨ੍ਹਾਂ ਨੂੰ ਸਾਈ ਕੇਂਦਰ ਵਿਚ ਹੀ ਰਹਿਣ ਲਈ ਕਿਹਾ ਗਿਆ। ਖਿਡਾਰੀ ਕੰਪਲੈਕਸ 'ਚੋਂ ਬਾਹਰ ਨਹੀਂ ਜਾ ਸਕਦੇ ਤੇ ਨਾ ਹੀ ਕੋਈ ਅਣ ਅਧਿਕਾਰਕਤ ਵਿਅਕਤੀ ਕੰਪਲੈਕਸ ਦੇ ਅੰਦਰ ਆ ਸਕਦਾ ਹੈ। ਇਸ ਕਾਰਨ ਸਖ਼ਤ ਅਭਿਆਸ ਵਿਚਾਲੇ ਮਨੋਰੰਜਨ ਦੇ ਸਾਰਿਆਂ ਦੇ ਆਪਣੇ ਤਰੀਕੇ ਹਨ। ਮਰਦ ਟੀਮ ਦੇ ਸੀਨੀਅਰ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਕਿਹਾ ਕਿ ਉਂਝ ਤਾਂ ਸਾਡਾ ਅਭਿਆਸ ਦਾ ਸਮਾਂ ਕਾਫੀ ਰੁੱਿਝਆ ਹੈ ਪਰ ਐਤਵਾਰ ਤੇ ਬੁੱਧਵਾਰ ਦੀ ਸ਼ਾਮ ਛੁੱਟੀ ਰਹਿੰਦੀ ਹੈ। ਇਸ ਕਾਰਨ ਅਸੀਂ ਫਿਟਨੈੱਸ ਤੇ ਰਿਕਵਰੀ 'ਤੇ ਜ਼ਿਆਦਾ ਧਿਆਨ ਦਿੰਦੇ ਹਾਂ। ਮੈਂ ਦਾ ਵਿੰਚੀ ਕੋਡ, ਹੇਲਰ ਕੇਲਰ ਦੀ ਆਤਮਕਥਾ ਪੜ੍ਹੀ ਹੈ ਤੇ ਕੁਝ ਚੰਗੀਆਂ ਕਿਤਾਬਾਂ ਨੂੰ ਪੜ੍ਹਣਾ ਚਾਹੁੰਦਾ ਹਾਂ। ਮੇਰੇ ਪਾਪਾ 60 ਤੋਂ ਜ਼ਿਆਦਾ ਉਮਰ ਦੇ ਹਨ ਤੇ ਬੱਚੇ ਸੱਤ ਸਾਲ ਤੋਂ ਛੋਟੇ ਹਨ। ਮੈਂ ਉਨ੍ਹਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਹਦਾਇਤ ਦਿੱਤੀ ਹੈ। ਉਥੇ ਜਲੰਧਰ ਦੇ ਰਹਿਣ ਵਾਲੇ ਭਾਰਤ ਦੇ ਸਟਾਰ ਫਾਰਵਰਡ ਮਨਦੀਪ ਸਿੰਘ ਨੇ ਕਿਹਾ ਕਿ ਸਾਰੇ ਖਿਡਾਰੀ ਆਪਣੀ ਅੰਗਰੇਜ਼ੀ ਸੁਧਾਰਣ 'ਤੇ ਜ਼ੋਰ ਦੇ ਰਹੇ ਹਨ ਜਿਸ ਲਈ ਹੋਮਵਰਕ ਵੀ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਕ੍ਰਿਸ ਸੀਰੀਏਲੋ (ਭਾਰਤੀ ਟੀਮ ਦੇ ਵਿਸ਼ਲੇਸ਼ਣ ਕੋਚ) ਦੀ ਪਤਨੀ ਹਫਤੇ ਵਿਚ ਇਕ ਵਾਰ ਖਿਡਾਰੀਆਂ ਦੀ ਅੰਗਰੇਜ਼ੀ ਦੀ ਕਲਾਸ ਲੈਂਦੀ ਹੈ। ਅਸੀਂ ਕਿਤਾਬਾਂ ਪੜ੍ਹ ਕੇ ਹੋਮਵਰਕ ਕਰਦੇ ਹਾਂ ਤੇ ਇਸ ਵਿਚ ਮਜ਼ਾ ਆ ਰਿਹਾ ਹੈ। ਮੈਂ ਓਲੰਪਿਕ 'ਤੇ ਅਧਾਰਤ ਕਿਦਾਬਾਂ ਪੜ੍ਹ ਰਿਹਾਂ ਹਾਂ। ਭਾਰਤੀ ਮਹਿਲਾ ਟੀਮ ਦੀ ਤਜਰਬੇਕਾਰ ਗੋਲਕੀਪਰ ਸਵਿਤਾ ਦੀ ਮਾਂ ਉਨ੍ਹਾਂ ਨੂੰ ਹਰਿਆਣਾ ਦੇ ਸਿਰਸਾ ਤੋਂ ਵੀਡੀਓ ਕਾਲ 'ਤੇ ਰੋਜ਼ ਕੋਰੋਨਾ ਇਨਫੈਕਸ਼ਨ ਤੋਂ ਬਚਣ ਲਈ ਘਰੇਲੂ ਨੁਸਖਾ ਦਿੰਦੀ ਹੈ। ਸਵਿਤਾ ਨੇ ਕਿਹਾ ਕਿ ਅਸੀਂ ਚੰਗਾ ਅਭਿਆਸ ਕਰ ਰਹੇ ਹਾਂ। ਅਸੀਂ ਰੂਮ ਬਦਲ ਕੇ ਆਪਸੀ ਤਾਲਮੇਲ ਹੋਰ ਬਿਹਤਰ ਕਰ ਰਹੇ ਹਾਂ। ਇਸ ਤੋਂ ਇਲਾਵਾ ਤੈਰਾਕੀ ਵੀ ਕਰਦੇ ਹਾਂ।