ਭੁਵਨੇਸ਼ਵਰ (ਪੀਟੀਆਈ) : ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ਨਿਚਰਵਾਰ ਨੂੰ ਇੱਥੇ ਓਲੰਪਿਕ ਕੁਆਲੀਫਾਇਰ ਦੇ ਦੂਜੇ ਮੁਕਾਬਲੇ ਵਿਚ ਅਮਰੀਕਾ ਹੱਥੋਂ ਹਾਰਨ ਤੋਂ ਬਾਅਦ ਵੀ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਭਾਰਤੀ ਮਹਿਲਾ ਟੀਮ ਨੇ ਪਹਿਲੇ ਮੈਚ ਵਿਚ ਅਮਰੀਕਾ ਨੂੰ 5-1 ਨਾਲ ਹਰਾਇਆ ਸੀ ਜਦਕਿ ਦੂਜੇ ਮੁਕਾਬਲੇ 'ਚ ਭਾਰਤੀ ਟੀਮ ਨੂੰ ਅਮਰੀਕਾ ਹੱਥੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਦੋਵਾਂ ਮੈਚਾਂ ਦੇ ਕੁੱਲ ਗੋਲ ਦੇ ਹਿਸਾਬ ਨਾਲ 6-5 ਨਾਲ ਅੱਗੇ ਰਹਿਣ ਕਾਰਨ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ 'ਚ ਕਾਮਯਾਬ ਰਹੀ। ਭਾਰਤੀ ਮਹਿਲਾ ਟੀਮ ਤਿੰਨਾਂ ਕੁਆਰਟਰਾਂ ਵਿਚ ਪੱਛੜ ਰਹੀ ਸੀ। ਉਸ ਦਾ ਡਿਫੈਂਸ ਬਹੁਤ ਕਮਜ਼ੋਰ ਦਿਖਾਈ ਦਿੱਤਾ ਜਿਸ ਦਾ ਫ਼ਾਇਦਾ ਉਠਾਉਂਦੇ ਹੋਏ ਅਮਰੀਕਾ ਟੀਮ ਟੀਮ ਨੇ ਇਕ ਤੋਂ ਬਾਅਦ ਇਕ ਚਾਰ ਗੋਲ ਕਰ ਦਿੱਤੇ। ਅਮਰੀਕਾ ਲਈ ਪਹਿਲਾ ਗੋਲ ਅਮਾਂਡਾ ਮੇਗਾਡੈਨ ਨੇ ਪੰਜਵੇਂ ਮਿੰਟ ਵਿਚ ਕੀਤਾ। ਇਹ ਗੋਲ ਪੈਨਲਟੀ ਕਾਰਨਰ 'ਤੇ ਕੀਤਾ ਗਿਆ। ਅਮਰੀਕਾ ਲਈ ਦੂਜਾ ਗੋਲ 14ਵੇਂ ਮਿੰਟ ਵਿਚ ਕੈਥਲੀਨ ਸ਼ੈਰਕੀ ਨੇ ਕੀਤਾ। ਛੇ ਮਿੰਟ ਬਾਅਦ ਹੀ ਏਲਿਸਾ ਪਾਰਕਰ ਨੇ 20ਵੇਂ ਮਿੰਟ ਵਿਚ ਗੇਂਦ ਜਾਲ ਵਿਚ ਪਹੁੰਚਾਉਂਦੇ ਹੋਏ ਅਮਰੀਕਾ ਦੀ ਟੀਮ ਨੂੰ 3-0 ਨਾਲ ਬੜ੍ਹਤ ਦਿਵਾ ਦਿੱਤੀ। ਮਹਿਮਾਨ ਟੀਮ ਲਈ 28ਵੇਂ ਮਿੰਟ ਵਿਚ ਅਮਾਂਡਾ ਮੇਗਾਡੈਨ ਨੇ ਚੌਥਾ ਗੋਲ ਕੀਤਾ।

ਰਾਣੀ ਰਾਮਪਾਲ ਨੇ ਦਿੱਤਾ ਖ਼ੁਸ਼ ਹੋਣ ਦਾ ਮੌਕਾ

ਤਿੰਨ ਕੁਆਰਟਰ ਦਾ ਸੰਘਰਸ਼ ਦੇਖ ਕੇ ਭਾਰਤੀ ਪ੍ਰਸ਼ੰਸਕ ਨਿਰਾਸ਼ ਦਿਖਾਈ ਦੇ ਰਹੇ ਸਨ ਤਦ 49ਵੇਂ ਮਿੰਟ ਵਿਚ ਕਪਤਾਨ ਰਾਣੀ ਰਾਮਪਾਲ ਨੇ ਸ਼ਾਨਦਾਰ ਗੋਲ ਕਰਦੇ ਹੋਏ ਉਨ੍ਹਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਲਿਆ ਦਿੱਤੀ। ਭਾਰਤੀ ਟੀਮ ਵੱਲੋਂ ਇਹ ਇਸ ਮੈਚ ਵਿਚ ਕੀਤਾ ਗਿਆ ਇੱਕੋ ਇਕ ਗੋਲ ਸੀ। ਇਸ ਗੋਲ ਤੋਂ ਬਾਅਦ ਭਾਰਤੀ ਟੀਮ ਦਾ ਜਸ਼ਨ ਦੇਖਣ ਵਾਲਾ ਸੀ। ਇਸ ਤੋਂ ਬਾਅਦ ਕੋਈ ਵੀ ਖਿਡਾਰੀ ਗੋਲ ਨਹੀਂ ਕਰ ਸਕਿਆ ਤੇ ਭਾਰਤ ਨੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ।