ਨਵੀਂ ਦਿੱਲੀ (ਪੀਟੀਆਈ) : ਭਾਰਤੀ ਮੁੱਕੇਬਾਜ਼ ਸੰਜੀਤ (91 ਕਿਗ੍ਰਾ) ਨੇ ਡੁਬਈ 'ਚ 2021 ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਆਪਣੇ ਨਾਂ ਕੀਤਾ। ਫਾਈਨਲ ਮੁਕਾਬਲੇ 'ਚ ਉਨ੍ਹਾਂ ਨੇ ਰਿਓ ਓਲੰਪਿਕ 2016 ਦੇ ਸਿਲਵਰ ਮੈਡਲ ਜੇਤੂ ਕਜ਼ਾਖ਼ਿਸਤਾਨ ਦੇ ਵੈਸਿਲੀ ਲੇਵਿਤ ਨੂੰ 4-1 ਨਾਲ ਹਰਾਇਆ। ਹਾਲਾਂਕਿ ਭਾਰਤ ਦੇ ਅਮਿਤ ਪੰਘਾਲ ਤੇ ਸ਼ਿਵ ਥਾਪਾ ਨੂੰ ਆਖ਼ਰੀ ਦਿਨ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ।

ਓਪੀ ਵਸ਼ਿਸ਼ਠ, ਰੋਹਤਕ : ਦੁਨੀਆ ਦੇ ਨੰਬਰ ਇਕ ਮੁੱਕੇਬਾਜ਼ ਅਮਿਤ ਪੰਘਾਲ (52 ਕਿਗ੍ਰਾ) ਨੂੰ ਨਿੱਜੀ ਕੋਚ ਦੀ ਕਮੀ ਫਾਈਨਲ ਮੁਕਾਬਲੇ 'ਚ ਭਾਰੀ ਪਈ। ਉਨ੍ਹਾਂ ਨੂੰ ਇਸ ਫ਼ੈਸਲਾਕੁੰਨ ਮੈਚ 'ਚ ਮਾਮੂਲੀ ਫ਼ਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਉਨ੍ਹਾਂ ਨੂੰ ਸਿਲਵਰ ਮੈਡਲ ਦੇ ਨਾਲ ਹੀ ਵਤਨ ਪਰਤਣਾ ਪਵੇਗਾ। ਫਾਈਨਲ 'ਚ ਉਹ ਉਜਬੇਕਿਸਤਾਨ ਦੇ ਮੁੱਕੇਬਾਜ਼ ਸ਼ੋਖਾਬਿਨ ਜੋਇਰੋਵ ਤੋਂ ਹਾਰ ਗਏ। ਦੂਜੇ ਪਾਸੇ, ਸ਼ਿਵ ਥਾਪਾ (64 ਕਿਗ੍ਰਾ) ਨੂੰ ਮੋਂਗੋਲੀਆ ਦੇ ਬਾਤਰਸੁਖ ਚਿੰਜੋਰਿਗੋ ਤੋਂ 2-3 ਨਾਲ ਹਾਰ ਸਾਹਮਣਾ ਕਰਨਾ ਪਿਆ। ਪੰਘਾਲ 'ਤੇ ਇਸ ਹਾਲ ਦਾ ਟੋਕੀਓ ਓਲੰਪਿਕ 'ਚ ਮਾਨਸਿਕ ਤੌਰ 'ਤੇ ਵੀ ਅਸਰ ਪੈ ਸਕਦਾ ਹੈ ਕਿਉਂਕਿ ਇਹ ਜੋਇਰੋਵ ਤੋਂ ਉਨ੍ਹਾਂ ਦੀ ਲਗਾਤਾਰ ਤੀਸਰੀ ਹਾਰ ਹੈ। ਉਨ੍ਹਾਂ ਟਵੀਟ ਕਰ ਕੇ ਨਿੱਜੀ ਕੋਚ ਦੀ ਕਮੀ ਬਿਆਨ ਕੀਤੀ। ਨਾਲ ਹੀ ਟੋਕੀਓ ਓਲੰਪਿਕ 'ਚ ਆਪਣੇ ਕੋਚ ਨੂੰ ਮੈਡਲ ਨਾਲ ਖੜ੍ਹੇ ਹੋਣ ਦੀ ਇੱਛਾ ਵੀ ਪ੍ਰਗਟ ਕੀਤੀ। ਪੰਘਾਲ ਤੋਂ ਇਸ ਵਾਰ ਗੋਲਡ ਜਿੱਤਣ ਦੀਆਂ ਉਮੀਦਾਂ ਸਨ ਪਰ ਫਾਈਨਲ 'ਚ ਜੋਇਰੋਵ ਨੇ ਉਨ੍ਹਾਂ ਨੂੰ 3-2 ਦੇ ਮਾਮੂਲੀ ਫ਼ਰਕ ਨਾਲ ਹਰਾ ਦਿੱਤਾ। ਹਾਲਾਂਕਿ ਪੰਘਾਲ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦੀ ਪ੍ਰਦਰਸ਼ਨ ਕੀਤਾ ਪਰ ਉਹ ਜ਼ਿਆਦਾ ਅੰਕ ਹਾਸਲ ਕਰਨ 'ਚ ਕਾਮਯਾਬ ਨਹੀਂ ਹੋ ਸਕੇ। ਭਾਰਤ ਨੇ ਫਾਈਨਲ 'ਚ ਪੰਘਾਲ ਦੀ ਹਾਰ ਦਾ ਰਿਵਿਊ ਮੰਗਿਆ ਪਰ ਉਸ ਦੇ ਬਾਵਜੂਦ ਉਨ੍ਹਾਂ ਨੂੁੰ ਜਿੱਤ ਨਹੀਂ ਮਿਲੀ। ਕੌਮਾਂਤਰੀ ਮੁੱਕੇਬਾਜ਼ੀ ਸੰਘ ਨੇ ਬਾਊਟ ਰਿਵਿਊ ਵਿਵਸਥਾ 2019 'ਚ ਸ਼ੁਰੂ ਕੀਤੀ ਸੀ। ਇਸ ਤਰ੍ਹਾਂ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੇ ਮੈਡਲ ਜਿੱਤ ਚੁੱਕੇ ਪੰਘਾਲ ਨੂੰ ਸਿਲਵਰ ਮੈਡਲ ਦਾ ਸੰਤੋਸ਼ ਕਰਨਾ ਪਿਆ। ਇਸ ਤੋਂ ਪਹਿਲਾਂ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਪੰਘਾਲ ਨੇ 2019 'ਚ ਗੋਲਡ ਮੈਡਲ ਅਤੇ 2017 'ਚ ਤਾਸ਼ਕੰਦ 'ਚ ਕਾਂਸੇ ਮੈਡਲ ਜਿੱਤਿਆ ਸੀ। ਲਗਾਤਾਰ ਪੰਜ ਮੈਡਲਾਂ ਨਾਲ ਚੈਂਪੀਅਨਸ਼ਿਪ 'ਚ ਸੰਯੁਕਤ ਤੌਰ 'ਤੇ ਸਭ ਤੋਂ ਸਫਲ ਪੁਰਸ਼ ਮੁੱਕੇਬਾਜ਼ ਰਹੇ ਅਸਾਮ ਦੇ ਥਾਪਾ ਨੂੰ ਵੀ ਫਾਈਨਲ 'ਚ ਹਾਰ ਨਾਲ ਸਿਲਵਰ ਮੈਡਲ ਨਾਲ ਸਤੋਸ਼ ਕਰਨਾ ਪਿਆ।

ਇਸ ਤੋਂ ਪਹਿਲਾਂ ਮਹਿਲਾ ਮੁੱਕੇਬਾਜ਼ ਪੂਜਾ ਰਾਣੀ (75 ਕਿਗ੍ਰਾ) ਨੇ ਭਾਰਤ ਨੂੰ ਹੁਣ ਤਕ ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਇਕਲੌਤਾ ਗੋਲਡ ਮੈਡਲ ਦਿਵਾਇਆ ਹੈ। ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਹਾਰ ਭਾਰ ਵਰਗ 'ਚ ਮੈਡਲ ਜਿੱਤਿਆ ਤੇ ਭਾਰਤ ਨੂੰ 2019 ਤੋਂ ਬਿਹਤਰ ਸਫਲਤਾ ਦਿਵਾਈ, ਜਦੋਂ ਭਾਰਤ ਨੇ ਬੈਂਕਾਕ 'ਚ 13 ਮੈਡਲ ਜਿੱਤੇ ਸਨ। ਹੁਣ ਤਕ ਭਾਰਤ ਕੁੱਲ 17 ਮੈਡਲ ਜਿੱਤ ਚੁੱਕਾ ਹੈ।