ਜੇਐੱਨਐੱਨ, ਨਵੀਂ ਦਿੱਲੀ : ਟੋਕੀਓ ਓਲੰਪਿਕ ’ਚ ਭਾਰਤ ਦੀ ਟੈਨਿਸ ਮੁਹਿੰਮ ਖ਼ਤਮ ਹੋ ਗਈ ਕਿਉਂਕਿ ਦੁਨੀਆ ਦੇ 160ਵੇਂ ਨੰਬਰ ਦੇ ਟੈਨਿਸ ਖਿਡਾਰੀ ਸੁਮਿਤ ਨਾਗਲ ਨੂੰ ਪੁਰਸ਼ਾਂ ਦੇ ਸਿੰਗਲਜ਼ ਦੇ ਦੂਸਰੇ ਗੇੜ ’ਚ ਰੂਸ ਦੇ ਦਿੱਗਜ਼ ਖਿਡਾਰੀ ਡੈਨਿਲ ਮੇਦਵੇਦੇਵ ਤੋਂ ਹਾਰ ਮਿਲੀ। ਡੈਨਿਲ ਮੇਦਵੇਦੇਵ ਨੇ ਭਾਰਤੀ ਖਿਡਾਰੀ ਨਾਗਲ ਨੂੰ 6-2, 6-1 ਨਾਲ ਸਿੱਧੇ ਸੈੱਟਾਂ ’ਚ ਹਰਾ ਦਿੱਤਾ। ਸੁਮਿਤ ਨਾਗਲ ਅਤੇ ਡੈਨਿਲ ਮੇਦਵੇਦੇਵ ਵਿਚਾਲੇ ਇਹ ਮੁਕਾਬਲਾ ਟੋਕੀਓ ਦੇ ਏਰੀਏਕ ਟੈਨਿਸ ਪਾਰਕ ’ਚ ਖੇਡਿਆ ਗਿਆ। ਸਟੈਂਡ ’ਚ ਹਮਵਤਨ ਅੰਕਿਤਾ ਰੈਨਾ ਅਤੇ ਸਾਨੀਆ ਮਿਰਜ਼ਾ ਦਾ ਸਮਰਥਨ ਸੁਮਿਤ ਨਾਗਲ ਨੂੰ ਮਿਲਿਆ ਤੇ ਉਨ੍ਹਾਂ ਠੋਸ ਕਰਾਸਕੋਰਟ ਬੈਕਹੈਂਡ ਅਤੇ ਆਪਣੇ ਮਜ਼ਬੂਤ ਅੰਦਰੂਨੀ ਫੋਰਹੈਂਡ ਨਾਲ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਆਸਟ੍ਰੇਲਿਅਨ ਓਪਨ ਅਤੇ ਯੂਐੱਸ ਓਪਨ ਦੇ ਫਾਈਨਲਿਸਟ ਡੈਨਿਲ ਮੇਦਵੇਦੇਵ ਨੇ ਭਾਰਤੀ ਖਿਡਾਰੀ ਦੀ ਸਰਵਿਸ ਗੇਮਜ਼ ’ਤੇ ਲਗਾਤਾਰ ਦਬਾਅ ਬਣਾਇਆ ਤੇ ਉਨ੍ਹਾਂ ਨੂੰ ਇਕ ਵਾਰੀ ਵੀ ਅੱਗੇ ਵਧਣ ਦਾ ਮੌਕਾ ਨਹੀਂ ਦਿੱਤਾ।

ਦੂਜੇ ਪਾਸੇ ਸੁਮਿਤ ਨਾਗਲ ਮੈਚ ’ਚ ਇਕ ਵੀ ਵਾਰ ਵੀ ਬ੍ਰੇਕ ਪੁਆਇੰਟ ਹਾਸਲ ਨਹੀਂ ਕਰ ਸਕੇ, ਹਾਲਾਂਕਿ ਉਨ੍ਹਾਂ ਮੇਦਵੇਦੇਵ ਦੇ ਕੁਝ ਸਰਵਿਸ ’ਚ ਪਰੇਸ਼ਾਨ ਕੀਤਾ ਪਰ ਸਫਲਤਾ ਮੇਦਵੇਦੇਵ ਨੂੰ ਮਿਲੀ। ਦੱਸਣਯੋਗ ਹੈ ਕਿ 23 ਸਾਲਾ ਸੁਮਿਤ ਨਾਗਲ ਨੇ ਟੋਕੀਓ ਓਲੰਪਿਕ 2020 ਦੇ ਆਪਣੇ ਪਹਿਲੇ ਦੌਰ ਦੇ ਮੈਚ ’ਚ ਉਜਬੇਕਿਸਤਾਨ ਦੇ ਡੈਨਿਸ ਇਸਤੋਮਿਨ ਨੂੰ ਹਰਾਇਆ ਸੀ ਜੋ 1996 ’ਚ ਅਟਲਾਂਟਾ ’ਚ ਲਿਏਂਡਰ ਪੇਸ ਤੋਂ ਬਾਅਦ ਓਲੰਪਿਕ ਪੁਰਸ਼ ਸਿੰਗਲਜ਼ ਟੈਨਿਸ ਮੈਚ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ।

ਉਧਰ, ਸਾਨੀਆ ਮਿਰਜ਼ਾ ਤੇ ਅੰਕਿਤਾ ਰੈਨਾ ਐਤਵਾਰ ਨੂੰ ਮਹਿਲਾ ਡਬਲਜ਼ ’ਚ ਆਪਣਾ ਮੈਚ ਕਿਚੇਨੋਕ ਭੈਣਾਂ ਹੱਥੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ ਹਨ। ਇਸ ਤਰ੍ਹਾਂ ਭਾਰਤੀ ਟੈਨਿਸ ਮੁਹਿੰਮ ਸੋਮਵਾਰ ਨੂੰ ਖ਼ਤਮ ਹੋ ਗਈ। ਦੱਸਣਯੋਗ ਹੈ ਕਿ ਸੁਮਿਤ ਨਾਗਲ ਨੂੰ ਟੂਰਨਾਮੈਂਟ ਤੋਂ ਠੀਕ ਪਹਿਲਾਂ ਕੁਆਲੀਫਾਈ ਕਰਨ ਦਾ ਮੌਕਾ ਮਿਲਿਆ ਸੀ ਕਿਉਂਕਿ ਇਕ ਖਿਡਾਰੀ ਨੇ ਟੂਰਨਾਮੈਂਟ ਤੋਂ ਹਟਣ ਦਾ ਫ਼ੈਸਲਾ ਕੀਤਾ ਸੀ ਜਦੋਂਕਿ ਮਾਰਚ ਦੀ ਰੈਂਕਿੰਗ ਦੇ ਆਧਾਰ ’ਤੇ ਸੁਮਿਤ ਨਾਗਲ ਹੀ ਅਜਿਹੇ ਭਾਰਤੀ ਸਨ ਜਿਨ੍ਹਾਂ ਨੂੰ ਓਲੰਪਿਕ ’ਚ ਖੇਡਣ ਦਾ ਮੌਕਾ ਮਿਲਿਆ।

Posted By: Sunil Thapa