ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਦੀ ਚੈਂਪੀਅਨ ਵੇਟਲਿਫਟਰ ਮੀਰਾਬਾਈ ਚਾਨੂੰ ਦੀਆਂ ਨਜ਼ਰਾਂ ਟੋਕੀਓ ਓਲੰਪਿਕ 'ਚ ਗੋਲਡ ਮੈਡਲ ਜਿੱਤਣ 'ਤੇ ਟਿਕੀਆਂ ਹਨ ਤੇ ਉਹ ਇਸ ਖੇਡ ਵਿਚ ਚੀਨ ਦੇ ਦਬਦਬੇ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਵਿਸ਼ਵ ਰਿਕਾਰਡ ਹਾਸਲ ਵੇਟਲਿਫਟਰ ਚਾਨੂੰ ਨੇ ਕਿਹਾ ਕਿ ਮੈਂ ਓਲੰਪਿਕ ਵਿਚ ਸਿਲਵਰ ਨਹੀਂ ਜਿੱਤਣਾ ਚਾਹੁੰਦੀ, ਮੈਂ ਗੋਲਡ ਮੈਡਲ ਜਿੱਤਣਾ ਚਾਹੁੰਦੀ ਹਾਂ। ਮੀਰਾਬਾਈ ਰਵਾਇਤੀ ਤੌਰ 'ਤੇ ਵਿਟਲਿਫਟਿੰਗ ਵਿਚ ਦਬਦਬਾ ਬਣਾਉਣ ਵਾਲੇ ਚੀਨ ਤੋਂ ਬਿਹਤਰ ਪ੍ਰਦਰਸ਼ਨ ਕਰਨ ਲਈ ਵਚਨਬੱਧ ਹੈ ਤੇ ਟੋਕੀਓ ਖੇਡਾਂ ਵਿਚ ਚੋਟੀ ਦਾ ਸਥਾਨ ਹਾਸਲ ਕਰਨਾ ਚਾਹੁੰਦੀ ਹੈ। ਓਲੰਪਿਕ ਤੋਂ ਉੱਤਰ ਕੋਰੀਆ ਦੇ ਹਟਣ ਤੋਂ ਬਾਅਦ 49 ਕਿਲੋਗ੍ਰਾਮ ਵਿਚ ਮੀਰਾਬਾਈ ਤੇ ਚੀਨ ਦੀ ਵੇਟਲਿਫਟਰ ਵਿਚਾਲੇ ਸਿੱਧਾ ਮੁਕਾਬਲਾ ਹੋਣ ਦੀ ਉਮੀਦ ਹੈ। ਮੀਰਾਬਾਈ ਨੇ ਕਿਹਾ ਕਿ ਮੈਨੂੰ ਚੀਨ ਦੀਆਂ ਵੇਟਲਿਫਟਰਾਂ ਤੋਂ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਉਹ ਸੋਚਦੀਆਂ ਹਨ ਕਿ ਕੋਈ ਵੀ ਉਨ੍ਹਾਂ ਤੋਂ ਵੱਧ ਭਾਰ ਨਹੀਂ ਚੁੱਕ ਸਕਦਾ ਪਰ ਮੈਂ ਇਸ ਧਾਰਨਾ ਨੂੰ ਤੋੜਨਾ ਚਾਹੁੰਦੀ ਹਾਂ। ਮੈਂ ਉਨ੍ਹਾਂ ਨੂੰ ਟੱਕਰ ਦੇ ਸਕਦੀ ਹਾਂ।

ਦੋ ਚੀਨੀ ਵੇਟਲਿਫਟਰ ਅਜੇ ਹਨ ਚਾਨੂੰ ਤੋਂ ਅੱਗੇ

ਟੋਕੀਓ ਖੇਡਾਂ ਦੀ ਕੁਆਲੀਫਾਇੰਗ ਰੈਂਕਿੰਗ ਵਿਚ ਅਜੇ ਚੀਨ ਦੀਆਂ ਦੋ ਵੇਟਲਿਫਟਰਾਂ ਮੀਰਾਬਾਈ ਤੋਂ ਅੱਗੇ ਹਨ ਪਰ ਨਿਯਮਾਂ ਮੁਤਾਬਕ ਇਨ੍ਹਾਂ ਵਿਚੋਂ ਸਿਰਫ਼ ਇਕ ਓਲੰਪਿਕ ਵਿਚ ਹਿੱਸਾ ਲੈ ਸਕਦੀ ਹੈ। ਮੀਰਾਬਾਈ ਦਾ ਨਿੱਜੀ ਸਰਬੋਤਮ ਪ੍ਰਦਰਸ਼ਨ 205 ਕਿਲੋਗ੍ਰਾਮ ਹੈ ਜਦਕਿ ਹੋਊ ਝੀਹੁਈ ਨੇ ਮੌਜੂਦਾ ਏਸ਼ਿਆਈ ਚੈਂਪੀਅਨਸ਼ਿਪ ਵਿਚ ਵਿਸ਼ਵ ਰਿਕਾਰਡ ਸਮੇਤ ਕੁੱਲ 2013 ਕਿਲੋਗ੍ਰਾਮ ਦਾ ਭਾਰ ਚੁੱਕਿਆ।