ਨੂਰ ਸੁਲਤਾਨ (ਪੀਟੀਆਈ) : ਡੇਵਿਸ ਕੱਪ ਵਿਚ ਭਾਰਤੀ ਟੀਮ ਨੇ ਆਪਣੀ ਸ਼ਾਨਦਾਰ ਲੈਅ ਨੂੰ ਅੱਗੇ ਵਧਾਉਂਦੇ ਹੋਏ ਸ਼ਨਿਚਰਵਾਰ ਨੂੰ ਸ਼ੁਰੂਆਤੀ ਦੋਵੇਂ ਮੁਕਾਬਲੇ ਆਸਾਨੀ ਨਾਲ ਜਿੱਤ ਕੇ ਪਾਕਿਸਤਾਨ ਨੂੰ 4-0 ਨਾਲ ਹਰਾਇਆ ਤੇ 2020 ਦੇ ਕੁਆਲੀਫਾਇਰ ਵਿਚ ਥਾਂ ਬਣਾਈ। ਇਸ ਦੌਰਾਨ ਭਾਰਤ ਦੇ ਤਜਰਬੇਕਾਰ ਟੈਨਿਸ ਸਟਾਰ ਲਿਏਂਡਰ ਪੇਸ ਨੇ ਆਪਣੇ ਡੇਵਿਸ ਕੱਪ ਰਿਕਾਰਡ ਨੂੰ ਬਿਹਤਰ ਰਕਦੇ ਹੋਏ 44ਵੀਂ ਡਬਲਜ਼ ਦੀ ਜਿੱਤ ਹਾਸਲ ਕੀਤੀ। ਪੇਸ ਤੇ ਜੀਵਨ ਨੇਦੁਚੇਝੀਅਨ ਦੀ ਭਾਰਤੀ ਜੋੜੀ ਨੇ ਸ਼ਨਿਚਰਵਾਰ ਨੂੰ ਪਾਕਿਸਤਾਨ ਦੇ ਮੁਹੰਮਦ ਸ਼ੋਇਬ ਤੇ ਹੁਫ਼ੈਜ਼ਾ ਅਬਦੁਲ ਰਹਿਮਾਨ ਦੀ ਜੋੜੀ ਨੂੰ ਸਿਰਫ਼ 53 ਮਿੰਟ ਚੱਲੇ ਮੁਕਾਬਲੇ ਵਿਚ 6-1, 6-3 ਨਾਲ ਹਰਾ ਦਿੱਤਾ।

ਪਿਛਲੇ ਸਾਲ ਬਣਾਇਆ ਸੀ ਰਿਕਾਰਡ

ਪਿਛਲੇ ਸਾਲ ਆਪਣਾ 43ਵਾਂ ਡਬਲਜ਼ ਮੈਚ ਜਿੱਤ ਕੇ ਡੇਵਿਸ ਕੱਪ ਦੇ ਇਤਿਹਾਸ ਵਿਚ ਸਭ ਤੋਂ ਕਾਮਯਾਬ ਖਿਡਾਰੀ ਬਣੇ ਪੇਸ ਨੇ ਇਟਲੀ ਦੇ ਨਿਕੋਲਾ ਪੀਟਰੇਂਗੇਲੀ ਨੂੰ ਪਛਾੜਿਆ ਸੀ। ਪੇਸ ਨੇ 56ਵੇਂ ਮੁਕਾਬਲੇ ਵਿਚ 43ਵੀਂ ਜਿੱਤ ਦਰਜ ਕੀਤੀ ਸੀ ਜਦਕਿ ਨਿਕੋਲਾ ਨੂੰ 42 ਮੁਕਾਬਲੇ ਜਿੱਤਣ ਵਿਚ 66 ਮੈਚ ਲੱਗੇ ਸਨ। ਪੇਸ ਦਾ ਇਹ ਰਿਕਾਰਡ ਟੁੱਟਣਾ ਫ਼ਿਲਹਾਲ ਸੰਭਵ ਨਜ਼ਰ ਨਹੀਂ ਆ ਰਿਹਾ ਕਿਉਂਕਿ ਕੋਈ ਵੀ ਮੌਜੂਦਾ ਡਬਲਜ਼ ਖਿਡਾਰੀ ਚੋਟੀ ਦੇ 10 ਦੀ ਸੂਚੀ ਵਿਚ ਨਹੀਂ ਹੈ। ਬੇਲਾਰੂਸ ਦੇ ਮੈਕਸ ਮਿਰਨੇਈ ਤੀਜੇ ਨੰਬਰ 'ਤੇ ਹਨ ਜਿਨ੍ਹਾਂ ਦੇ ਨਾਂਅ 36 ਜਿੱਤਾਂ ਦਰਜ ਹਨ ਪਰ ਉਹ 2018 ਤੋਂ ਟੂਰ ਵਿਚ ਨਹੀਂ ਖੇਡ ਰਹੇ ਹਨ।

ਨਾਗਲ ਨੇ ਯੂਸਫ਼ ਨੂੰ ਹਰਾਇਆ

ਸ਼ਨਿਚਰਵਾਰ ਨੂੰ ਰਿਵਰਸ ਸਿੰਗਲਜ਼ ਮੁਕਾਬਲੇ ਵਿਚ ਸੁਮਿਤ ਨਾਗਲ ਨੇ ਯੂਸਫ਼ ਖ਼ਲੀਲ ਨੂੰ 6-1, 6-0 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਦੋਵਾਂ ਟੀਮਾਂ ਨੇ ਰਸਮੀ ਹੋ ਚੁੱਕੇ ਪੰਜਵੇਂ ਮੁਕਾਬਲੇ ਨੂੰ ਨਾ ਖੇਡਣ ਦਾ ਫ਼ੈਸਲਾ ਕੀਤਾ। ਪਹਿਲੇ ਤਿੰਨ ਮੈਚ ਜਿੱਤਣ 'ਤੇ ਵੀ ਟੀਮ ਲਈ ਚੌਥਾ ਮੈਚ ਖੇਡਣਾ ਜ਼ਰੂਰੀ ਸੀ ਪਰ ਨਿਯਮ ਸਿਰਫ਼ ਪੰਜਵਾਂ ਮੈਚ ਛੱਡਣ ਦੀ ਇਜਾਜ਼ਤ ਦਿੰਦੇ ਹਨ।

ਭਾਰਤ ਦਾ ਕ੍ਰੋਏਸ਼ੀਆ ਨਾਲ ਮੁਕਾਬਲਾ

ਹੁਣ ਕੁਆਲੀਫਾਇਰਜ਼ ਵਿਚ ਭਾਰਤ ਦਾ ਸਾਹਮਣਾ ਕ੍ਰੋਏਸ਼ੀਆ ਨਾਲ ਹੋਵੇਗਾ ਤੇ ਇਹ ਮੁਕਾਬਲਾ ਛੇ ਤੋਂ ਸੱਤ ਮਾਰਚ ਨੂੰ ਖੇਡਿਆ ਜਾਵੇਗਾ। ਡੇਵਿਸ ਕੱਪ ਫਾਈਨਲਜ਼ ਵਿਚ 12 ਕੁਆਲੀਫਾਇੰਗ ਸਥਾਨਾਂ ਲਈ 24 ਟੀਮਾਂ ਆਪਸ ਵਿਚ ਭਿੜਨਗੀਆਂ। ਉਥੇ ਹਾਰਨ ਵਾਲੀਆਂ 12 ਟੀਮਾਂ ਸਤੰਬਰ 2020 ਵਿਚ ਵਿਸ਼ਵ ਗਰੁੱਪ ਇਕ ਵਿਚ ਖੇਡਣਗੀਆਂ। ਜੇਤੂ ਟੀਮਾਂ ਫਾਈਨਲਜ਼ ਵਿਚ ਖੇਡਣਗੀਆਂ ਜਿਸ ਲਈ ਕੈਨੇਡਾ, ਬਿ੍ਟੇਨ, ਰੂਸ, ਸਪੇਨ, ਫਰਾਂਸ ਤੇ ਸਰਬੀਆ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਹਨ।

ਸੌਖੇ ਰਹੇ ਮੁਕਾਬਲੇ

ਤੀਜੇ ਮੈਚ ਵਿਚ ਹੁਫ਼ੈਜ਼ਾ ਤੇ ਸ਼ੋਇਬ ਨੇ ਪਹਿਲੀ ਗੇਮ ਵਿਚ ਸਰਵਿਸ ਕਾਇਮ ਰੱਖੀ ਪਰ ਭਾਰਤੀ ਜੋੜੀ ਨੇ ਤੀਜੀ ਗੇਮ ਵਿਚ ਉਨ੍ਹਾਂ ਦੀ ਸਰਵਿਸ ਤੋੜ ਕੇ 3-1 ਨਾਲ ਬੜ੍ਹਤ ਬਣਾ ਲਈ। ਪੰਜਵੀਂ ਗੇਮ ਵਿਚ ਫਿਰ ਉਨ੍ਹਾਂ ਦੀ ਸਰਵਿਸ ਤੋੜ ਕੇ ਪੇਸ ਤੇ ਜੀਵਨ ਨੇ ਦਬਾਅ ਬਣਾਇਆ। ਜੀਵਨ ਨੇ 30-15 'ਤੇ ਡਬਲ ਫਾਲਟ ਕੀਤਾ ਪਰ ਪਾਕਿਸਤਾਨੀ ਖਿਡਾਰੀ ਦਬਾਅ ਨਹੀਂ ਬਣਾ ਸਕੇ ਤੇ ਭਾਰਤ ਨੇ ਬੜ੍ਹਤ ਬਣਾ ਲਈ। ਪਹਿਲਾ ਸੈੱਟ ਜਿੱਤਣ ਤੋਂ ਬਾਅਦ ਭਾਰਤੀਆਂ ਨੇ ਦੂਜਾ ਸੈੱਟ ਵੀ ਆਸਾਨੀ ਨਾਲ ਜਿੱਤ ਲਿਆ। ਪਹਿਲੇ ਦਿਨ ਰਾਮਕੁਮਾਰ ਰਾਮਨਾਥਨ ਤੇ ਸੁਮਿਤ ਨਾਗਲ ਨੇ ਆਪੋ-ਆਪਣੇ ਸਿੰਗਲਜ਼ ਮੁਕਾਬਲੇ ਬਹੁਤ ਆਸਾਨੀ ਨਾਲ ਜਿੱਤੇ ਸਨ। ਆਪਣੇ ਸੀਨੀਅਰ ਖਿਡਾਰੀਆਂ ਦੀ ਗ਼ੈਰਮੌਜੂਦਗੀ ਵਿਚ ਖੇਡਣ ਉਤਰੀ ਪਾਕਿਸਤਾਨ ਦੀ ਟੀਮ ਭਾਰਤ ਖ਼ਿਲਾਫ਼ ਚਾਰ ਮੁਕਾਬਲਿਆਂ 'ਚੋ ਸਿਰਫ਼ ਸੱਤ ਗੇਮਾਂ ਹੀ ਜਿੱਤ ਸਕੀ।

ਜਿੱਤ ਭਾਰਤੀ ਫ਼ੌਜ ਨੂੰ ਕੀਤੀ ਸਮਰਪਤ

ਭਾਰਤੀ ਟੀਮ ਦੇ ਗ਼ੈਰ ਖਿਡਾਰੀ ਕਪਤਾਨ ਰੋਹਿਤ ਰਾਜਪਾਲ ਨੇ ਇਸ ਜਿੱਤ ਨੂੰ ਭਾਰਤੀ ਫ਼ੌਜ ਨੂੰ ਸਮਰਪਤ ਕੀਤਾ। ਰਾਜਪਾਲ ਨੇ ਕਿਹਾ ਕਿ ਅਸੀਂ ਆਪਸ ਵਿਚ ਗੱਲ ਕੀਤੀ ਤੇ ਸਾਨੂੰ ਲੱਗਾ ਕਿ ਸਾਨੂੰ ਇਸ ਜਿੱਤ ਨੂੰ ਫ਼ੌਜ ਨੂੰ ਸਮਰਪਤ ਕਰਨਾ ਚਾਹੀਦਾ ਹੈ। ਖ਼ਾਸ ਤੌਰ 'ਤੇ ਉਨ੍ਹਾਂ ਪਰਿਵਾਰ ਵਾਲਿਆਂ ਨੂੰ ਇਹ ਜਿੱਤ ਸਮਰਪਤ ਹੈ ਜਿਨ੍ਹਾਂ ਨੇ ਸਾਡੇ ਪਰਿਵਾਰ ਦੀ ਰਾਖੀ ਵਿਚ ਸਰਹੱਦ 'ਤੇ ਆਪਣੇ ਚਹੇਤਿਆਂ ਦੀਆਂ ਜਾਨਾਂ ਗੁਆਈਆਂ। ਇਸ ਲਈ ਅਸੀਂ ਇਸ ਜਿੱਤ ਨੂੰ ਭਾਰਤੀ ਫ਼ੌਜ ਨੂੰ ਸਮਰਪਤ ਕਰਨਾ ਚਾਹੁੰਦੇ ਹਾਂ।