ਮਸਕਟ (ਪੀਟੀਆਈ) : ਓਮਾਨ ਖ਼ਿਲਾਫ਼ 0-1 ਦੀ ਹਾਰ ਨਾਲ ਹੀ ਭਾਰਤੀ ਫੁੱਟਬਾਲ ਟੀਮ ਫੀਫਾ ਵਿਸ਼ਵ ਕੱਪ 2020 ਲਈ ਕੁਆਲੀਫਾਈ ਕਰਨ ਦੀ ਦੌੜ 'ਚੋਂ ਲਗਭਗ ਬਾਹਰ ਹੋ ਗਈ। ਸੁਲਤਾਨ ਕਾਬੂਸ ਸਪੋਰਟਸ ਕੰਪਲੈਕਸ ਸਟੇਡੀਅਮ ਵਿਚ ਗਰੁੱਪ-ਈ ਵਿਚ ਖੇਡੇ ਗਏ ਕੁਆਲੀਫਾਈਰ ਮੁਕਾਬਲੇ ਵਿਚ ਖੇਡ ਦੇ 33ਵੇਂ ਮਿੰਟ ਵਿਚ ਓਮਾਨ ਦੇ ਮੋਹਸਿਨ ਅਲ ਘਾਸਨੀ ਨੇ ਇਕਲੌਤਾ ਗੋਲ ਕੀਤਾ ਤੇ ਕੁਆਲੀਫਾਇਰ ਵਿਚ ਭਾਰਤ ਨੂੰ ਦੂਜੀ ਵਾਰ ਹਰਾਇਆ। ਇਸ ਤੋਂ ਪਹਿਲਾਂ ਓਮਾਨ ਨੇ ਗੁਹਾਟੀ ਵਿਚ ਭਾਰਤ ਨੂੰ 2-1 ਨਾਲ ਹਰਾਇਆ ਸੀ।

ਗਰੁੱਪ-ਈ ਵਿਚ ਭਾਰਤ ਪੰਜ ਮੁਕਾਬਲਿਆਂ ਵਿਚ ਤਿੰਨ ਡਰਾਅ ਤੇ ਦੋ ਹਾਰਾਂ ਤੋਂ ਬਾਅਦ ਤਿੰਨ ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਉਥੇ ਏਸ਼ੀਅਨ ਚੈਂਪੀਅਨ ਕਤਰ 13 ਅੰਕਾਂ ਨਾਲ ਪਹਿਲੇ ਸਥਾਨ 'ਤੇ ਹੈ। ਭਾਰਤ ਦੂਜੇ ਸਥਾਨ 'ਤੇ ਕਾਬਜ ਓਮਾਨ ਤੋਂ ਨੌਂ ਅੰਕ ਪਿੱਛੇ ਹੈ ਜਿਸ ਨਾਲ ਹੁਣ ਉਸ ਦੇ ਤੀਜੇ ਗੇੜ ਦੇ ਕੁਆਲੀਫਾਇਰ ਵਿਚ ਪੁੱਜਣ ਦੀ ਸੰਭਾਵਨਾ ਲਗਭਗ ਸਮਾਪਤ ਹੋ ਗਈ ਹੈ।

ਭਾਰਤ ਨੇ ਹੁਣ ਸਿਰਫ਼ ਤਿੰਨ ਮੈਚ ਖੇਡਣੇ ਹਨ ਤੇ ਤਿੰਨ ਮੁਕਾਬਲਿਆਂ ਵਿਚ ਜਿੱਤ ਨਾਲ ਵੀ ਉਸ ਦਾ ਅਗਲੇ ਗੇੜ ਵਿਚ ਸਥਾਨ ਪੱਕਾ ਨਹੀਂ ਹੋ ਸਕਦਾ। ਇੱਥੇ ਤਕ ਕਿ ਗਰੁੱਪ ਸੂਚੀ ਵਿਚ ਦੂਜੇ ਸਥਾਨ 'ਤੇ ਰਹਿਣ ਵਾਲੀ ਟੀਮ ਦੀ ਵੀ ਤੀਜੇ ਗੇੜ ਵਿਚ ਸਿੱਧਾ ਪ੍ਰਵੇਸ਼ ਕਰਨ ਦੀ ਉਮੀਦ ਨਹੀਂ ਹੈ। ਹਾਲਾਂਕਿ ਅਜੇ ਵੀ ਭਾਰਤ ਦੇ 2023 ਏਸ਼ੀਅਨ ਕੱਪ ਦੇ ਤੀਜੇ ਗੇੜ ਦੇ ਕੁਆਲੀਫਾਇਰ ਲਈ ਕੁਆਲੀਫਾਈ ਕਰਨ ਦੀ ਉਮੀਦ ਕਾਇਮ ਹੈ।