ਨਵੀਂ ਦਿੱਲੀ (ਏਐੱਨਆਈ) : ਭਾਰਤੀ ਟੈਨਿਸ ਟੀਮ ਨੇ ਆਲ ਇੰਡੀਆ ਟੈਨਿਸ ਐਸੋਸੀਏਸ਼ਨ ਨੂੰ ਇਕ ਪੱਤਰ ਲਿਖਿਆ ਹੈ। ਖਿਡਾਰੀਆਂ ਨੇ ਏਆਈਟੀਏ ਨੂੰ ਲਿਖਿਆ ਹੈ ਕਿ ਉਹ ਡੇਵਿਸ ਕੱਪ ਦੇ ਮੈਚ ਲਈ ਪਾਕਿਸਤਾਨ ਨਹੀਂ ਜਾਣਗੇ। ਇਸ ਕਾਰਨ ਹੁਣ ਰਾਸ਼ਟਰੀ ਟੈਨਿਸ ਸੰਸਥਾ ਨੂੰ ਦੋਵਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅਪੂਰਨ ਸਬੰਧਾਂ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਟੈਨਿਸ ਫੈਡਰੇਸ਼ਨ ਨੂੰ ਪੱਤਰ ਲਿਖ ਕੇ ਸਥਾਨ ਨੂੰ ਬਦਲਣ ਦੀ ਮੰਗ ਕਰਨੀ ਪਵੇਗੀ। ਏਆਈਟੀਏ ਨਾਲ ਜੁੜੇ ਇਕ ਕਰੀਬੀ ਸੂਤਰ ਨੇ ਦੱਸਿਆ ਹੈ ਕਿ ਭਾਰਤੀ ਟੀਮ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਕਾਰਨ ਪਾਕਿਸਤਾਨ ਜਾਣ ਲਈ ਤਿਆਰ ਨਹੀਂ ਹੈ। ਅਸੀਂ ਉਡੀਕ ਕਰਾਂਗੇ ਕਿ ਆਈਟੀਐੱਫ ਕੀ ਕਹਿੰਦਾ ਹੈ। ਭਾਰਤੀ ਟੈਨਿਸ ਟੀਮ ਨੇ ਏਆਈਟੀਏ ਨੂੰ ਵੀ ਲਿਖਿਆ ਹੈ ਕਿ ਇਹ ਮੁਕਾਬਲਾ ਕਿਸੇ ਨਿਰਪੱਖ ਥਾਂ 'ਤੇ ਹੋਵੇ। ਇਸ ਲਈ ਏਆਈਟੀਏ ਮੁੜ ਤੋਂ ਆਈਟੀਐੱਫ ਨੂੰ ਨਿਰਪੱਖ ਥਾਂ ਲਈ ਖ਼ਤ ਲਿਖੇਗਾ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਅਗਸਤ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਜੰਮੂ ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦੇ ਨਾਲ ਨਾਲ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਰਾਜ ਦਾ ਦਰਜਾ ਖੋਹ ਲਿਆ ਸੀ। ਇਸ ਤੋਂ ਇਲਾਵਾ ਜੰਮੂ ਕਸ਼ਮੀਰ ਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਸੀ ਜਿਸ ਕਾਰਨ ਪਾਕਿਸਤਾਨ ਨਾਰਾਜ਼ ਹੋ ਗਿਆ ਸੀ।

ਨਵੀਆਂ ਤਰੀਕਾਂ ਦਾ ਹੋਇਆ ਸੀ ਐਲਾਨ

ਇਸੇ ਸਾਲ ਸਤੰਬਰ ਵਿਚ ਏਆਈਟੀਏ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਡੇਵਿਸ ਕੱਪ ਦੇ ਮੁਕਾਬਲੇ ਲਈ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਸੀ। ਆਲ ਇੰਡੀਆ ਟੈਨਿਸ ਐਸੋਸੀਏਸ਼ਨ ਦੀਆਂ ਨਵੀਆਂ ਤਰੀਕਾਂ ਵਿਚ ਦੱਸਿਆ ਗਿਆ ਸੀ ਕਿ ਇਸੇ ਸਾਲ ਨਵੰਬਰ 29 ਤੇ 30 ਜਾਂ ਫਿਰ ਨਵੰਬਰ 30 ਤੇ ਇਕ ਦਸੰਬਰ ਨੂੰ ਮੈਚ ਹੋ ਸਕਦੇ ਹਨ। ਇਹ ਦੁਵੱਲੇ ਮੁਕਾਬਲੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ 'ਚ ਹੋਣਗੇ।

ਪਹਿਲਾਂ ਵੀ ਮੁਲਤਵੀ ਹੋ ਹਨ ਮੁਕਾਬਲੇ

ਇਕ ਬਿਆਨ ਵਿਚ ਏਆਈਟੀਏ ਨੇ ਕਿਹਾ ਸੀ ਕਿ ਚਾਰ ਨਵੰਬਰ ਨੂੰ ਸੁਰੱਖਿਆ ਹਾਲਾਤ ਦੀ ਜਾਂਚ ਹੋਵੇਗੀ ਕਿ ਕੀ ਇਹ ਮੁਕਾਬਲੇ ਇਸਲਾਮਾਬਾਦ ਵਿਚ ਹੋਣਗੇ ਜਾਂ ਕਿਸੇ ਹੋਰ ਥਾਂ ਸ਼ਿਫਟ ਕੀਤੇ ਜਾਣਗੇ। 22 ਅਗਸਤ ਨੂੰ ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਡੇਵਿਸ ਕੱਪ ਦੇ ਮੁਕਾਬਲਿਆਂ ਨੂੰ ਉਥੇ ਦੀ ਸੁਰੱਖਿਆ ਜਾਂਚ ਕਰਵਾਉਣ ਤੋਂ ਬਾਅਦ ਮੁਲਤਵੀ ਕਰ ਦਿੱਤਾ ਸੀ ਜੋ ਸਤੰਬਰ ਵਿਚ ਹੋਣੇ ਸਨ।