ਨਵੀਂ ਦਿੱਲੀ (ਪੀਟੀਆਈ) : ਮੌਜੂਦਾ ਯੁਵਾ ਏਸ਼ਿਆਈ ਚੈਂਪੀਅਨ ਰਵੀਨਾ, ਵਿਸ਼ਵਨਾਥ ਸੁਰੇਸ਼ ਤੇ ਵੰਸ਼ਜ ਉਨ੍ਹਾਂ ਸੱਤ ਭਾਰਤੀ ਖਿਡਾਰੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਸਪੇਨ ਦੇ ਲਾ ਨੂਸੀਆ ਵਿਚ ਚੱਲ ਰਹੀ ਵਿਸ਼ਵ ਯੁਵਾ ਮਰਦ ਅਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਥਾਂ ਬਣਾ ਕੇ ਮੈਡਲ ਪੱਕੇ ਕੀਤੇ। ਆਖ਼ਰੀ ਚਾਰ ਵਿਚ ਥਾਂ ਬਣਾਉਣ ਵਾਲੇ ਹੋਰ ਭਾਰਤੀ ਖਿਡਾਰੀਆਂ ਵਿਚ ਭਾਵਨਾ ਸ਼ਰਮਾ (48 ਕਿੱਲੋਗ੍ਰਾਮ), ਕੁੰਜਾਰਾਣੀ ਦੇਵੀ ਥੋਂਗਮ (60 ਕਿੱਲੋਗ੍ਰਾਮ), ਲਸ਼ੂ ਯਾਦਵ (70 ਕਿੱਲੋਗ੍ਰਾਮ) ਤੇ ਆਸ਼ੀਸ਼ (54 ਕਿੱਲੋਗ੍ਰਾਮ) ਸ਼ਾਮਲ ਹਨ। ਇਸ ਵੱਕਾਰੀ ਟੂਰਨਾਮੈਂਟ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਭਾਰਤ ਦੀਆਂ ਚਾਰ ਮਹਿਲਾ ਖਿਡਾਰਨਾਂ ਨੇ ਕੁਆਰਟਰ ਫਾਈਨਲ ਵਿਚ ਆਪਣੇ ਮੁਕਾਬਲੇ 5-0 ਦੇ ਇੱਕੋ ਜਿਹੇ ਫ਼ਰਕ ਨਾਲ ਜਿੱਤੇ। ਰਵੀਨਾ ਨੇ ਜਿੱਥੇ 63 ਕਿੱਲੋਗ੍ਰਾਮ ਮੁਕਾਬਲੇ ਵਿਚ ਰੋਮਾਨੀਆ ਦੀ ਅਲੈਗਜ਼ੈਂਡਰਾ ਕਰੇਟੂ ਨੂੰ ਹਰਾਇਆ ਉਥੇ ਭਾਵਨਾ ਨੇ ਵੈਨਜ਼ੁਏਲਾ ਦੀ ਏਵੀਮੀਰ ਬਰੀਟੋ ਨੂੰ, ਕੁੰਜਾਰਾਣੀ ਨੇ ਕਜ਼ਾਕਿਸਤਾਨ ਦੀ ਏਗੇਰਿਮ ਕਬਦੋਲਡਾ ਨੂੰ ਤੇ ਲਸ਼ੂ ਨੇ ਮੈਕਸੀਕੋ ਦੀ ਜ਼ੁਜੇਟ ਹਰਨਾਂਡੇਜ ਨੂੰ ਮਾਤ ਦਿੱਤੀ। ਭਾਰਤੀ ਮਹਿਲਾ ਖਿਡਾਰੀਆਂ ਵਿਚ ਸਿਰਫ਼ ਗ੍ਰੀਵੀਆ ਦੇਵੀ ਹੁਈਡਰੋਮ (54 ਕਿੱਲੋਗ੍ਰਾਮ) ਨੂੰ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੇ ਪੰਜ ਮਰਦ ਮੁੱਕੇਬਾਜ਼ਾਂ ਵਿਚੋਂ ਤਿੰਨ ਨੇ ਸੈਮੀਫਾਈਨਲ ਵਿਚ ਥਾਂ ਬਣਾਈ। ਵਿਸ਼ਵਨਾਥ (48 ਕਿੱਲੋਗ੍ਰਾਮ) ਤੇ ਵੰਸ਼ਜ (63.5 ਕਿੱਲੋਗ੍ਰਾਮ) ਨੇ ਕ੍ਰਮਵਾਰ ਆਸਟ੍ਰੇਲੀਆ ਦੇ ਜੇ ਕੇਰ ਤੇ ਕਿਰਗਿਸਤਾਨ ਦੇ ਉਮਰ ਲਿਵਾਜਾ 'ਤੇ ਸਰਬਸੰਮਤੀ ਵਾਲੇ ਫ਼ੈਸਲੇ ਨਾਲ ਜਿੱਤ ਦਰਜ ਕੀਤੀ। ਆਸ਼ੀਸ਼ ਨੇ ਸਕਾਟਲੈਂਡ ਦੇ ਆਰੋਨ ਕੁਲੇਨ ਨੂੰ 4-3 ਨਾਲ ਹਰਾਇਆ। ਇਸ ਮੁਕਾਬਲੇ ਦੀ ਸਮੀਖਿਆ ਕੀਤੀ ਗਈ ਜਿਸ ਤੋਂ ਬਾਅਦ ਭਾਰਤੀ ਮੁੱਕੇਬਾਜ਼ ਦੇ ਪੱਖ ਵਿਚ ਫ਼ੈਸਲਾ ਸੁਣਾਇਆ ਗਿਆ।