ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਦੀ ਸੀਨੀਅਰ ਮਹਿਲਾ ਹੈਂਡਬਾਲ ਟੀਮ ਨੇ ਕੋਰੀਆ ਵਿਚ ਕਰਵਾਈ ਗਈ 19ਵੀਂ ਏਸ਼ੀਅਨ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਵਿਚ ਛੇਵਾਂ ਸਥਾਨ ਹਾਸਲ ਕੀਤਾ। ਭਾਰਤੀ ਹੈਂਡਬਾਲ ਟੀਮ ਨੇ ਇਹ ਉਪਲੱਬਧੀ ਪਹਿਲੀ ਵਾਰ ਹਾਸਲ ਕੀਤੀ। ਇਸ ਨਾਲ ਭਾਰਤੀ ਟੀਮ ਨੇ ਅਗਲੀਆਂ ਏਸ਼ੀਅਨ ਖੇਡਾਂ ਲਈ ਕੁਆਲੀਫਾਈ ਕਰ ਲਿਆ। ਇਸ ਕਾਮਯਾਬੀ ਨਾਲ ਭਾਰਤੀ ਕੁੜੀਆਂ ਦਾ ਵਾਪਸੀ ਤੋਂ ਬਾਅਦ ਨਵੀਂ ਦਿੱਲੀ ਵਿਖੇ ਇਕ ਸਮਾਗਮ ਵਿਚ ਸਵਾਗਤ ਕੀਤਾ ਗਿਆ।

ਭਾਰਤੀ ਹੈਂਡਬਾਲ ਸੰਘ ਦੇ ਸਮਾਗਮ ਵਿਚ ਸੰਘ ਦੇ ਜਨਰਲ ਸਕੱਤਰ ਡਾ. ਤੇਜਰਾਜ ਸਿੰਘ ਤੇ ਕਾਰਜਕਾਰੀ ਡਾਇਰੈਕਟਰ ਡਾ. ਆਨੰਦੇਸ਼ਵਰ ਪਾਂਡੇ ਸਮੇਤ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਦੇ ਸਪੋਰਟਸ ਕੋਆਰਡੀਨੇਰ ਰਵਿੰਦਰ ਬੁਧਾਨੀਆ ਤੇ ਦਿੱਲੀ ਜ਼ਿਲ੍ਹਾ ਹੈਂਡਬਾਲ ਸੰਘ ਦੇ ਸਕੱਤਰ ਜਸਬੀਰ ਸਿੰਘ ਬੀਸਲਾ ਨੇ ਖਿਡਾਰੀਆਂ ਨੂੰ ਉਨ੍ਹਾਂ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ। ਇਸ ਨਾਲ ਹੀ ਅਗਲੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿਚ ਸਰਬੋਤਮ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਕਾਰਜਕਾਰੀ ਡਾਇਰੈਕਟਰ ਡਾ. ਆਨੰਦੇਸ਼ਵਰ ਪਾਂਡੇ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਨੇੜਲੇ ਭਵਿੱਖ ਵਿਚ ਤੁਹਾਡੇ ਪ੍ਰਦਰਸ਼ਨ ਵਿਚ ਹੋਰ ਸੁਧਾਰ ਹੋਵੇਗਾ ਤੇ ਅੰਤਰਰਾਸ਼ਟਰੀ ਪੱਧਰ 'ਤੇ ਤੁਸੀਂ ਦਬਦਬਾ ਕਾਇਮ ਕਰੋਗੇ।