ਸੁਖਵਿੰਦਰਜੀਤ ਸਿੰਘ ਮਨੌਲੀ, ਚੰਡੀਗੜ੍ਹ : 40 ਸਾਲ ਪਹਿਲਾਂ ਕੌਮੀ ਹਾਕੀ ਟੀਮ ਨੇ ਮਾਸਕੋ-1980 ਦੀਆਂ ਓਲੰਪਿਕ ਖੇਡਾਂ 'ਚ ਸੋਨ ਤਮਗਾ ਹਾਸਲ ਕੀਤਾ ਸੀ। ਭਾਰਤੀ ਹਾਕੀ ਖਿਡਾਰੀਆਂ ਵੱਲੋਂ ਮਾਸਕੋ 'ਚ ਜਿੱਤਿਆ ਇਹ ਤਮਗਾ ਓਲੰਪਿਕ ਹਾਕੀ 'ਚ ਹਾਸਲ ਕੀਤਾ 8ਵਾਂ ਗੋਲਡ ਮੈਡਲ ਸੀ। ਰਾਊਂਡ ਰੋਬਿਨ ਆਧਾਰ 'ਤੇ ਖੇਡੇ ਗਏ ਓਲੰਪਿਕ ਹਾਕੀ ਟੂਰਨਾਮੈਂਟ 'ਚ ਭਾਰਤੀ ਖਿਡਾਰੀਆਂ ਨੇ ਤਨਜ਼ਾਨੀਆ ਨੂੰ 18-0, ਮੇਜ਼ਬਾਨ ਟੀਮ ਰੂਸ ਨੂੰ 4-2, ਕਿਊਬਾ ਨੂੰ 13-0 ਗੋਲਾਂ ਦੇ ਫ਼ਰਕ ਨਾਲ ਹਰਾਉਣ ਤੋਂ ਬਾਅਦ ਪੋਲੈਂਡ ਤੇ ਸਪੇਨ ਨਾਲ ਦੋਵੇਂ ਮੈਚ 2-2 ਗੋਲਾਂ ਨਾਲ ਡਰਾਅ ਖੇਡਣ 'ਚ ਕਾਮਯਾਬੀ ਹਾਸਲ ਕੀਤੀ। ਰਾਊਂਡ ਰੋਬਿਨ ਅਨੁਸਾਰ ਖੇਡੇ ਗਏ ਮੈਚਾਂ 'ਚ ਅੰਕਾਂ ਦੇ ਆਧਾਰ 'ਤੇ ਭਾਰਤੀ ਟੀਮ ਅੱਵਲ ਤੇ ਸਪੇਨ ਦੀ ਟੀਮ ਦੋਇਮ ਸਥਾਨ 'ਤੇ ਰਹੀ, ਜਿਸ ਕਰਕੇ ਪੀਲੇ ਤਮਗੇ ਲਈ ਮੈਚ ਦੋਵੇਂ ਟੀਮਾਂ ਵਿਚਕਾਰ ਮਾਸਕੋ ਦੇ ਯੰਗ ਪਾਇਨੀਅਰ ਹਾਕੀ ਸਟੇਡੀਅਮ 'ਚ ਖੇਡਿਆ ਗਿਆ। ਭਾਰਤੀ ਖਿਡਾਰੀਆਂ ਨੇ ਸਪੇਨ ਟੀਮ ਨਾਲ ਖੇਡੇ ਫ਼ਸਵੇਂ ਫਾਈਨਲ 'ਚ 4-3 ਗੋਲਾਂ ਦੇ ਫ਼ਰਕ ਦੀ ਜਿੱਤ ਨਾਲ ਓਲੰਪਿਕ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਹਾਕੀ ਮੈਦਾਨ 'ਚ ਤੂਫ਼ਾਨੀ ਹਾਕੀ ਖੇਡਣ ਲਈ ਪ੍ਰਸਿੱਧ ਸਾਬਕਾ ਕਪਤਾਨ ਸੁਰਿੰਦਰ ਸਿੰਘ ਸੋਢੀ ਨੇ ਮਾਸਕੋ ਓਲੰਪਿਕ 'ਚ ਵਿਰੋਧੀ ਟੀਮਾਂ ਨੂੰ ਧੂੜ ਚਟਾਉਣ 'ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਸਟ੍ਰਾਈਕਰ ਦੀ ਪੁਜ਼ੀਸ਼ਨ 'ਤੇ ਖੇਡਣ ਵਾਲੇ ਸੁਰਿੰਦਰ ਸਿੰਘ ਸੋਢੀ ਨੇ ਆਪਣੇ ਜ਼ਿਲ੍ਹਾ ਜਲੰਧਰ ਦੇ ਮਰਹੂਮ ਹਾਕੀ ਓਲੰਪੀਅਨ ਊਧਮ ਸਿੰਘ ਕੁਲਾਰ ਦਾ ਰਿਕਾਰਡ ਤੋੜ ਕੇ ਇਕ ਓਲੰਪਿਕ ਐਡੀਸ਼ਨ 'ਚ 15 ਗੋਲ ਸਕੋਰ ਕਰਨ ਦੇ ਨਵੇਂ ਰਿਕਾਰਡ 'ਤੇ ਆਪਣੇ ਨਾਂ ਦੀ ਮੋਹਰ ਲਾਈ ਜੋ ਅਜੇ ਵੀ 40 ਸਾਲ ਤੋਂ ਉਸ ਦੇ ਨਾਂ ਬੋਲਦਾ ਹੈ। ਇਸ ਤੋਂ ਇਲਾਵਾ ਤਨਜ਼ਾਨੀਆ ਖ਼ਿਲਾਫ਼ ਮੈਚ 'ਚ ਛੇ ਮਿੰਟਾਂ 'ਚ ਤਿੰਨ ਗੋਲ ਦਾਗਣ ਭਾਵ ਹੈਟਿ੍ਕ ਜੜਨ ਦਾ ਓਲੰਪਿਕ ਰਿਕਾਰਡ ਵੀ ਸੁਰਿੰਦਰ ਸਿੰਘ ਸੋਢੀ ਦੇ ਨਾਂ ਦਰਜ ਹੈ। ਮਾਸਕੋ ਦੇ ਯੰਗ ਪਾਇਨੀਅਰ ਹਾਕੀ ਸਟੇਡੀਅਮ 'ਚ ਖ਼ਿਤਾਬੀ ਮੈਚ 'ਚ ਦੋ ਗੋਲ ਦਾਗਣ ਵਾਲੇ ਸੁਰਿੰਦਰ ਸਿੰਘ ਸੋਢੀ ਨੇ ਲੀਗ ਮੈਚਾਂ 'ਚ ਤਨਜ਼ਾਨੀਆ ਵਿਰੁੱਧ ਪੰਜ, ਕਿਊਬਾ ਵਿਰੁੱਧ ਚਾਰ, ਸਪੇਨ ਵਿਰੁੱਧ ਦੋ ਅਤੇ ਮੇਜ਼ਬਾਨ ਰੂਸ ਦੀ ਟੀਮ ਵਿਰੁੱਧ ਦੋ ਗੋਲ ਦਾਗੇ। ਪੰਜਾਬ ਪੁਲਿਸ 'ਚੋਂ ਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸੁਰਿੰਦਰ ਸੋਢੀ ਮਾਸਕੋ ਓਲੰਪਿਕ 'ਚ 15 ਗੋਲਾਂ ਨਾਲ 'ਸਰਬੋਤਮ ਸਕੋਰਰ' ਤੇ ਦਵਿੰਦਰ ਸਿੰਘ ਅੱਠ ਗੋਲ ਦਾਗਣ ਸਦਕਾ 'ਸੈਕਿੰਡ ਟਾਪ ਸਕੋਰਰ' ਨਾਮਜ਼ਦ ਹੋਏ।

ਮੁੜ ਸ਼ੁਰੂ ਹੋਣੀ ਚਾਹੀਦੀ ਹੈ ਹਾਕੀ ਲੀਗ : ਸੋਢੀ

ਮਾਸਕੋ 'ਚ 40 ਸਾਲ ਪਹਿਲਾਂ ਗੋਲਡ ਮੈਡਲ ਜਿਤਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਰਿੰਦਰ ਸਿੰਘ ਸੋਢੀ ਦਾ ਮੌਜੂਦਾ ਹਾਕੀ ਬਾਰੇ ਕਹਿਣਾ ਹੈ ਕਿ ਸਾਰੇ ਦੇਸ਼ ਵਾਸੀਆਂ ਲਈ ਇਹ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਚਾਲੀ ਸਾਲ ਬਾਅਦ ਕੌਮੀ ਹਾਕੀ ਟੀਮ ਵੱਲੋਂ ਓਲੰਪਿਕ ਹਾਕੀ 'ਚ ਕੋਈ ਤਮਗਾ ਜਿੱਤਣਾ ਤਾਂ ਪਾਸੇ ਰਿਹਾ, ਖਿਡਾਰੀ ਓਲੰਪਿਕ ਅਤੇ ਵਿਸ਼ਵ ਹਾਕੀ ਦਾ ਸੈਮੀਫਾਈਨਲ ਖੇਡਣ ਨੂੰ ਹੀ ਤਰਸ ਰਹੇ ਹਨ। ਕੁਆਲਾਲੰਪੁਰ-1975 ਵਿਸ਼ਵ ਹਾਕੀ ਕੱਪ ਅਤੇ ਮਾਸਕੋ-1980 ਓਲੰਪਿਕ 'ਚ ਕੌਮੀ ਹਾਕੀ ਟੀਮਾਂ ਨੇ ਗੋਲਡ ਮੈਡਲ ਜਿੱਤੇ ਸਨ। ਭਾਰਤ 'ਚ ਹਾਕੀ ਹੀ ਇਕੋ-ਇਕ ਖੇਡ ਹੈ, ਜਿਸ ਦੇ ਕੌਮੀ ਖਿਡਾਰੀਆਂ ਨੇ ਓਲੰਪਿਕ ਹਾਕੀ 'ਚ ਅੱਠ ਗੋਲਡ, ਇਕ ਸਿਲਵਰ ਤੇ ਦੋ ਤਾਂਬੇ ਦੇ ਤਮਗੇ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਇਸ ਦੇ ਬਾਵਜੂਦ ਸਾਡੀਆਂ ਤੱਤਕਾਲੀ ਦੇ ਮੌਜੂਦਾ ਕੇਂਦਰੀ ਸਰਕਾਰਾਂ ਹਾਕੀ ਨੂੰ ਕੌਮੀ ਖੇਡ ਵਜੋਂ ਸਵਿਕਾਰਨ ਤੋਂ ਟਾਲਾ ਵੱਟੀ ਜਾ ਰਹੀਆਂ ਹਨ। ਓਲੰਪਿਕ ਹਾਕੀ 'ਚ ਟਰਿੱਪਲ ਗੋਲਡ ਮੈਡਲਿਸਟਾਂ ਮੇਜਰ ਧਿਆਨ ਚੰਦ ਸਿੰਘ ਤੇ ਬਲਬੀਰ ਸਿੰਘ ਸੀਨੀਅਰ ਤੋਂ ਇਲਾਵਾ ਤਿੰਨ ਓਲੰਪਿਕ ਗੋਲਡ ਤੇ ਇਕ ਚਾਂਦੀ ਦਾ ਤਮਗਾ ਜਿੱਤਣ ਵਾਲੇ ਊਧਮ ਸਿੰਘ ਕੁਲਾਰ ਨੂੰ 'ਭਾਰਤ ਰਤਨ' ਦੇਣ 'ਚ ਆਨਾਕਾਨੀ ਕਿਉਂ ਹੋ ਰਹੀ ਹੈ। ਸੋਢੀ ਦਾ ਤਰਕ ਹੈ ਕਿ ਹਾਕੀ ਇੰਡੀਆ ਨੂੰ ਬੰਦ ਪਈ ਘਰੇਲੂ ਹਾਕੀ ਲੀਗ ਮੁੜ ਤੋਂ ਖਿਡਾਉਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਕਿ੍ਕਟ ਦੀ ਤਰਜ਼ 'ਤੇ ਹਾਕੀ ਇੰਡੀਆ ਦੀ ਵਾਗਡੋਰ ਸਾਬਕਾ ਖਿਡਾਰੀਆਂ ਦੇ ਹੱਥਾਂ 'ਚ ਦੇਣ ਨਾਲ ਹੀ ਕੌਮੀ ਹਾਕੀ ਦਾ ਭਲਾ ਹੋ ਸਕਦਾ ਹੈ।

ਮਾਸਕੋ 'ਚ ਖੇਡੀ ਕੌਮੀ ਹਾਕੀ ਟੀਮ : ਕਪਤਾਨ ਵੀ ਭਾਸਕਰਨ ਤੋਂ ਇਲਾਵਾ ਟੀਮ 'ਚ ਟੂਰਨਾਮੈਂਟ ਦਾ ਟਾਪ ਸਕੋਰਰ ਸੁਰਿੰਦਰ ਸਿੰਘ ਸੋਢੀ, ਅਮਰਜੀਤ ਸਿੰਘ ਰਾਣਾ, ਗੁਰਮੇਲ ਸਿੰਘ, ਦਵਿੰਦਰ ਸਿੰਘ, ਰਾਜਿੰਦਰ ਸਿੰਘ ਸੀਨੀਅਰ, ਚਰਨਜੀਤ ਕੁਮਾਰ, ਬੀ. ਛੇਤਰੀ, ਐੱਸ. ਐਲਨ, ਐਸ. ਡੁੰਗ-ਡੁੰਗ, ਐੱਮ. ਐੱਮ. ਸੁਮੱਇਆ, ਐੱਮ. ਕੌਸ਼ਿਕ, ਮਾਰਵਿਨ ਫਰਨਾਂਡੇਜ਼, ਜਫਰ ਇਕਬਾਲ ਤੇ ਮੁਹੰਮਦ ਸ਼ਾਹਿਦ ਸ਼ਾਮਲ ਸਨ।