ਨਵੀਂ ਦਿੱਲੀ (ਪੀਟੀਆਈ) : ਭਾਰਤੀ ਐਥਲੈਟਿਕਸ ਦੇ ਮੁੱਖ ਕੋਚ ਬਹਾਦੁਰ ਸਿੰਘ ਨੂੰ 25 ਸਾਲ ਤਕ ਸੇਵਾ ਦੇਣ ਤੋਂ ਬਾਅਦ ਆਪਣੇ ਅਹੁਦੇ ਤੋਂ ਹਟਣਾ ਪਿਆ ਕਿਉਂਕਿ ਭਾਰਤੀ ਖੇਡ ਅਥਾਰਟੀ (ਸਾਈ) ਦੇ ਨਾਲ ਉਨ੍ਹਾਂ ਦਾ ਕਰਾਰ ਸਮਾਪਤ ਹੋ ਗਿਆ ਹੈ ਤੇ ਉਮਰ ਸਬੰਧੀ ਨਿਯਮਾਂ ਦੇ ਆਧਾਰ 'ਤੇ ਉਨ੍ਹਾਂ ਦੇ ਕਰਾਰ ਨੂੰ ਅੱਗੇ ਨਹੀਂ ਵਧਾਇਆ ਗਿਆ। ਏਸ਼ਿਆਈ ਖੇਡਾਂ ਵਿਚ ਦੋ ਗੋਲਡ ਮੈਡਲ (1978, 1982) ਜਿੱਤਣ ਵਾਲੇ 74 ਸਾਲ ਦੇ ਇਸ ਕੋਚ ਦਾ ਕਰਾਰ 30 ਜੂਨ ਨੂੰ ਸਮਾਪਤ ਹੋ ਗਿਆ ਤੇ ਖੇਡ ਮੰਤਰਾਲੇ ਨੇ ਰਾਸ਼ਟਰੀ ਕੈਂਪਾਂ ਵਿਚ ਕੋਚਾਂ ਦੀ ਵੱਧ ਤੋਂ ਵੱਧ ਉਮਰ ਹੱਦ 70 ਤਕ ਰੱਖਣ ਦੇ ਆਪਣੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਸ ਨੂੰ ਅੱਗੇ ਨਹੀਂ ਵਧਾਇਆ। ਭਾਰਤ ਵਿਚ ਸਭ ਤੋਂ ਲੱਬੇ ਸਮੇਂ ਤਕ ਸੇਵਾ ਦੇਣ ਵਾਲੇ ਮੁੱਖ ਕੋਚਾਂ ਵਿਚੋਂ ਇਕ ਬਹਾਦੁਰ ਸਿੰਘ ਦਾ ਕਾਰਜਕਾਲ ਫਰਵਰੀ 1995 ਵਿਚ ਸ਼ੁਰੂ ਹੋਇਆ ਸੀ। ਭਾਰਤੀ ਐਥਲੈਟਿਕਸ ਮਹਾਸੰਘ (ਏਐੱਫਆਈ) ਨੇ ਅੰਤਰਰਾਸ਼ਟਰੀ ਮੈਡਲ ਜੇਤੂ ਤੇ ਫਿਰ ਮੁੱਖ ਕੋਚ ਵਜੋਂ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।