ਨਵੀਂ ਦਿੱਲੀ (ਪੀਟੀਆਈ) : ਏਸ਼ਿਆਈ ਸਿਲਵਰ ਮੈਡਲ ਜੇਤੂ ਦੀਪਕ ਕੁਮਾਰ (52 ਕਿਲੋਗ੍ਰਾਮ) ਨੇ ਇਕਤਰਫ਼ਾ ਜਿੱਤ ਦਰਜ ਕਰ ਕੇ ਬੁਲਗਾਰੀਆ ਦੇ ਸੋਫੀਆ ਵਿਚ ਚੱਲ ਰਹੇ 72ਵੇਂ ਸਟ੍ਰੇਂਡਜਾ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਇੰਡੀਆ ਓਪਨ 2019 ਦੇ ਗੋਲਡ ਮੈਡਲ ਜੇਤੂ ਦੀਪਕ ਨੇ ਪਹਿਲੇ ਗੇੜ ਦੇ ਮੁਕਾਬਲੇ ਵਿਚ ਕਜ਼ਾਕਿਸਤਾਨ ਦੇ ਓਲਜਾਸ ਬੇਨੀਆਜੋਵ ਨੂੰ 5-0 ਨਾਲ ਹਰਾ ਕੇ ਆਖ਼ਰੀ-ਅੱਠ ਵਿਚ ਥਾਂ ਬਣਾਈ। ਸੋਮਵਾਰ ਨੂੰ ਜਿੱਤ ਦਰਜ ਕਰਨ ਵਾਲੇ ਭਾਰਤੀਆਂ ਵਿਚ ਮਰਦ ਵਰਗ ਵਿਚ ਨਵੀਨ ਕੁਮਾਰ (91 ਕਿਲੋਗ੍ਰਾਮ) ਤੇ ਮਹਿਲਾ ਵਰਗ ਵਿਚ ਜੋਤੀ (51 ਕਿਲੋਗ੍ਰਾਮ) ਵੀ ਸ਼ਾਮਲ ਹਨ। ਨਵੀਨ ਨੇ ਅਮਰੀਕਾ ਦੇ ਡਾਰੀਅਸ ਫੁਲਗਮ ਨੂੰ ਫ਼ਸਵੇਂ ਮੁਕਾਬਲੇ ਵਿਚ 3-2 ਨਾਲ ਜਦਕਿ ਜੋਤੀ ਨੇ ਯੂਕਰੇਨ ਦੀ ਤਾਤੀਆਨਾ ਕੋਬ ਨੂੰ 4-1 ਨਾਲ ਹਰਾਇਆ ਪਰ ਸ਼ਸ਼ੀ ਚੋਪੜਾ (60 ਕਿਲੋਗ੍ਰਾਮ), ਲਲਿਤਾ (69 ਕਿਲੋਗ੍ਰਾਮ) ਤੇ ਸਾਕਸ਼ੀ (57 ਕਿਲੋਗ੍ਰਾਮ) ਨੂੰ ਪਹਿਲੇ ਗੇੜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਸ਼ੀ ਨੂੰ ਬ੍ਰਾਜ਼ੀਲ ਦੀ ਬੀਟਰਿਜ ਫੇਰੇਰਾ ਨੇ 5-0 ਨਾਲ ਹਰਾਇਆ ਜਦਕਿ ਲਲਿਤਾ ਨੂੰ ਉਜ਼ਬੇਕਿਸਤਾਨ ਦੀ ਨਵਾਬਾਖੋਰ ਖਾਮੀਦੋਵਾ ਨੇ ਇਸੇ ਫ਼ਰਕ ਨਾਲ ਮਾਤ ਦਿੱਤੀ। ਸਾਕਸ਼ੀ ਅਮਰੀਕਾ ਦੀ ਆਂਦਰੀਆ ਮੇਡੀਨਾ ਹੱਥੋਂ 1-4 ਨਾਲ ਹਾਰੀ। ਮਰਦ ਵਰਗ ਵਿਚ ਨਵੀਨ ਬੂਰਾ (69 ਕਿਲੋਗ੍ਰਾਮ) ਤੇ ਅੰਕਿਤ ਖਤਾਨਾ 75 ਕਿਲੋਗ੍ਰਾਮ) ਨੂੰ ਪਹਿਲੇ ਗੇੜ ਵਿਚ ਬਾਈ ਮਿਲੀ। ਇਸ ਟੂਰਨਾਮੈਂਟ ਵਿਚ 30 ਦੇਸ਼ਾਂ ਦੇ ਮੁੱਕੇਬਾਜ਼ ਹਿੱਸਾ ਲੈ ਰਹੇ ਹਨ। ਭਾਰਤ ਨੇ ਇਸ ਟੂਰਨਾਮੈਂਟ ਲਈ ਸੱਤ ਮਰਦ ਤੇ ਪੰਜ ਮਹਿਲਾ ਖਿਡਾਰੀਆਂ ਨੂੰ ਬੁਲਗਾਰੀਆ ਭੇਜਿਆ ਹੈ।

Posted By: Susheel Khanna