ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਰਾਸ਼ਟਰੀ ਟੈਨਿਸ ਮਹਾਸੰਘ (ਏਆਈਟੀਏ) ਨੇ ਸੋਮਵਾਰ ਨੂੰ ਪਾਕਿਸਤਾਨ ਖ਼ਿਲਾਫ਼ ਇਸਲਾਮਾਬਾਦ ਵਿਚ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ ਦੀ ਥਾਂ ਬਦਲਣ ਦੀ ਮੰਗ ਨਾ ਕਰਨ ਦਾ ਫ਼ੈਸਲਾ ਕੀਤਾ ਪਰ ਤਾਜ਼ਾ ਸਿਆਸੀ ਤਣਾਅ ਦੇ ਮੱਦੇਨਜ਼ਰ ਵਿਸ਼ਵ ਪੱਧਰੀ ਸੰਸਥਾ ਆਈਟੀਐੱਫ ਤੋਂ ਨਵੇਂ ਸਿਰੇ ਤੋਂ ਸੁਰੱਖਿਆ ਜਾਂਚ ਕਰਵਾਉਣ ਦੀ ਬੇਨਤੀ ਕੀਤੀ ਹੈ। ਏਆਈਟੀਏ ਸਕੱਤਰ ਹਿਰਣਮੇ ਚੈਟਰਜੀ ਨੇ ਆਈਟੀਐੱਫ ਦੇ ਕਾਰਜਕਾਰੀ ਡਾਇਰੈਕਟਰ ਜਸਟਿਨ ਅਲਬਰਟ ਨੂੰ ਲਿਖੀ ਈਮੇਲ ਵਿਚ ਕਿਹਾ ਕਿ ਸਾਨੂੰ ਪਤਾ ਹੈ ਕਿ ਸਿਆਸੀ ਸਬੰਧ ਵਿਗੜਨ ਤੋਂ ਪਹਿਲਾਂ ਤੁਸੀਂ ਸੁਰੱਖਿਆ ਜਾਂਚ ਕਰਵਾਈ ਸੀ। ਆਈਟੀਐੱਫ ਆਪਣੀ ਸੰਤੁਸ਼ਟੀ ਤੇ ਸੰਬਧਤ ਪੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਇਕ ਹੋਰ ਸੁਰੱਖਿਆ ਜਾਂਚ ਕਰਵਾ ਸਕਦਾ ਹੈ। ਉਨ੍ਹਾਂ ਨੇ ਲਿਖਿਆ ਕਿ ਏਆਈਟੀਏ ਸੁਰੱਖਿਆ ਨੂੰ ਲੈ ਕੇ ਤੁਹਾਡੀ ਆਖ਼ਰੀ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ। ਟੀਮ ਦੇ ਆਉਣ ਤੋਂ ਲੈ ਕੇ ਜਾਣ ਤਕ ਵਿਸਥਾਰਤ ਸੁਰੱਖਿਆ ਪ੍ਰੋਗਰਾਮ ਦਾ ਵੇਰਵਾ ਚਾਹੀਦਾ ਹੈ ਤਾਂਕਿ ਅਸੀਂ ਖਿਡਾਰੀਆਂ ਦੇ ਵੀਜ਼ੇ ਲਈ ਬਿਨੈ ਕਰ ਸਕੀਏ। ਏਆਈਟੀਏ ਨੇ ਕਿਹਾ ਕਿ ਉਹ ਆਈਟੀਐੱਫ ਦੇ ਨਿਰਦੇਸ਼ਾਂ ਦਾ ਪਾਲਨ ਕਰੇਗਾ। ਚੈਟਰਜੀ ਨੇ ਕਿਹਾ ਕਿ ਜੇ ਆਈਟੀਐੱਫ ਪਾਕਿਸਤਾਨ ਟੈਨਿਸ ਮਹਾਸੰਘ ਨਾਲ ਗੱਲ ਕਰਨ ਤੋਂ ਬਾਅਦ ਮਹਿਸੂਸ ਕਰਦਾ ਹੈ ਕਿ ਸੁਰੱਖਿਆ ਦੀ 100 ਫ਼ੀਸਦੀ ਗਰੰਟੀ ਨਹੀਂ ਹੈ ਤਾਂ ਉਹ ਅਗਲੇ ਨਿਰਦੇਸ਼ ਦੇ ਸਕਦਾ ਹੈ। ਏਆਈਟੀਏ ਉਸ ਦੀ ਪਾਲਨਾ ਕਰਨੇਗਾ।