ਨਵੀਂ ਦਿੱਲੀ (ਪੀਟੀਆਈ) : ਭਾਰਤੀ ਟੀਮ ਪਾਕਿਸਤਾਨ ਖ਼ਿਲਾਫ਼ ਡੇਵਿਸ ਕੱਪ ਮੁਕਾਬਲਾ ਨੂਰ ਸੁਲਤਾਨ ਵਿਚ ਖੇਡੇਗੀ ਕਿਉਂਕਿ ਅੰਤਰਰਾਸ਼ਟਰੀ ਟੈਨਿਸ ਮਹਾਸੰਘ (ਆਈਟੀਐੱਫ) ਨੇ ਪਾਕਿਸਤਾਨ ਦੀ ਅਪੀਲ ਖ਼ਾਰਜ ਕਰ ਕੇ ਕਜ਼ਾਕਿਸਤਾਨ ਦੀ ਰਾਜਧਾਨੀ ਨੂੰ ਇਸ ਮੁਕਾਬਲੇ ਦੀ ਮੇਜ਼ਬਾਨੀ ਸੌਂਪ ਦਿੱਤੀ ਹੈ। ਪਾਕਿਸਤਾਨ ਟੈਨਿਸ ਮਹਾਸੰਘ (ਪੀਟੀਐੱਫ) ਨੇ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ। ਉਸ ਨੇ ਕਿਹਾ ਸੀ ਕਿ ਜੇ ਭਾਰਤੀ ਤੀਰਥ ਯਾਤਰੀ ਬਿਨਾਂ ਕਿਸੇ ਸੁਰੱਖਿਆ ਖ਼ਤਰੇ ਦੇ ਪਾਕਿਸਤਾਨ ਜਾ ਸਕਦੇ ਹਨ ਤਾਂ ਭਾਰਤੀ ਟੀਮ ਇਸਲਾਮਾਬਾਦ ਵਿਚ ਮੈਚ ਕਿਉਂ ਨਹੀਂ ਖੇਡ ਸਕਦੀ।

ਆਈਟੀਐੱਫ ਦੇ ਸੁਤੰਤਰ ਕੋਰਟ ਨੇ ਚਾਰ ਨਵੰਬਰ ਨੂੰ ਡੇਵਿਸ ਕੱਪ ਕਮੇਟੀ ਵੱਲੋਂ ਲਏ ਗਏ ਫ਼ੈਸਲੇ 'ਤੇ ਮੋਹਰ ਲਾਈ ਕਿ ਇਹ ਮੁਕਾਬਲਾ ਨਿਰਪੱਖ ਥਾਂ 'ਤੇ ਖੇਡਿਆ ਜਾਣਾ ਚਾਹੀਦਾ ਹੈ। ਆਈਟੀਐੱਫ ਨੇ ਕਿਹਾ ਕਿ ਪੀਟੀਐੱਫ ਨੇ ਇਸਲਾਮਾਬਾਦ ਤੋਂ ਮੈਚ ਬਦਲਣ ਲਈ ਡੇਵਿਸ ਕੱਪ ਕਮੇਟੀ ਦੇ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ। ਸੁਤੰਤਰ ਕੋਰਟ ਨੇ 18 ਨਵੰਬਰ ਨੂੰ ਇਹ ਅਪੀਲ ਖ਼ਾਰਜ ਕਰ ਦਿੱਤੀ। ਪੀਟੀਐੱਫ ਨੇ ਨਿਰਪੱਖ ਥਾਂ ਦਾ ਨਾਂ ਨਹੀਂ ਲਿਆ ਸੀ ਲਿਹਾਜ਼ਾ ਡੇਵਿਸ ਕੱਪ ਦੇ ਨਿਯਮਾਂ ਤਹਿਤ ਡੇਵਿਸ ਕੱਪ ਕਮੇਟੀ ਨੇ ਨੂਰ ਸੁਲਤਾਨ ਨੂੰ ਮੇਜ਼ਬਾਨ ਦੇ ਤੌਰ 'ਤੇ ਚੁਣਿਆ ਹੈ ਜਿੱਥੇ 29 ਤੋਂ 30 ਨਵੰਬਰ ਨੂੰ ਇਹ ਮੁਕਾਬਲਾ ਹੋਵੇਗਾ। ਮੈਚ ਇੰਡੋਰ ਕੋਰਟ 'ਤੇ ਖੇਡੇ ਜਾਣਗੇ ਕਿਉਂਕਿ ਉਸ ਸਮੇਂ ਉਥੇ ਠੰਢ ਹੋਵੇਗੀ।

'ਇੰਡੋਰ ਖੇਡਣਾ ਸਾਡੇ ਖਿਡਾਰੀਆਂ ਨੂੰ ਰਾਸ ਆਉਂਦਾ ਹੈ। ਇਹ ਸਾਡੇ ਪੱਖ ਵਿਚ ਹੋਵੇਗਾ। ਅਜਿਹਾ ਨਹੀਂ ਹੈ ਕਿ ਸਾਡੇ ਖਿਡਾਰੀ ਗ੍ਰਾਸ ਕੋਰਟ 'ਤੇ ਨਹੀਂ ਖੇਡ ਸਕਦੇ ਪਰ ਹਾਰਡ ਕੋਰਟ ਉਨ੍ਹਾਂ ਨੂੰ ਚੰਗਾ ਲਗਦਾ ਹੈ। ਉਥੇ ਇਸ ਸਮੇਂ ਕਾਫੀ ਠੰਢ ਹੋਵੇਗੀ ਤੇ ਅਸੀਂ ਇੰਡੋਰ ਹੀ ਖੇਡਾਂਗੇ।

ਜੀਸ਼ਾਨ ਅਲੀ, ਭਾਰਤੀ ਕੋਚ