ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਨੌਜਵਾਨ ਮੁੱਕੇਬਾਜ਼ਾਂ ਨੇ ਸਰਬੀਆ ਵਿਚ 40ਵੇਂ ਗੋਲਡਨ ਗਲਵ ਆਫ ਵੋਜਵੋਦਿਨਾ ਯੂਥ ਮੁੱਕੇਬਾਜ਼ੀ ਟੂਰਨਾਮੈਂਟ ਦੇ ਆਖ਼ਰੀ ਦਿਨ ਸੋਮਵਾਰ ਨੂੰ 10 ਗੋਲਡ ਮੈਡਲ ਜਿੱਤ ਕੇ ਕੁੱਲ 19 ਮੈਡਲਾਂ ਨਾਲ ਆਪਣੀ ਮੁਹਿੰਮ ਖ਼ਤਮ ਕੀਤੀ।

ਭਾਵਨਾ ਸ਼ਰਮਾ (48 ਕਿੱਲੋਗ੍ਰਾਮ), ਦੇਵਿਕਾ ਘੋਰਪਾਡੇ (52 ਕਿੱਲੋਗ੍ਰਾਮ), ਕੁੰਜਾਰਾਣੀ ਦੇਵੀ (60 ਕਿੱਲੋਗ੍ਰਾਮ), ਰਵੀਨਾ (63 ਕਿੱਲੋਗ੍ਰਾਮ) ਤੇ ਕੀਰਤੀ (81 ਕਿੱਲੋਗ੍ਰਾਮ ਤੋਂ ਵੱਧ) ਨੇ ਮਹਿਲਾ ਵਰਗ ਵਿਚ ਗੋਲਡ ਮੈਡਲ ਜਿੱਤੇ ਜਦਕਿ ਸਾਰੀਆਂ ਮੁੱਕੇਬਾਜ਼ ਮੈਡਲਾਂ ਨਾਲ ਮੁੜੀਆਂ। ਮੁਸਕਾਨ (75 ਕਿੱਲੋਗ੍ਰਾਮ) ਤੇ ਪ੍ਰਾਂਜਲ ਯਾਦਵ (81 ਕਿੱਲੋਗ੍ਰਾਮ) ਨੇ ਸਿਲਵਰ ਮੈਡਲ ਜਿੱਤੇ ਜਦਕਿ ਕਸ਼ਿਸ਼ (50 ਕਿੱਲੋਗ੍ਰਾਮ), ਨੀਰੂ (54 ਕਿੱਲੋਗ੍ਰਾਮ), ਆਰਿਆ (57 ਕਿੱਲੋਗ੍ਰਾਮ), ਪਿ੍ਰਅੰਕਾ (66 ਕਿੱਲੋਗ੍ਰਾਮ) ਤੇ ਲਾਸ਼ੂ (73 ਕਿੱਲੋਗ੍ਰਾਮ) ਨੇ ਕਾਂਸੇ ਦੇ ਮੈਡਲ ਆਪਣੇ ਨਾਂ ਕੀਤੇ।

ਮਰਦ ਮੁੱਕੇਬਾਜ਼ਾਂ ਵਿਚ ਵਿਸ਼ਵਨਾਥ (84 ਕਿੱਲੋਗ੍ਰਾਮ), ਆਸ਼ੀਸ਼ (54 ਕਿੱਲੋਗ੍ਰਾਮ) ਤੇ ਸਾਹਿਲ (71 ਕਿੱਲੋਗ੍ਰਾਮ) ਨੇ ਫਾਈਨਲ ਵਿਚ ਆਪਣੇ ਵਿਰੋਧੀਆਂ 'ਤੇ 5-0 ਨਾਲ ਜਿੱਤ ਹਾਸਲ ਕੀਤੀ। ਜਾਦੂਮਣੀ (51 ਕਿੱਲੋਗ੍ਰਾਮ) ਤੇ ਭਰਤ ਜੂਨ (92 ਕਿੱਲੋਗ੍ਰਾਮ) ਨੇ 4-1 ਦੇ ਫ਼ਰਕ ਨਾਲ ਜਿੱਤ ਨਾਲ ਗੋਲਡ ਮੈਡਲ ਜਿੱਤੇ। ਨਿਖਿਲ (57 ਕਿੱਲੋਗ੍ਰਾਮ) ਤੇ ਦੀਪਕ (75 ਕਿੱਲੋਗ੍ਰਾਮ) ਨੂੰ ਕਾਂਸੇ ਦੇ ਮੈਡਲ ਮਿਲੇ। ਜਾਦੂਮਣੀ ਨੂੰ ਟੂਰਨਾਮੈਂਟ ਦਾ ਸਰਬੋਤਮ ਫਾਈਨਟਰ ਤੇ ਰਵੀਨਾ ਨੂੰ ਸਰਬੋਤਮ ਮੁੱਕੇਬਾਜ਼ ਚੁਣਿਆ ਗਿਆ।

Posted By: Gurinder Singh