ਓਲੰਪਿਕ ਹਾਕੀ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਭਾਰਤ ਵੱਲੋਂ ਓਲੰਪਿਕ ਖੇਡਾਂ 'ਚ ਹੁਣ ਤਕ ਜਿੱਤੇ 9 ਸੋਨ ਤਗਮਿਆਂ 'ਚੋਂ 8 ਸੋਨ ਤਗਮੇ ਕੌਮੀ ਹਾਕੀ ਟੀਮ ਦੇ ਖਿਡਾਰੀਆਂ ਦੇ ਨਾਂ ਦਰਜ ਹਨ। ਇਕ ਸੋਨ ਤਗਮਾ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਫੁੰਡਿਆ। ਹਾਕੀ ਪ੍ਰੇਮੀਆਂ ਲਈ ਇਹ ਖ਼ੁਸ਼ੀ ਵਾਲੀ ਗੱਲ ਹੈ ਕਿ ਓਲੰਪਿਕ ਹਾਕੀ 'ਚ ਸਭ ਤੋਂ ਵੱਧ ਤਗਮੇ ਜਿੱਤਣ ਦਾ ਰਿਕਾਰਡ ਭਾਰਤੀ ਹਾਕੀ ਟੀਮ ਦੇ ਨਾਂ ਹੈ। ਭਾਰਤੀ ਹਾਕੀ ਖਿਡਾਰੀਆਂ ਨੇ ਓਲੰਪਿਕ ਹਾਕੀ 'ਚ 8 ਸੋਨੇ, ਇਕ ਚਾਂਦੀ ਤੇ ਦੋ ਤਾਂਬੇ ਦੇ ਤਗਮਿਆਂ ਸਮੇਤ ਕੁੱਲ 11 ਤਗਮੇ ਦੇਸ਼ ਦੀ ਝੋਲੀ 'ਚ ਪਾਏ ਹਨ।

ਓਲੰਪਿਕ 'ਚ ਤਗਮਾ ਜੇਤੂ ਟੀਮਾਂ

ਐਮਸਟਰਡਮ-1928 : ਹਾਲੈਂਡ ਦੇ ਸ਼ਹਿਰ ਐਮਸਟਰਡਮ 'ਚ ਹੋਈਆਂ ਓਲੰਪਿਕ ਖੇਡਾਂ

'ਚ ਜੈਪਾਲ ਸਿੰਘ ਕਪਤਾਨੀ 'ਚ ਪਹਿਲੀ ਵਾਰ ਭਾਰਤੀ ਟੀਮ ਮੈਦਾਨ 'ਚ ਨਿੱਤਰੀ। 9 ਦੇਸ਼ਾਂ ਦੇ ਹਾਕੀ ਮੁਕਾਬਲੇ 'ਚ ਭਾਰਤੀ ਟੀਮ ਨੇ ਮੇਜ਼ਬਾਨ ਹਾਲੈਂਡ ਨੂੰ ਫਾਈਨਲ 'ਚ ਹਰਾ ਕੇ ਪਹਿਲੇ ਗੋਲਡ ਮੈਡਲ 'ਤੇ ਜਿੱਤ ਦੀ ਮੋਹਰ ਲਾਈ। ਜਰਮਨੀ ਨੇ ਬੈਲਜੀਅਮ ਨੂੰ ਹਰਾ ਕੇ ਤਾਂਬੇ ਦਾ ਤਗਮਾ ਜਿੱਤਿਆ। ਭਾਰਤੀ ਟੀਮ 'ਚ ਕਪਤਾਨ ਜੈਪਾਲ ਸਿੰਘ, ਐੱਸਐੱਮ ਯੂਸਫ਼, ਈ ਪੈਨੀਗਰ, ਆਰਜੇ ਐਲਨ, ਐੱਮ ਰੋਜ਼ਕਿਓ, ਐੱਲਐੱਮ ਹਮੌਂਡ, ਆਰਏ ਨੂਰੀਜ਼, ਡਬਲਿਊ. ਕੁਲੀਨ, ਕੇਹਰ ਸਿੰਘ, ਐੱਮ ਜੈਟਲੇਅ, ਸ਼ੌਕਤ ਅਲੀ, ਜੀ ਮਾਰਥਿਨਸ, ਧਿਆਨ ਚੰਦ, ਫਿਰੋਜ਼ ਖ਼ਾਨ ਤੇ ਐੱਫ ਸੀਮੈਨ ਸ਼ਾਮਲ ਸਨ।

ਬਰਲਿਨ-1936 : ਜਰਮਨੀ ਦੀ ਰਾਜਧਾਨੀ ਬਰਲਿਨ 'ਚ ਓਲੰਪਿਕ ਐਡੀਸ਼ਨ 11 ਦੇਸ਼ਾਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ 'ਚ ਕਪਤਾਨ ਧਿਆਨ ਚੰਦ ਦੀ ਟੀਮ ਨੇ ਜਿੱਤ ਦੀ ਅਲਖ ਜਗਾਉਂਦੇ ਹੋਏ ਓਲੰਪਿਕ ਹਾਕੀ ਦੀਆਂ ਜਿੱਤਾਂ ਦੀ ਹੈਟਰਿਕ ਜਮਾਈ। ਹਾਲੈਂਡ ਦੇ ਖਿਡਾਰੀਆਂ ਨੇ ਫਰਾਂਸ ਨੂੰ ਚੌਥੇ ਪਾਏਦਾਨ 'ਤੇ ਪੁੱਜਦਾ ਕਰ ਕੇ ਕਾਂਸੇ ਦਾ ਤਗਮਾ ਜਿੱਤਿਆ। ਧਿਆਨ ਚੰਦ ਸਿੰਘ ਦੀ ਟੀਮ 'ਚ ਉਸ ਦਾ ਭਰਾ ਰੂਪ ਸਿੰਘ, ਐੱਮ ਜ਼ਫ਼ਰ, ਆਰਜੇ ਐਲਨ, ਏਆਈਐੱਸ ਦਾਰਾ, ਕਾਰਲੀਲ ਕੈਰੋਲ ਟੈਪਸੈਲ, ਮੁਹੰਮਦ ਹੁਸੈਨ, ਡਬਲਿਊ ਕੁਲੀਨ, ਜੇ ਫਲਿਪਸ, ਐੱਮਐੱਨ ਮਸੂਦ, ਇਸ਼ਾਨ ਮੁਹੰਮਦ ਖ਼ਾਨ, ਪਾਓਲ ਪੀਟਰ ਫਰਨਾਂਡੀਜ਼, ਗੁਰਚਰਨ ਸਿੰਘ ਗਰੇਵਾਲ, ਅਹਿਮਦ ਸ਼ੇਰ ਖ਼ਾਨ, ਜੇ ਗਲੈਬਾਰਡੀ, ਸ਼ਹਾਬੂਦੀਨ, ਬੀਐੱਮ ਨਿਰਮਲ, ਆਈਸੀ ਅਮੇਟ ਤੇ ਮੀਚੀ ਸ਼ਾਮਲ ਸਨ। 1940 ਤੇ 1944 ਦੀਆਂ ਓਲੰਪਿਕ ਖੇਡਾਂ ਦੂਜੀ ਸੰਸਾਰ ਜੰਗ ਕਾਰਨ ਹੋਈਆਂ ਹੀ ਨਹੀਂ ਸਨ।

ਲੰਡਨ-1948 : ਲੰਡਨ ਓਲੰਪਿਕ ਖੇਡਾਂ 'ਚ ਕਪਤਾਨ ਕਿਸ਼ਨ ਲਾਲ ਦੀ ਟੀਮ ਨੇ ਚੌਥੀ ਵਾਰ ਭਾਰਤ ਦਾ ਝੰਡਾ ਬੁਲੰਦ ਕਰਦਿਆਂ ਸੋਨ ਤਗਮਾ ਜਿੱਤਿਆ। ਭਾਰਤ ਤੋਂ ਹਾਰਨ ਵਾਲੀ ਮੇਜ਼ਬਾਨ ਬਰਤਾਨਵੀ ਟੀਮ ਨੂੰ ਚਾਂਦੀ ਦਾ ਮੈਡਲ ਮਿਲਿਆ। ਇੱਥੇ ਭਾਰਤ ਨਾਲੋਂ ਵੱਖ ਹੋਏ ਦੇਸ਼ ਪਾਕਿਸਤਾਨ ਨੇ ਪਹਿਲੀ ਵਾਰ ਆਪਣੀ ਹਾਕੀ ਟੀਮ ਖੇਡ ਮੈਦਾਨ 'ਚ ਉਤਾਰੀ, ਜਿਸ ਨੂੰ ਤਾਂਬੇ ਦੇ ਤਗਮੇ ਲਈ ਹੋਏ ਮੁਕਾਬਲੇ 'ਚ ਹਾਲੈਂਡ ਤੋਂ ਹਾਰਨ ਸਦਕਾ ਚੌਥਾ ਸਥਾਨ ਹਾਸਲ ਹੋਇਆ। ਭਾਰਤੀ ਟੀਮ 'ਚ ਕਪਤਾਨ ਕਿਸ਼ਨ ਲਾਲ ਦੇ ਹਾਕੀ ਜਥੇ 'ਚ ਕੇਡੀ ਸਿੰਘ ਬਾਬੂ, ਲੀਓ ਪਿੰਟੋ, ਆਰ ਫਰਾਂਸਿਸ, ਤਰਲੋਚਨ ਸਿੰਘ ਬਾਵਾ, ਅਖ਼ਤਰ ਹੁਸੈਨ, ਡਬਲਿਊਡੀ ਡੀਸੂਜ਼ਾ, ਆਰਐੱਸ ਜੈਂਟਲ, ਕੇਸ਼ਵ ਦੱਤ, ਮੈਕਸੀ ਵਾਜ਼, ਜਸਵੰਤ ਸਿੰਘ, ਐੱਲ ਕਲਾਡੀਅਸ, ਅਮੀਰ ਕੁਮਾਰ, ਐੱਲ ਫਰਨਾਂਡੀਜ਼, ਲਤੀਫ਼ ਉਰ ਰਹਿਮਾਨ, ਪਾਲ ਜਨਸੇਨ, ਆਰ ਰੌਡਰਿਗਜ਼, ਜੀ ਗਲੈਕਨ, ਬਲਬੀਰ ਸਿੰਘ ਸੀਨੀਅਰ, ਜੀ ਨੰਦੀ ਸਿੰਘ, ਏ ਸ਼ਕੂਰ ਤੇ ਏਸੀ ਚੈਟਰਜੀ ਸ਼ਾਮਲ ਸਨ।

ਹੇਲਸਿੰਕੀ-1952 : ਹੇਲਸਿੰਕੀ ਓਲੰਪਿਕ 'ਚ ਭਾਰਤ ਨੇ ਹਾਲੈਂਡ ਨੂੰ ਮੈਦਾਨ ਦੀ ਧੂੜ ਚਟਾ ਕੇ ਲਗਾਤਾਰ 5ਵੀਂ ਵਾਰ ਓਲੰਪਿਕ ਹਾਕੀ ਚੈਂਪੀਅਨਸ਼ਿਪ ਜਿੱਤੀ। ਇੰਗਲੈਂਡ ਤੋਂ ਕਾਂਸੇ ਦੇ ਤਗਮੇ ਵਾਲਾ ਮੈਚ ਹਾਰਨ ਤੋਂ ਬਾਅਦ ਪਾਕਿਸਤਾਨੀ ਟੀਮ ਇਕ ਫਿਰ ਚੌਥੇ ਸਥਾਨ 'ਤੇ ਰਹੀ। ਚੈਂਪੀਅਨ ਬਣੀ ਭਾਰਤੀ ਟੀਮ 'ਚ ਕੈਪਟਨ ਕੇਡੀ ਸਿੰਘ ਬਾਬੂ, ਆਰ ਫਰਾਂਸਿਸ, ਸੀ ਦੇਸ਼ਮੁੱਥੂ, ਆਰਐੱਸ ਜੈਂਟਲ, ਧਰਮ ਸਿੰਘ, ਸਵਰੂਪ ਸਿੰਘ, ਐੱਲ ਕਲਾਡੀਅਸ, ਜੀ ਪੇਰੂਮਲ, ਜਸਵੰਤ ਸਿੰਘ, ਰਘਬੀਰ ਲਾਲ, ਸੀਐੱਸ ਦੂਬੇ, ਬਲਬੀਰ ਸਿੰਘ ਸੀਨੀਅਰ, ਜੀ ਨੰਦੀ ਸਿੰਘ, ਊਧਮ ਸਿੰਘ ਕੁਲਾਰ, ਐੱਮ ਰਾਜਗੋਪਾਲ, ਪੀ ਡੁਲਕਸ ਤੇ ਸੀਐੱਸ ਗੁਰੰਗ ਅਜਿਹੇ ਖੱਬੀਖ਼ਾਨ ਖਿਡਾਰੀ ਸ਼ਾਮਲ ਸਨ।

ਮੈਲਬਰਨ-1956 : ਮੈਲਬਰਨ 'ਚ ਜਿੱਥੇ ਭਾਰਤੀ ਟੀਮ ਨੇ ਓਲੰਪਿਕ ਟੂਰਨਾਮੈਂਟ 'ਚ ਜਿੱਤੇ ਛੇ ਸੋਨ ਤਗਮਿਆਂ ਦਾ ਇਤਿਹਾਸਕ ਸਿਕਸਰ ਅਜੇ ਤਕ ਆਪਣੇ ਨਾਂ ਕੀਤਾ ਹੋਇਆ ਹੈ ਉੱਥੇ ਟੀਮ ਕਮਾਂਡਰ ਬਲਬੀਰ ਸਿੰਘ ਸੀਨੀਅਰ ਦੇ ਖਿਡਾਰੀਆਂ ਨੇ ਪਾਕਿਸਤਾਨ ਦੇ ਖਿਡਾਰੀਆਂ ਨੂੰ ਚਾਂਦੀ ਦੇ ਮੈਡਲ ਦੇ ਰਾਹ ਪਾਉਣ ਦਾ ਪਰਉਪਕਾਰ ਕਰਕੇ ਵੱਡਾ ਖੇਡ ਪੁੰਨ ਖੱਟਿਆ। ਜਰਮਨੀ ਦੀ ਟੀਮ ਨੇ ਇੰਗਲੈਂਡ ਨੂੰ ਹਾਰ ਦੇ ਰਸਤੇ ਤੋਰ ਕੇ ਤਾਂਬੇ ਦਾ ਤਗਮਾ ਚੁੰਮਿਆ। ਬਲਬੀਰ ਸਿੰਘ ਸੀਨੀਅਰ ਦੀ ਟੀਮ 'ਚ ਗੋਲਚੀ ਸ਼ੰਕਰ ਲਕਸ਼ਮਨ, ਆਰਐੱਸ ਜੈਂਟਲ, ਬਾਲਕ੍ਰਿਸ਼ਨ ਸਿੰਘ, ਬਖ਼ਸ਼ੀਸ਼ ਸਿੰਘ, ਐੱਲ ਕਲਾਡੀਅਸ, ਅਮੀਰ ਸਿੰਘ, ਜੀ ਪੇਰੂਮਲ, ਓਪੀ ਮਲਹੋਤਰਾ, ਏਐੱਸ ਬਖ਼ਸ਼ੀ, ਚਾਰਲਸ ਸਟੀਫ਼ਨ, ਗੁਰਦੇਵ ਸਿੰਘ ਕੁਲਾਰ, ਰਘਬੀਰ ਸਿੰਘ, ਬਲਬੀਰ ਸਿੰਘ ਜੂਨੀਅਰ, ਊਧਮ ਸਿੰਘ ਕੁਲਾਰ, ਆਰਐੱਸ ਭੋਲਾ, ਹਰਦਿਆਲ ਸਿੰਘ, ਆਰ ਫਰਾਂਸਿਜ਼ ਤੇ ਹਰਪਾਲ ਕੌਸ਼ਿਕ ਸ਼ਾਮਲ ਸਨ।

ਰੋਮ-1960 : ਇਟਲੀ ਦੀ ਰਾਜਧਾਨੀ ਰੋਮ 'ਚ ਹੋਏ ਓਲੰਪਿਕ ਹਾਕੀ ਟੂਰਨਾਮੈਂਟ 'ਚ ਪਾਕਿਸਤਾਨੀ ਟੀਮ ਨੇ ਚਾਰ ਸਾਲ ਪਹਿਲਾਂ ਮੈਲਬਰਨ ਓਲੰਪਿਕ 'ਚ ਮਿਲੀ ਹਾਰ ਦਾ ਰੋਣਾ ਧੋਂਦਿਆਂ ਭਾਰਤ ਨੂੰ ਚਾਂਦੀ ਦੇ ਤਗਮੇ ਤਕ ਸੀਮਤ ਕਰ ਦਿੱਤਾ। ਸਪੇਨ ਨੇ ਇੰਗਲੈਂਡ ਨੂੰ ਚੌਥੇ ਸਥਾਨ 'ਤੇ ਧੱਕ ਕੇ ਤਾਂਬੇ ਦਾ ਤਗਮਾ ਜਿੱਤਿਆ। ਚਾਂਦੀ ਦਾ ਤਗਮਾ ਜੇਤੂ ਇਸ ਭਾਰਤੀ ਟੀਮ 'ਚ ਕਪਤਾਨ ਐੱਲ ਕਲਾਡੀਅਸ, ਗੋਲਕੀਪਰ ਸ਼ੰਕਰ ਲਕਸ਼ਮਨ, ਸੀ ਦੇਸ਼ਮੁੱਥੂ, ਕੇ ਅਰੋੜਾ, ਬੀ ਪਾਟਿਲ, ਜੀ ਸਾਵੰਤ, ਇਰਮਨ ਕੇ ਬਸਤਿਨ, ਪ੍ਰਿਥੀਪਾਲ ਸਿੰਘ, ਜੇਐੱਨ ਸ਼ਰਮਾ, ਸਾਂਤਾ ਰਾਮ, ਚਰਨਜੀਤ ਸਿੰਘ, ਜੇ ਅਨਟਿਕ, ਮਨੋਹਰ ਲਾਲ, ਜੋਗਿੰਦਰ ਸਿੰਘ, ਵੀਜੇ ਪੀਟਰ, ਜਸਵੰਤ ਸਿੰਘ, ਊਧਮ ਸਿੰਘ ਕੁਲਾਰ, ਆਰਐੱਸ ਭੋਲਾ, ਹਰੀਪਾਲ ਕੌਸ਼ਿਕ, ਬਾਲਕ੍ਰਿਸ਼ਨ ਸਿੰਘ ਤੇ ਜੇ ਮਸਕਰਾਂਹੈਸ ਸ਼ਾਮਲ ਸਨ।

ਟੋਕੀਓ-1964 : ਜਪਾਨ ਦੀ ਰਾਜਧਾਨੀ ਟੋਕੀਓ 'ਚ ਹੋਈ ਓਲੰਪਿਕ ਵਿਚ ਭਾਰਤੀ ਕਪਤਾਨ ਚਰਨਜੀਤ ਸਿੰਘ ਦੀ ਟੀਮ ਨੇ ਜਿੱਤ ਵੱਲ ਵਾਪਸੀ ਕਰਦਿਆਂ ਪਾਕਿਸਤਾਨੀ ਟੀਮ ਵੱਲੋਂ ਪਾਈ ਭਾਜੀ ਉਤਾਰ ਕੇ ਓਲੰਪਿਕ ਹਾਕੀ ਦਾ 7ਵਾਂ ਸੋਨ ਤਗਮਾ ਹਾਸਲ ਕਰ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਆਸਟ੍ਰੇਲੀਆ ਦੇ ਖਿਡਾਰੀਆਂ ਨੇ ਸਪੇਨ ਦੇ ਖਿਡਾਰੀਆਂ ਦੀ ਕੰਡ ਲਾ ਕੇ ਤਾਂਬੇ ਦਾ ਤਗਮਾ ਜਿੱਤਿਆ। ਚਰਨਜੀਤ ਸਿੰਘ ਨਾਲ ਇਸ ਜੇਤੂ ਜਥੇ 'ਚ ਹਰੀਪਾਲ ਕੌਸ਼ਿਕ, ਗੋਲਕੀਪਰ ਸ਼ੰਕਰ ਲਕਸ਼ਮਨ, ਆਰਏ ਕ੍ਰਿਸਟੀ, ਗੁਰਬਖ਼ਸ਼ ਸਿੰਘ, ਧਰਮ ਸਿੰਘ, ਪ੍ਰਿਥੀਪਾਲ ਸਿੰਘ, ਮਹਿੰਦਰ ਪਾਲ, ਰਾਜਿੰਦਰ ਸਿੰਘ, ਜਗਜੀਤ ਸਿੰਘ ਕੁਲਾਰ, ਊਧਮ ਸਿੰਘ ਕੁਲਾਰ, ਦਰਸ਼ਨ ਸਿੰਘ ਕੁਲਾਰ, ਬੰਧੂ ਪਾਟਿਲ, ਵੀਜੇ ਪੀਟਰ ਤੇ ਅਲੀ ਸਈਦ ਵਰਗੇ ਧਾਕੜ ਖਿਡਾਰੀ ਸ਼ਾਮਲ ਸਨ।

ਮੈਕਸੀਕੋ-1968 : ਮੈਕਸੀਕੋ ਓਲੰਪਿਕ ਹਾਕੀ ਮੁਕਾਬਲੇ 'ਚ ਕੌਮੀ ਟੀਮ ਦੇ ਸਾਂਝੇ ਕਪਤਾਨ ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਦੀ ਟੀਮ ਪਹਿਲੀ ਵਾਰ ਫਾਈਨਲ ਦੀ ਦੌੜ ਤੋਂ ਬਾਹਰ ਹੋਣ ਸਦਕਾ ਜਰਮਨੀ ਦੀ ਟੀਮ ਨੂੰ ਹਰਾ ਕੇ ਤਾਂਬੇ ਦਾ ਮੈਡਲ ਹੀ ਜਿੱਤ ਸਕੀ। ਪ੍ਰਿਥੀਪਾਲ ਸਿੰਘ ਤੇ ਗੁਰਬਖ਼ਸ਼ ਸਿੰਘ ਤੋਂ ਇਲਾਵਾ ਇਸ ਟੀਮ 'ਚ ਜਲੰਧਰ ਜ਼ਿਲ੍ਹੇ ਦੇ ਸੰਸਾਰਪੁਰ ਪਿੰਡ ਦੇ ਪੰਜ ਖਿਡਾਰੀ ਅਜੀਤਪਾਲ ਸਿੰਘ ਕੁਲਾਰ, ਜਗਜੀਤ ਸਿੰਘ ਕੁਲਾਰ, ਬਲਬੀਰ ਸਿੰਘ ਕੁਲਾਰ ਸਰਵਸਿਜ਼, ਤਰਸੇਮ ਸਿੰਘ ਕੁਲਾਰ, ਬਲਬੀਰ ਸਿੰਘ ਕੁਲਾਰ ਪੰਜਾਬ ਪੁਲਿਸ ਵਾਲਾ, ਹਰਮੀਕ ਸਿੰਘ, ਧਰਮ ਸਿੰਘ, ਹਰਬਿੰਦਰ ਸਿੰਘ, ਇੰਦਰ ਸਿੰਘ, ਬਲਬੀਰ ਸਿੰਘ ਰੇਲਵੇ ਵਾਲਾ, ਗੁਰਬਖ਼ਸ਼ ਸਿੰਘ, ਮੁਨੀਰ ਸੇਠ, ਆਰਏ ਕ੍ਰਿਸਟੀ, ਪੀ ਕ੍ਰਿਸ਼ਨਾਮੂਰਤੀ, ਪੀਜੇ ਪੀਟਰ ਤੇ ਇਨਾਮ ਉਰ ਰਹਿਮਾਨ ਸ਼ਾਮਲ ਸਨ।

ਮਿਊਨਿਖ-1972 : ਮਿਊਨਿਖ ਓਲੰਪਿਕ 'ਚ ਕਪਤਾਨ ਹਰਮੀਕ ਸਿੰਘ ਦੀ ਅਗਵਾਈ ਵਿਚ ਇਕ ਵਾਰ ਫਿਰ ਫਾਈਨਲ ਖੇਡਣੋਂ ਵਿਰਵੀ ਰਹਿ ਕੇ ਹਾਲੈਂਡ ਨੂੰ ਹਰਾ ਕੇ ਭਾਰਤੀ ਟੀਮ ਤਾਂਬੇ ਦਾ ਤਗਮਾ ਹੀ ਜਿੱਤ ਸਕੀ। ਇਸ ਟੀਮ 'ਚ ਕਪਤਾਨ ਹਰਮੀਕ ਸਿੰਘ, ਉਸ ਦਾ ਭਰਾ ਤੇ ਓਲੰਪੀਅਨ ਗਗਨਅਜੀਤ ਸਿੰਘ ਦਾ ਪਿਤਾ ਅਜੀਤ ਸਿੰਘ, ਮੁਖਬੈਨ ਸਿੰਘ, ਵਰਿੰਦਰ ਸਿੰਘ, ਕੁਲਵੰਤ ਸਿੰਘ, ਹਰਚਰਨ ਸਿੰਘ, ਹਰਬਿੰਦਰ ਸਿੰਘ, ਅਜੀਤਪਾਲ ਸਿੰਘ ਕੁਲਾਰ, ਮੈਨੂਅਲ ਫੈਡਰਿਕ, ਚਾਰਲਸ ਕਾਰਨੀਲਿਓਸ, ਮਾਈਕਲ ਕਿੰਡੋ, ਅਸਲਮ ਸ਼ੇਰ ਖ਼ਾਨ, ਪੇਰੂਮਲ ਕ੍ਰਿਸ਼ਨਾਮੂਰਤੀ, ਵੇਸ ਪੇਸ, ਐੱਮਪੀ ਗਣੇਸ਼, ਵੀਜੇ ਫਲਿਪਸ, ਅਸ਼ੋਕ ਕੁਮਾਰ ਤੇ ਬੀਪੀ ਗੋਬਿੰਦਾ ਸ਼ਾਮਲ ਸਨ।

ਮਾਸਕੋ-1980 : ਅਮਰੀਕਾ ਪੱਖੀ ਨਰੋਈ ਹਾਕੀ ਖੇਡਣ ਵਾਲੇ ਦੇਸ਼ਾਂ ਵੱਲੋਂ ਮਾਸਕੋ ਓਲੰਪਿਕ ਦਾ ਬਾਈਕਾਟ ਕਰਨ ਨਾਲ ਛੇ ਦੇਸ਼ਾਂ ਦੀਆਂ ਟੀਮਾਂ ਹੀ ਇਸ ਓਲੰਪਿਕ 'ਚ ਨਿਤਰੀਆਂ, ਜਿਸ 'ਚ ਭਾਰਤ ਨੇ ਸਪੇਨ ਨੂੰ ਫਾਈਨਲ 'ਚ 4-3 ਗੋਲਾਂ ਨਾਲ ਮਾਤ ਦੇ ਕੇ ਓਲੰਪਿਕ ਹਾਕੀ ਦਾ 8ਵਾਂ ਗੋਲਡ ਮੈਡਲ ਜਿੱਤਿਆ। ਚੈਂਪੀਅਨ ਟੀਮ 'ਚ ਕਪਤਾਨ ਭਾਸਕਰਨ, ਟੂਰਨਾਮੈਂਟ ਦਾ 'ਟਾਪ ਸਕੋਰਰ' ਤੇ ਸਟ੍ਰਾਈਕਰ ਸੁਰਿੰਦਰ ਸਿੰਘ ਸੋਢੀ, ਅਮਰਜੀਤ ਸਿੰਘ ਰਾਣਾ, ਗੁਰਮੇਲ ਸਿੰਘ, ਦਵਿੰਦਰ ਸਿੰਘ, ਰਾਜਿੰਦਰ ਸਿੰਘ ਸੀਨੀਅਰ, ਚਰਨਜੀਤ ਕੁਮਾਰ, ਬੀ ਛੇਤਰੀ, ਐੱਸ ਐਲਨ, ਐੱਸ ਡੁੰਗ-ਡੁੰਗ, ਐੱਮਐੱਮ ਸੁਮੱਇਆ, ਐੱਮ ਕੌਸ਼ਿਕ, ਮਾਰਵਿਨ ਫਰਨਾਂਡੇਜ਼, ਜ਼ਫ਼ਰ ਇਕਬਾਲ ਤੇ ਮੁਹੰਮਦ ਸ਼ਾਹਿਦ ਸ਼ਾਮਲ ਸਨ।

ਅਟੈਕਿੰਗ ਸਟ੍ਰਾਈਕਰ ਸੁਰਿੰਦਰ ਸਿੰਘ ਸੋਢੀ

ਮਾਸਕੋ ਓਲੰਪਿਕ 'ਚ ਸੁਰਿੰਦਰ ਸਿੰਘ ਸੋਢੀ ਨੇ 15 ਗੋਲਾਂ ਦਾ ਰਿਕਾਰਡ ਕਾਇਮ ਕਰਕੇ ਜ਼ਿਲ੍ਹਾ ਜਲੰਧਰ ਦੇ ਪਿੰਡ ਸੰਸਾਰਪੁਰ ਦੇ ਹਾਕੀ ਓਲੰਪੀਅਨ ਊਧਮ ਸਿੰਘ ਦਾ ਰਿਕਾਰਡ ਤੋੜਿਆ। 40 ਸਾਲ ਤੋਂ ਇਸ ਰਿਕਾਰਡ ਦਾ ਮਾਲਕ ਬਣੇ ਸੁਰਿੰਦਰ ਸਿੰਘ ਸੋਢੀ ਨੇ ਮਾਸਕੋ ਓਲੰਪਿਕ 'ਚ ਤਨਜ਼ਾਨੀਆ ਵਿਰੁੱਧ ਛੇ ਮਿੰਟ 'ਚ ਤਿੰਨ ਗੋਲ ਦਾਗਣ, ਭਾਵ ਘੱਟ ਸਮੇਂ 'ਚ ਹੈਟਰਿਕ ਮਾਰਨ ਦਾ ਇਕ ਹੋਰ ਓਲੰਪਿਕ ਰਿਕਾਰਡ ਆਪਣੇ ਨਾਂ ਕੀਤਾ। ਮਾਸਕੋ ਓਲੰਪਿਕ 'ਚ ਜਿੱਥੇ ਸੁਰਿੰਦਰ ਸਿੰਘ ਸੋਢੀ ਨੇ 15 ਗੋਲ ਸਕੋਰ ਕਰਨ ਸਦਕਾ 'ਟਾਪ ਸਕੋਰਰ' ਬਣਨ ਦਾ ਜੱਸ ਖੱਟਿਆ ਉੱਥੇ ਪੰਜਾਬ ਦੇ ਦਵਿੰਦਰ ਸਿੰਘ ਨੂੰ ਟੂਰਨਾਮੈਂਟ 'ਚ 8 ਗੋਲ ਦਾਗਣ ਸਦਕਾ 'ਸੈਕਿੰਡ ਸਰਬੋਤਮ ਸਕੋਰਰ' ਬਣਨ ਦਾ ਹੱਕ ਹਾਸਲ ਹੋਇਆ।

ਲਾਸ ਏਂਜਲਸ 1932

ਓਲੰਪਿਕ ਹਾਕੀ ਦਾ ਚੌਥਾ ਐਡੀਸ਼ਨ 1932 'ਚ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ 'ਚ ਖੇਡਿਆ ਗਿਆ। ਤਿੰਨ ਦੇਸ਼ ਓਲੰਪਿਕ ਖੇਡੇ, ਜਿਸ 'ਚ ਭਾਰਤੀ ਟੀਮ ਨੇ ਜਾਪਾਨ ਨੂੰ ਹਰਾ ਕੇ ਸੋਨੇ ਦਾ ਤਗਮਾ ਹਾਸਲ ਕੀਤਾ। ਜਾਪਾਨ ਨੂੰ ਚਾਂਦੀ ਦਾ ਤਗਮਾ ਮਿਲਿਆ ਤੇ ਮੇਜ਼ਬਾਨ ਅਮਰੀਕਾ ਤਾਂਬੇ ਦੇ ਤਗਮੇ ਨਾਲ ਤੀਜੇ ਸਥਾਨ 'ਤੇ ਰਿਹਾ। ਭਾਰਤੀ ਕਪਤਾਨ ਲਾਲ ਸ਼ਾਹ ਬੁਖ਼ਾਰੀ ਦੀ ਟੀਮ 'ਚ ਆਰਜੇ ਐਲਨ, ਸੀ ਟਪਸੈਲ, ਏਸੀ ਹਿੰਦ, ਐੱਨਸੀ ਹਮੌਂਡ, ਐੱਸ ਅਸਲਮ, ਐੱਫ ਬਰੀਵਨ, ਮਸੂਦ ਮਿਨਹਾਸ, ਈ ਪੈਨੀਗਰ, ਆਰਜੇ ਕਾਰ, ਗੁਰਮੀਤ ਸਿੰਘ ਕੁਲਾਰ, ਧਿਆਨ ਚੰਦ, ਰੂਪ ਸਿੰਘ, ਐੱਮ ਜ਼ਫ਼ਰ ਤੇ ਡਬਲਿਊਪੀ ਸੁਲੀਵਾਨ ਅਜਿਹੇ ਨਾਮੀ ਖਿਡਾਰੀ ਸ਼ਾਮਲ ਸਨ।

ਸੁਖਵਿੰਦਰਜੀਤ ਸਿੰਘ ਮਨੌਲੀ

94171-82993

Posted By: Harjinder Sodhi