ਸਾਈਕਲਿੰਗ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਖੇਡਾਂ 'ਚ ਸ਼ੁਮਾਰ ਹੈ। ਭਾਰਤ 'ਚ ਸਾਈਕਲਿੰਗ ਖੇਡ 1946 'ਚ ਆਈ। 2010 ਦੀਆਂ ਰਾਸ਼ਟਰਮੰਡਲ ਖੇਡਾਂ ਤੋ ਬਾਅਦ ਭਾਰਤੀ ਸਾਈਕਲਿੰਗ ਟੀਮ ਦੁਨੀਆਂ ਦੀਆਂ ਮੰਨੀਆਂ ਪ੍ਰਮੰਨੀਆਂ ਟੀਮਾਂ 'ਚ ਗਿਣੀ ਜਾਣ ਲੱਗੀ। ਭਾਰਤੀ ਸਾਈਕਲਿੰਗ ਟੀਮ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਭਾਰਤੀ ਸਾਈਕਲਿੰਗ ਦਾ ਸਫ਼ਰ

2010 ਦੀਆਂ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਭਾਰਤੀ ਸਾਈਕਲਿੰਗ ਨੇ ਏਸ਼ੀਅਨ ਚੈਂਪੀਅਨਸ਼ਿਪ, ਏਸ਼ੀਅਨ ਖੇਡਾਂ, ਏਸ਼ੀਆ ਕੱਪ, ਦੱਖਣੀ ਏਸ਼ਿਆਈ ਖੇਡਾਂ, ਵਰਲਡ ਸਾਈਕਲਿੰਗ ਚੈਂਪੀਅਨਸ਼ਿਪ ਆਦਿ ਕੌਮਾਂਤਰੀ ਟੂਰਨਾਮੈਂਟਾਂ 'ਚ ਸੋਨ ਤਗਮੇ ਜਿੱਤੇ ਹਨ। ਭਾਰਤ 'ਚ ਪਹਿਲੀ ਵਾਰ 2010 ਵਿਚ ਨਵੀਂ ਦਿੱਲੀ ਵਿਖੇ ਅੰਤਰਰਾਸਟਰੀ ਮਾਪਦੰਡਾਂ ਵਾਲਾ ਸਾਈਕਲਿੰਗ ਟਰੈਕ ਬਣਿਆ। ਇਸ ਤੋਂ ਬਾਅਦ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਤੇ ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਉਂਕਾਰ ਸਿੰਘ ਦੀ ਅਗਵਾਈ ਹੇਠ ਭਾਰਤ ਨੇ ਸਭ ਤੋਂ ਪਹਿਲਾਂ ਕੋਚਿੰਗ ਸਿਸਟਮ 'ਚ ਸੁਧਾਰ ਲਿਆਂਦਾ ਤੇ ਇਕ ਚੰਗੀ ਟੀਮ ਕਾਇਮ ਕੀਤੀ। 2012 ਤੋਂ ਲੈ ਕੇ ਹੁਣ ਤਕ ਭਾਰਤੀ ਸਾਈਕਲਿਸਟਾਂ ਨੇ ਕੌਮਾਂਤਰੀ ਪੱਧਰ 'ਤੇ ਅਨੇਕਾਂ ਤਗਮੇ ਜਿੱਤੇ ਅਤੇ ਭਾਰਤੀ ਸਾਈਕਲਿੰਗ ਨੇ ਇਤਿਹਾਸ 'ਚ ਨਵੇਂ ਪੰਨੇ ਜੋੜਦਿਆਂ ਸਾਲ 2018 ਦੇ ਸਾਈਕਲਿੰਗ ਟਰੈਕ ਏਸੀਆ ਕੱਪ 'ਤੇ ਕਬਜ਼ਾ ਕੀਤਾ। ਟਰੈਕ ਏਸੀਆ ਕੱਪ 'ਚ ਭਾਰਤੀ ਸਾਈਕਲਿਸਟਾਂ ਨੇ 6 ਸੋਨੇ, 5 ਚਾਂਦੀ ਤੇ 2 ਕਾਂਸੇ ਦੇ ਤਗਮੇ ਜਿੱਤੇ। 2018 ਦੀਆਂ ਏਸ਼ਿਆਈ ਖੇਡਾਂ 'ਚ ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।

ਏਸੋ ਐਲਬੇਨ ਦਰਜ਼ਾਬੰਦੀ 'ਚ ਅੱਵਲ

ਯੂਸੀਆਈ ਵਿਸਵ ਰੈਂਕਿੰਗ 'ਚ ਭਾਰਤੀ ਜੂਨੀਅਰ ਸਾਈਕਲਿਸਟਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਭਾਰਤੀ ਸਾਈਕਲਿਸਟ ਰੋਨਾਲਡੋ ਨੇ ਏਸ਼ਿਆਈ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤਿਆ। ਵਿਸ਼ਵ ਜੂਨੀਅਰ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ-2019 ਵਿਚ ਸਪਰਿੰਟ ਈਵੈਂਟ (ਪੁਰਸ਼) ਵਿਚ ਭਾਰਤ ਦੇ ਜੇਮਜ਼ ਸਿੰਘ ਕੀਥਲਲਕਪੈਮ, ਏਸੋ ਐਲਬੇਨ ਤੇ ਰੋਨਾਲਡੋ ਸਿੰਘ ਦੀ ਤਿਕੜੀ ਨੇ 44.764 ਸਕਿੰਟ ਦਾ ਸਮਾਂ ਕੱਢ ਕੇ ਇਤਿਹਾਸਕ ਸੋਨ ਤਗਮਾ ਭਾਰਤ ਦੀ ਝੋਲੀ ਪਾਇਆ। ਇਸ ਚੈਂਪੀਅਨਸ਼ਿਪ 'ਚ ਦੁਨੀਆ ਦੀਆਂ 48 ਟੀਮਾਂ ਨੇ ਹਿੱਸਾ ਲਿਆ। ਭਾਰਤ ਇਸ ਚੈਂਪੀਅਨਸ਼ਿਪ 'ਚ 1 ਸੋਨੇ, 1 ਚਾਂਦੀ ਤੇ 1 ਕਾਂਸੇ ਦੇ ਤਗਮੇ ਨਾਲ ਓਵਰਆਲ 8ਵਂੇ ਸਥਾਨ 'ਤੇ ਰਿਹਾ। ਜ਼ਿਕਰਯੋਗ ਹੈ ਕਿ ਏਸੋ ਐਲਬੇਨ ਯੂਸੀਆਈ ਦੀ ਦਰਜਾਬੰਦੀ ਵਿਚ 'ਕੇਰੀਅਨ ਈਵਂੈਟ' 'ਚ ਪਹਿਲਾ ਦਰਜਾ ਪ੍ਰਾਪਤ ਕਰਨ ਵਾਲਾ ਪਹਿਲਾ ਏਸ਼ਿਆਈ ਖਿਡਾਰੀ ਬਣਿਆ ਹੈ।

ਚਾਰ ਸਾਲ ਲੰਬਾ ਸੰਘਰਸ਼

ਖ਼ਾਸ ਗੱਲ ਇਹ ਵੀ ਹੈ ਕਿ ਜਿਹੜੇ ਖਿਡਾਰੀਆਂ ਨੇ ਵਿਸ਼ਵ ਜੂਨੀਅਰ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ 'ਚ ਤਗਮੇ ਜਿੱਤੇ ਹਨ ਉਹ ਪਿਛਲੇ ਚਾਰ ਸਾਲ ਤੋਂ ਆਪਣੇ ਘਰ ਨਹੀਂ ਗਏ ਤੇ ਦਿਨ ਰਾਤ ਕੈਂਪਾਂ 'ਚ ਆਪਣੀ ਟ੍ਰੇਨਿੰਗ ਕਰ ਰਹੇ ਹਨ। ਇਸ ਚੈਂਪੀਅਨਸ਼ਿਪ 'ਚ ਤਗਮੇ ਜਿੱਤਣ 'ਤੇ ਭਾਰਤ ਦੇ ਖੇਡ ਮੰਤਰੀ ਕੀਰੇਨ ਰਿਜੀਜੂ, ਭਾਰਤੀ ਸਾਈਕਲਿੰਗ ਫੈਡਰੇਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਡਸਾ ਨੇ ਜੇਤੂਆਂ ਨੂੰ ਵਧਾਈ ਦਿੱਤੀ ਹੈ। ਆਸ ਹੈ ਕਿ ਭਾਰਤੀ ਜੂਨੀਅਰ ਸਾਈਕਲਿਸਟ ਭਵਿੱਖ ਦੇ ਵੱਡੇ ਟੂਰਨਾਮੈਟਾਂ ਵਿਚ ਵੀ ਭਾਰਤ ਦੀ ਸ਼ਾਨ ਨੂੰ ਹੋਰ ਬੁਲੰਦ ਕਰਨਗੇ।

ਫੈਡਰੇਸ਼ਨ ਦੇ ਉਪਰਾਲੇ

ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਉਂਕਾਰ ਸਿੰਘ ਨੇ ਆਖਿਆ ਕਿ ਸਾਈਕਲਿੰਗ ਮੈਨ ਤੇ ਮਸ਼ੀਨ ਦਾ ਸੁਮੇਲ ਹੈ। ਫੈਡਰੇਸ਼ਨ ਨੇ ਆਪਣੇ ਖੇਡ ਢਾਂਚੇ ਤੇ ਖਿਡਾਰੀਆਂ ਉੱਪਰ ਵਿਸ਼ੇਸ਼ ਧਿਆਨ ਦਿੱਤਾ ਹੈ। ਅੱਜ ਭਾਰਤੀ ਟੀਮ ਕੋਲ ਦੁਨੀਆਂ ਦੇ ਹਾਈ ਤਕਨਾਲੋਜੀ ਨਾਲ ਬਣੇ ਸਾਈਕਲ ਹਨ, ਵਿਸ਼ਵ ਪੱਧਰੀ ਵੈਲੋਡਰੋਮ ਹੈ। ਫੈਡਰੇਸ਼ਨ ਦੇ ਜਰਨਲ ਸਕੱਤਰ ਮਨਇੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਮੁਕਾਮ ਤਕ ਪਹੁੰਚਣ ਲਈ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਟੀਮ, ਸਪੋਰਟਸ ਅਥਾਰਿਟੀ ਆਫ ਇੰਡੀਆ, ਭਾਰਤੀ ਖੇਡ ਮੰਤਰਾਲੇ ਤੇ ਕਾਰਪੋਰੇਟ ਘਰਾਣਿਆਂ ਦਾ ਅਹਿਮ ਸਹਿਯੋਗ ਹੈ।

ਚਾਰ ਵੰਨਗੀਆਂ 'ਚ ਚਾਰ ਸੋਨ ਤਗਮੇ

ਭਾਰਤ ਦੇ ਜੂਨੀਅਰ ਸਾਈਕਲਿਸਟਾਂ ਨੇ ਵੀ ਕੌਮਾਂਤਰੀ ਸਾਈਕਲਿੰਗ 'ਚ ਵੱਖਰੀ ਪਛਾਣ ਬਣਾਈ ਹੈ ਅਤੇ ਟਰੈਕ ਸਾਈਕਲਿੰਗ 'ਚ ਆਪਣੀ ਖੇਡ ਸਮਰਥਾ ਦਾ ਸਕਤੀਸ਼ਾਲੀ ਪ੍ਰਦਰਸਨ ਕੀਤਾ ਹੈ। ਭਾਰਤੀ ਸਾਈਕਲਿਸਟ ਏਸੋ ਨੇ 2018 ਵਿਚ ਔਗਗਲ ਵਿਖੇ ਹੋਈ ਵਿਸ਼ਵ ਜੂਨੀਅਰ ਸਾਈਕਲਿੰਗ ਚੈਂਪੀਅਨਸਿਪ 'ਚ ਭਾਰਤ ਲਈ ਪਹਿਲਾ ਸਿਲਵਰ ਮੈਡਲ ਜਿੱਤਿਆ ਸੀ। ਭਾਰਤੀ ਸਾਈਕਲਿਸਟਾਂ ਨੇ ਏਸ਼ਿਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ-2019 ਵਿਚ ਸਾਰੀਆਂ ਸਪਰਿੰਟ ਵੰਨਗੀਆਂ ਵਿਚ ਸੋਨ ਤਗਮੇ ਆਪਣੇ ਨਾਂ ਕੀਤੇ। ਵਿਸਵ ਸਾਈਕਲਿੰਗ 'ਚ 'ਸਪਰਿੰਟ', 'ਕੇਰੀਅਨ', 'ਟਾਈਮ ਟਰਾਇਲ' ਤੇ 'ਟੀਮ ਸਪਰਿੰਟ' 'ਚ ਸਮੁੱਚੇ ਚਾਰ ਸੋਨ ਤਗਮੇ ਜਿੱਤਣ ਵਾਲਾ ਭਾਰਤ ਪਹਿਲਾ ਮੁਲਕ ਬਣ ਗਿਆ ਹੈ। ਭਾਰਤੀ ਜੂਨੀਅਰ ਸਾਈਕਲਿਸਟਾਂ ਨੇ 'ਟੀਮ ਸਪਰਿੰਟ ਈਂਵੈਟ' 'ਚ ਸੋਨ ਤਗਮਾ ਜਿੱਤ ਕੇ ਏਸ਼ੀਅਨ ਰਿਕਾਰਡ ਬਣਾਇਆ।

- ਜਗਦੀਪ ਕਾਹਲੋਂ

82888-47042

Posted By: Harjinder Sodhi