v> ਨਵੀਂ ਦਿੱਲੀ (ਆਈਏਐੱਨਐੱਸ) : ਵਿਸ਼ਵ ਕੱਪ ਦੀ ਇਕ ਸੀਰੀਜ਼ ਦੇ ਰੱਦ ਹੋਣ ਨਾਲ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਸਮੇਤ ਹੋਰ ਭਾਰਤੀ ਜਿਮਨਾਸਟਾਂ ਦੀ ਇਸ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਪੁੱਜਣ ਦੀ ਉਮੀਦ ਲਗਪਗ ਖ਼ਤਮ ਹੋ ਗਈ ਹੈ। ਕੋਰੋਨਾ ਮਹਾਮਾਰੀ ਕਾਰਨ ਦੋ ਵਿਸ਼ਵ ਕੱਪ ਨੂੰ ਰੱਦ ਕਰ ਦਿੱਤਾ ਗਿਆ ਜਦਕਿ ਅੰਤਰਰਾਸ਼ਟਰੀ ਜਿਮਨਾਸਟਿਕ ਮਹਾਸੰਘ (ਐੱਫਆਈਜੀ) ਨੇ ਮਾਰਚ ਵਿਚ ਹੋਣ ਵਾਲੇ ਇਕ ਹੋਰ ਵਿਸ਼ਵ ਕੱਪ ਨੂੰ ਮੁਲਤਵੀ ਕਰ ਦਿੱਤਾ। ਰੱਦ ਕੀਤੇ ਗਏ ਵਿਸ਼ਵ ਕੱਪ ਵਿਚੋਂ ਇਕ ਇਸ ਮਹੀਨੇ ਤੇ ਦੂਜਾ ਅਗਲੇ ਮਹੀਨੇ ਹੋਣਾ ਸੀ। ਦਰੋਣਾਚਾਰਿਆ ਐਵਾਰਡੀ ਤੇ ਦੀਪਾ ਦੇ ਕੋਚ ਵਿਸ਼ੇਸ਼ਵਰ ਨੰਦੀ ਨੇ ਕਿਹਾ ਕਿ ਅਸੀਂ ਤਿਆਰ ਹਾਂ ਪਰ ਓਲੰਪਿਕ ਕੁਆਲੀਫਿਕੇਸ਼ਨ ਪ੍ਰਣਾਲੀ ਵਿਚ ਵੱਡੀ ਤਬਦੀਲੀ ਹੋਈ ਹੈ। ਕੁਆਲੀਫਿਕੇਸ਼ਨ ਅੰਕ ਹਾਸਲ ਕਰਨ ਲਈ ਕੋਈ ਅੰਤਰਰਾਸ਼ਟਰੀ ਟੂਰਨਾਮੈਂਟ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਅੱਗੇ ਦੀ ਕੀ ਪ੍ਰੀਕਿਰਿਆ ਹੋਵੇਗੀ। ਨੰਦੀ ਮੁਤਾਬਕ ਓਲੰਪਿਕ ਕੁਆਲੀਫਿਕੇਸ਼ਨ ਅੰਕ ਹਾਸਲ ਕਰਨ ਲਈ ਤਿੰਨ ਓਲੰਪਿਕ ਕੁਆਲੀਫਾਇਰਜ਼ ਵਿਚ ਹਿੱਸਾ ਲੈਣਾ ਜ਼ਰੂਰੀ ਹੈ। ਰੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੀ 27 ਸਾਲਾ ਦੀਪਾ ਦੇ ਮਾਰਚ 2019 ਵਿਚ ਗੋਡੇ ਵਿਚ ਸੱਟ ਲੱਗੀ ਸੀ ਜਿਸ ਕਾਰਨ ਉਹ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਸਕੀ ਸੀ। ਕੋਚ ਨੰਦੀ ਨੇ ਕਿਹਾ ਕਿ ਓਲੰਪਿਕ ਦੀ ਟਿਕਟ ਹਾਸਲ ਕਰਨ ਲਈ ਐਥਲੀਟ ਨੂੰ 90 ਅੰਕ ਚਾਹੀਦੇ ਹੁੰਦੇ ਹਨ ਤੇ ਫ਼ਿਲਹਾਲ ਦੀਪਾ ਕੋਲ ਇਸ ਦੇ ਅੱਧੇ ਤੋਂ ਵੀ ਘੱਟ ਅੰਕ ਹਨ। ਅਸੀਂ ਵਿਸ਼ਵ ਸੰਸਥਾ ਵੱਲੋਂ ਅਧਿਕਾਰਕ ਤੌਰ ’ਤੇ ਕੁਝ ਕਹਿਣ ਦੀ ਉਡੀਕ ਕਰ ਰਹੇ ਹਾਂ। ਯੂਰਪ ਵਿਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਮਿਲਣ ਨਾਲ ਐੱਫਆਈਜੀ ਨੇ 25 ਫਰਵਰੀ ਤੋਂ ਹੋਣ ਵਾਲੇ ਕੋਟਬਸ ਵਿਸ਼ਵ ਕੱਪ ਤੇ ਅਗਲੇ ਮਹੀਨੇ ਚਾਰ ਮਾਰਚ ਤੋਂ ਬਾਕੂ ਵਿਚ ਹੋਣ ਵਾਲੇ ਵਿਸ਼ਵ ਕੱਪ ਨੂੰ ਰੱਦ ਕਰ ਦਿੱਤਾ ਜਦਕਿ ਦੋਹਾ ਵਿਚ 10 ਮਾਰਚ ਤੋਂ ਹੋਣ ਵਾਲੇ ਵਿਸ਼ਵ ਕੱਪ ਨੂੰ ਮੁਲਤਵੀ ਕਰ ਦਿੱਤਾ ਗਿਆ। ਦੀਪਾ ਨੇ 2016 ਵਿਚ ਹੋਏ ਰੀਓ ਓਲੰਪਿਕ ਵਿਚ ਚੌਥਾ ਸਥਾਨ ਹਾਸਲ ਕਰ ਕੇ ਇਤਿਹਾਸ ਰਚਿਆ ਸੀ।

Posted By: Susheel Khanna