ਨਵੀਂ ਦਿੱਲੀ (ਏਜੰਸੀ) : ਸਾਈਕਲਿੰਗ ਟ੍ਰੈਕ ਏਸ਼ੀਆ ਕੱਪ ਦਾ ਛੇਵਾਂ ਐਡੀਸ਼ਨ ਇੱਥੇ ਸੋਮਵਾਰ ਨੂੰ ਸ਼ੁਰੂ ਹੋਵੇਗਾ ਜਿਸ ਵਿਚ 16 ਦੇਸ਼ਾਂ ਦੇ 150 ਤੋਂ ਜ਼ਿਆਦਾ ਸਾਈਕਲ ਚਾਲਕ ਚੋਟੀ ਦੇ ਖ਼ਿਤਾਬ ਨਾਲ ਓਲੰਪਿਕ ਕੋਟਾ ਹਾਸਿਲ ਕਰਨ ਲਈ ਮੁਕਾਬਲਾ ਕਰਨਗੇ। ਅੰਤਰਰਾਸ਼ਟਰੀ ਸਾਈਕਲਿੰਗ ਯੂਨੀਅਨ ਤੋਂ ਮਾਨਤਾ ਹਾਸਿਲ ਇਸ ਟੂਰਨਾਮੈਂਟ ਵਿਚ ਏਸ਼ੀਆ ਤੋਂ ਇਲਾਵਾ ਦੋ ਯੂਰਪੀ ਦੇਸ਼ ਲਾਤਵੀਆ ਤੇ ਸਲੋਵਾਕੀਆ ਵੀ ਹਿੱਸਾ ਲੈਣਗੇ। ਇੱਥੇ ਦੇ ਇੰਦਰਾ ਗਾਂਧੀ ਖੇਡ ਕੰਪਲੈਕਸ ਦੇ ਸਾਈਕਲਿੰਗ ਵੇਲੋਡਰਮ ਵਿਚ ਕਰਵਾਏ ਜਾਣ ਵਾਲੇ ਟੂਰਨਾਮੈਂਟ ਤੋਂ 2020 ਟੋਕੀਓ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਲਈ ਕੋਟਾ ਹਾਸਿਲ ਕੀਤਾ ਜਾ ਸਕਦਾ ਹੈ। ਭਾਰਤ ਦੀ ਨੁਮਾਇੰਦਗੀ 21 ਮੈਂਬਰੀ ਟੀਮ ਕਰੇਗੀ। ਜਿਸ ਵਿਚ ਡੇਬੋਰਾਹ ਹੇਰਾਲਡ ਤੇ ਵਿਸ਼ਵ ਜੂਨੀਅਰ ਨੰਬਰ ਇਕ ਏਸੋ ਏਲਬੇਨ ਕ੍ਰਮਵਾਰ ਮਹਿਲਾ ਤੇ ਮਰਦ ਟੀਮਾਂ ਵੱਲੋਂ ਮੈਡਲ ਦੇ ਦਾਅਵੇਦਾਰ ਹੋਣਗੇ। 17 ਸਾਲ ਦੇ ਏਸੋ ਮੌਜੂਦਾ ਸਮੇਂ ਵਿਚ ਯੂਸੀਆਈ ਜੂਨੀਅਰ ਵਿਸ਼ਵ ਰੈਂਕਿੰਗ ਵਿਚ ਮਰਦ ਸਪਿ੍ਰੰਟ ਤੇ ਮਰਦ ਕੀਰਿਨ ਵਿਚ ਚੋਟੀ ਦੀ ਰੈਂਕਿੰਗ ਵਾਲੇ ਖਿਡਾਰੀ ਹਨ। ਉਹ ਇਸ ਟੂਰਨਾਮੈਂਟ ਵਿਚ ਸੀਨੀਅਰ ਵਰਗ ਵਿਚ ਮੁਕਾਬਲਾ ਕਰ ਰਹੇ ਹਨ।