ਨੂਰ ਸੁਲਤਾਨ (ਪੀਟੀਆਈ) : ਸਾਰੀ ਖਿੱਚੋਤਾਣ ਤੇ ਮੁਕਾਬਲਿਆਂ ਦੀਆਂ ਥਾਵਾਂ ਦੇ ਵਿਵਾਦਾਂ ਨੂੰ ਪਿੱਛੇ ਛੱਡਦੇ ਹੋਏ ਸ਼ੁੱਕਰਵਾਰ ਤੋਂ ਪਾਕਿਸਤਾਨ ਖ਼ਿਲਾਫ਼ ਸ਼ੁਰੂ ਹੋਏ ਡੇਵਿਸ ਕੱਪ ਦੇ ਪਹਿਲੇ ਹੀ ਦਿਨ ਭਾਰਤੀ ਟੈਨਿਸ ਖਿਡਾਰੀਆਂ ਨੇ ਆਪਣਾ ਦਮ ਦਿਖਾਇਆ। ਆਲਮ ਇਹ ਰਿਹਾ ਕਿ ਪਹਿਲੇ ਦਿਨ ਰਾਮਕੁਮਾਰ ਰਾਮਨਾਥਨ ਤੇ ਸੁਮਿਤ ਨਾਗਲ ਨੇ ਪਾਕਿਸਤਾਨੀ ਖਿਡਾਰੀਆਂ ਨੂੰ ਕਿਤੇ ਟਿਕਣ ਨਹੀਂ ਦਿੱਤਾ ਤੇ ਭਾਰਤ ਨੂੰ 2-0 ਨਾਲ ਬੜ੍ਹਤ ਦਿਵਾਈ। ਦੋਵੇਂ ਮੁਕਾਬਲੇ ਇਕਤਰਫ਼ਾ ਰਹੇ ਦੋਵਾਂ ਭਾਰਤੀ ਸਿਤਾਰਿਆਂ ਨੇ ਪਾਕਿਸਤਾਨ ਨੂੰ ਸਿਰਫ਼ ਦੋ ਗੇਮਾਂ ਜਿੱਤਣ ਦਿੱਤੀਆਂ। ਰਾਮਕੁਮਾਰ ਨੇ ਪਹਿਲੇ ਮੈਚ ਵਿਚ 17 ਸਾਲਾ ਮੁਹੰਮਦ ਸ਼ੋਇਬ ਨੂੰ ਸਿਰਫ਼ 42 ਮਿੰਟ ਤਕ ਚੱਲੇ ਮੁਕਾਬਲੇ ਵਿਚ 6-0, 6-0 ਨਾਲ ਮਾਤ ਦਿੱਤੀ। ਸ਼ੋਇਬ ਸਿਰਫ਼ ਦੂਜੇ ਸੈੱਟ ਦੀ ਛੇਵੀਂ ਗੇਮ ਵਿਚ ਥੋੜ੍ਹੀ ਚੁਣੌਤੀ ਪੇਸ਼ ਕਰ ਸਕੇ। ਇਸ ਤੋਂ ਬਾਅਦ ਨਾਗਲ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਡੇਵਿਸ ਕੱਪ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਉਨ੍ਹਾਂ ਨੇ ਦੂਜੇ ਸਿੰਗਲਜ਼ ਵਿਚ ਹੁਫ਼ੈਜ਼ਾ ਮੁਹੰਮਦ ਰਹਿਮਾਨ ਨੂੰ 64 ਮਿੰਟ ਤਕ ਚੱਲੇ ਆਸਾਨ ਮੁਕਾਬਲੇ ਵਿਚ 6-0, 6-2 ਨਾਲ ਹਰਾ ਕੇ ਭਾਰਤ ਨੂੰ 2-0 ਦੀ ਬੜ੍ਹਤ ਦਿਵਾਈ। ਇਸ ਦੌਰਾਨ ਪਾਕਿਸਤਾਨ ਨੂੰ ਆਪਣੇ ਚੋਟੀ ਦੇ ਖਿਡਾਰੀਆਂ ਦੀ ਘਾਟ ਰੜਕੀ ਜੋ ਇਸ ਮੁਕਾਬਲੇ ਨੂੰ ਨਿਰਪੱਖ ਥਾਂ 'ਤੇ ਕਰਵਾਏ ਜਾਣ ਦੇ ਫ਼ੈਸਲੇ ਦੇ ਵਿਰੋਧ ਵਿਚ ਲਾਂਭੇ ਹੋ ਗਏ ਸਨ। ਪਹਿਲੇ ਮੈਚ ਵਿਚ ਜਿੱਥੇ ਪਾਕਿਸਤਾਨ ਨੇ ਪੂਰੀ ਤਰ੍ਹਾਂ ਗੋਡੇ ਟੇਕ ਦਿੱਤੇ ਤਾਂ ਉਥੇ ਦੂਜੇ ਮੁਕਾਬਲੇ ਵਿਚ ਪਾਕਿਸਤਾਨ ਦੇ ਨੌਜਵਾਨ ਖਿਡਾਰੀ ਹੁਫ਼ੈਜ਼ਾ ਨੇ ਨਾਗਲ ਦਾ ਜਿੰਨਾ ਸੰਭਵ ਹੋ ਸਕੇ ਲੰਬੀਆਂ ਰੈਲੀਆਂ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਨਾਗਲ ਨੂੰ ਜਿੱਤ ਲਈ ਜ਼ਿਆਦਾ ਲੰਬੀ ਉਡੀਕ ਨਹੀਂ ਕਰਨੀ ਪਈ ਤੇ ਉਨ੍ਹਾਂ ਨੇ ਮੈਚ ਆਪਣੇ ਨਾਂ ਕੀਤਾ।

ਹੁਣ ਪੇਸ ਦੀ ਬਾਰੀ :

ਤਜਰਬੇਕਾਰ ਲਿਏਂਡਰ ਪੇਸ ਤੇ ਜੀਵਨ ਨੇਦੁਚੇਝੀਅਨ ਹੁਣ ਸ਼ਨਿਚਰਵਾਰ ਨੂੰ ਡਬਲਜ਼ ਮੁਕਾਬਲੇ ਵਿਚ ਹੁਫ਼ੈਜ਼ਾ ਤੇ ਸ਼ੋਇਬ ਨਾਲ ਭਿੜਨਗੇ ਜਿੱਥੇ ਭਾਰਤ ਦੀਆਂ ਨਜ਼ਰਾਂ ਇਸ ਮੁਕਾਬਲੇ ਨੂੰ ਉਥੇ ਹੀ ਸਮਾਪਤ ਕਰਨ 'ਤੇ ਹੋਣਗੀਆਂ। ਭਾਰਤ ਅਜੇ ਤਕ ਪਾਕਿਸਤਾਨ ਨਾਲ ਛੇ ਮੁਕਾਬਲਿਆਂ ਵਿਚ ਕਦੀ ਨਹੀਂ ਹਾਰਿਆ ਤੇ ਇਸ ਦੇ ਕਾਇਮ ਰਹਿਣ ਦੀ ਪੂਰੀ ਸੰਭਾਵਨਾ ਹੈ। ਸ਼ਨਿਚਰਵਾਰ ਨੂੰ ਜਿੱਤ ਨਾਲ ਪੇਸ ਡੇਵਿਸ ਕੱਪ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਡਬਲਜ਼ ਮੈਚ ਜਿੱਤਣ ਦੇ ਆਪਣੇ ਵਿਸ਼ਵ ਰਿਕਾਰਡ ਨੂੰ ਅੱਗੇ ਵਧਾਉਣਗੇ। ਉਹ ਅਜੇ ਤਕ 43 ਜਿੱਤਾਂ ਨਾਲ ਚੋਟੀ 'ਤੇ ਹਨ। ਇਸ ਮੁਕਾਬਲੇ ਦਾ ਜੇਤੂ ਵਿਸ਼ਵ ਕੱਪ ਕੁਆਲੀਫਾਇਰਜ਼ ਵਿਚ ਕ੍ਰੋਏਸ਼ੀਆ ਨਾਲ ਭਿੜੇਗਾ ਜੋ ਕਿ ਅਗਲੇ ਸਾਲ ਛੇ ਤੇ ਸੱਤ ਮਾਰਚ ਨੂੰ ਖੇਡਿਆ ਜਾਵੇਗਾ।

ਹਰ ਅੰਕ 'ਤੇ ਮੈਂ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ। ਅਸੀਂ ਪਹਿਲੇ ਦਿਨ 2-0 ਦੀ ਬੜ੍ਹਤ ਹਾਸਲ ਕਰ ਕੇ ਖ਼ੁਸ਼ ਹਾਂ। ਹੁਣ ਉਮੀਦ ਹੈ ਕਿ ਸ਼ਨਿਚਰਵਾਰ ਨੂੰ ਜੀਵਨ ਤੇ ਲਿਏਂਡਰ ਥੋੜ੍ਹੀ ਬੰਬਾਰੀ ਕਰਨਗੇ।

-ਰਾਮਕੁਮਾਰ ਰਾਮਨਾਥਨ

ਮੈਂ ਚੰਗੀ ਸ਼ੁਰੂਆਤ ਕੀਤੀ ਤੇ ਮਜ਼ਬੂਤੀ ਨਾਲ ਇਸ ਨੂੰ ਸਮਾਪਤ ਕੀਤਾ। ਮੈਂ ਤੇ ਰਾਮ ਹਾਰਨਾ ਨਹੀਂ ਚਾਹੁੰਦੇ ਸਨ। ਸਾਡੇ ਵਿਰੋਧੀ ਸਾਡੇ ਤੋਂ ਜੂਨੀਅਰ ਸਨ ਪਰ ਉਨ੍ਹਾਂ ਨੇ ਚੰਗੀ ਖੇਡ ਦਿਖਾਈ ਤੇ ਜੋ ਕਰ ਸਕਦੇ ਸਨ ਉਨ੍ਹਾਂ ਨੇ ਕੀਤਾ। ਸ਼ਨਿਚਰਵਾਰ ਨੂੰ ਵੀ ਇਹੀ ਸਕੋਰ ਲਾਈਨ ਰਹਿਣ ਦੀ ਉਮੀਦ ਹੈ।

-ਸੁਮਿਤ ਨਾਗਲ

ਇਹ ਭਾਰਤ ਲਈ ਸ਼ਾਨਦਾਰ ਦਿਨ ਸੀ। ਰਾਮ ਨੇ ਸਾਨੂੰ ਚੰਗੀ ਸ਼ੁਰੂਆਤ ਦਿਵਾਈ। ਉਨ੍ਹਾਂ ਨੇ ਬਹੁਤ ਘੱਟ ਸਮੇਂ ਵਿਚ ਮੁਕਾਬਲੇ ਨੂੰ ਆਪਣੇ ਨਾਂ ਕੀਤਾ। ਦੂਜਾ ਮੁਕਾਬਲਾ ਸੌਖਾ ਦਿਖਾਈ ਦੇ ਰਿਹਾ ਸੀ ਪਰ ਉਹ ਥੋੜ੍ਹਾ ਮੁਸ਼ਕਲ ਸੀ। ਸੁਮਿਤ ਨੇ ਆਪਣੇ ਪ੍ਰਦਰਸ਼ਨ ਦੇ ਪੱਧਰ ਨੂੰ ਉੱਚਾ ਰੱਖਿਆ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਪਾਕਿਸਤਾਨ ਦੇ ਨੌਜਵਾਨ ਖਿਡਾਰੀ ਸਾਡੇ ਵਿਸ਼ਵ ਪੱਧਰ ਦੇ ਖਿਡਾਰੀਆਂ ਦਾ ਕਿਵੇਂ ਸਾਹਮਣਾ ਕਰਦੇ ਹਨ।

-ਰੋਹਿਤ ਰਾਜਪਾਲ, ਭਾਰਤ ਦੇ ਗ਼ੈਰ ਖਿਡਾਰੀ ਕਪਤਾਨ