ਨਵੀਂ ਦਿੱਲੀ (ਪੀਟੀਆਈ) : ਵਿਸ਼ਵ ਕੱਪ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਮਰਦ ਹਾਕੀ ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਤੇ ਸਹਿਯੋਗੀ ਸਟਾਫ ਦੇ ਦੋ ਹੋਰ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ ਜਿਸ ਨੂੰ ਹਾਕੀ ਇੰਡੀਆ ਨੇ ਸਵੀਕਾਰ ਕਰ ਲਿਆ।

ਰੀਡ ਦੇ ਕੋਚ ਰਹਿੰਦੇ ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਓਡੀਸ਼ਾ ਵਿਚ ਹੋਏ ਵਿਸ਼ਵ ਕੱਪ ਵਿਚ ਕੁਆਰਟਰ ਫਾਈਨਲ ਵਿਚ ਥਾਂ ਨਹੀਂ ਬਣਾ ਸਕੀ ਤੇ ਨੌਵੇਂ ਸਥਾਨ 'ਤੇ ਰਹੀ। ਰੀਡ ਤੋਂ ਇਲਾਵਾ ਵਿਸ਼ਲੇਸ਼ਣ ਕੋਚ ਗ੍ਰੇਗ ਕਲਾਰਕ ਤੇ ਵਿਗਿਆਨਕ ਸਲਾਹਕਾਰ ਮਿਸ਼ੇਲ ਡੇਵਿਡ ਪੇਂਬਰਟਨ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਤਿੰਨੇ ਅਗਲੇ ਮਹੀਨੇ ਨੋਟਿਸ ਪੀਰੀਅਡ ਵਿਚ ਰਹਿਣਗੇ। ਰੀਡ ਤੇ ਉਨ੍ਹਾਂ ਦੀ ਟੀਮ ਦੇ ਨਾਲ ਭਾਰਤ ਨੇ 41 ਸਾਲ ਬਾਅਦ ਓਲੰਪਿਕ ਕਾਂਸੇ ਦਾ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ ਟੀਮ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਸਿਲਵਰ ਤੇ ਐੱਫਆਈਐੱਚ ਪ੍ਰਰੋ ਲੀਗ 2021-22 ਸੈਸ਼ਨ ਵਿਚ ਤੀਜਾ ਸਥਾਨ ਹਾਸਲ ਕੀਤਾ ਸੀ। ਹਾਕੀ ਇੰਡੀਆ ਮੁਤਾਬਕ ਰੀਡ ਨੇ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੂੰ ਵਿਸ਼ਵ ਕੱਪ ਖ਼ਤਮ ਹੋਣ ਤੋਂ ਇਕ ਦਿਨ ਬਾਅਦ ਅਸਤੀਫ਼ਾ ਸੌਂਪਿਆ। ਟਿਰਕੀ ਤੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਟੀਮ ਦੇ ਪ੍ਰਦਰਸ਼ਨ 'ਤੇ ਚਰਚਾ ਲਈ ਰੀਡ ਤੇ ਹੋਰ ਸਹਿਯੋਗੀ ਸਟਾਫ ਨਾਲ ਮੁਲਾਕਾਤ ਕੀਤੀ ਸੀ। ਰੀਡ ਨੇ ਕਿਹਾ ਕਿ ਹੁਣ ਮੇਰੇ ਲਈ ਵੱਖ ਹੋਣ ਤੇ ਨਵੀਂ ਮੈਨੇਜਮੈਂਟ ਦਾ ਕਮਾਨ ਸੌਂਪਣ ਦਾ ਸਮਾਂ ਹੈ। ਇਸ ਟੀਮ ਤੇ ਹਾਕੀ ਇੰਡੀਆ ਨਾਲ ਕੰਮ ਕਰਨ ਵਿਚ ਬਹੁਤ ਮਜ਼ਾ ਆਇਆ। ਇਸ ਸ਼ਾਨਦਾਰ ਸਫ਼ਰ ਦੇ ਹਰ ਪਲ਼ ਦਾ ਮੈਂ ਆਨੰਦ ਲਿਆ। ਟੀਮ ਨੂੰ ਭਵਿੱਖ ਲਈ ਸ਼ੁੱਭ ਕਾਮਨਾਵਾਂ। ਹਾਕੀ ਇੰਡੀਆ ਦੇ ਪ੍ਰਧਾਨ ਟਿਰਕੀ ਨੇ ਕਿਹਾ ਕਿ ਗ੍ਰਾਹਮ ਰੀਡ ਤੇ ਉਨ੍ਹਾਂ ਦੀ ਟੀਮ ਦਾ ਭਾਰਤ ਸਦਾ ਧੰਨਵਾਦੀ ਰਹੇਗਾ ਜਿਨ੍ਹਾਂ ਨੇ ਸਾਨੂੰ ਚੰਗੇ ਨਤੀਜੇ ਦਿੱਤੇ। ਖ਼ਾਸ ਕਰਕੇ ਓਲੰਪਿਕ ਖੇਡ ਵਿਚ। ਹਰ ਯਾਤਰਾ ਵਿਚ ਨਵੇਂ ਪੜਾਅ ਹੁੰਦੇ ਹਨ ਤੇ ਹੁਣ ਸਾਨੂੰ ਵੀ ਟੀਮ ਲਈ ਨਵੀਂ ਸੋਚ ਦੇ ਨਾਲ ਅੱਗੇ ਵਧਣਾ ਪਵੇਗਾ।