ਬਲਵਿੰਦਰ ਧਾਲੀਵਾਲ, ਸੁਲਤਾਨਪੁਰ ਲੋਧੀ : ਚੀਨ ਵਿਖੇ ਵਾਟਰ ਸਪੋਰਟਸ ਇੰਟਰਨੈਸ਼ਨਲ ਕਨੋਇੰਗ ਫੈਡਰੇਸ਼ਨ ਵਰਲਡ ਕੱਪ ਨਿੰਗਬੋ ਵਿਚ 2 ਤੋਂ 3 ਨਵੰਬਰ 2019 ਨੂੰ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਭਾਰਤ ਸਮੇਤ ਦੁਨੀਆ ਦੇ 34 ਦੇਸ਼ਾਂ ਵਿਚੋਂ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ। ਜਿਸ ਵਿਚ ਡਰੈਗਨ ਬੋਟ 500 ਮੀਟਰ ਰੇਸ ਵਿੱਚੋਂ ਚੀਨ ਨੇ ਸੋਨੇ ਦਾ, ਤਾਈਪਾਈ ਨੇ ਸਿਲਵਰ ਦਾ ਅਤੇ ਭਾਰਤ ਨੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਇਹ ਭਾਰਤ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਖ਼ਾਸ ਤੌਰ 'ਤੇ ਪੰਜਾਬ ਲਈ ਕਿਉਂਕਿ ਇਸ ਟੀਮ ਵਿਚ ਸੱਤ ਖਿਡਾਰੀ ਪੰਜਾਬ ਦੇ ਖੇਡ ਰਹੇ ਸਨ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਜੋ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਹੇਠ ਚੱਲ ਰਿਹਾ ਹੈ, ਵਿਚ ਇਸ ਵਰਲਡ ਕੱਪ ਦੇ ਅਭਿਆਸ ਕੈਂਪ ਲਈ ਪ੍ਰਬੰਧ ਕੀਤਾ ਗਿਆ ਸੀ। ਇੰਡੀਅਨ ਕਿਯਾਕਿੰਗ ਕਨੋਇੰਗ ਐਸੋਸੀਏਸ਼ਨ ਦੇ ਭਾਰਤੀ ਟੀਮ ਕੋਚ ਅਮਨਦੀਪ ਸਿੰਘ ਖਹਿਰਾ ਨੇ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਵਿਚ ਖਿਡਾਰੀਆਂ ਨੂੰ ਤਿਆਰ ਕੀਤਾ ਸੀ।