ਭੁਵਨੇਸ਼ਵਰ (ਏਜੰਸੀ): ਸੰਸਾਰ ਦੀ ਪੰਜਵੇਂ ਨੰਬਰ ਦੀ ਭਾਰਤੀ ਹਾਕੀ ਟੀਮ ਨੇ ਐੱਫਆਈਐੱਚ ਪ੍ਰਰੋ-ਲੀਗ ਦਾ ਸ਼ਾਨਦਾਰ ਆਗ਼ਾਜ਼ ਕਰਦਿਆਂ ਹੋਇਆਂ ਆਪਣੇ ਤੋਂ ਉੱਚੀ ਰੈਂਕਿੰਗ ਵਾਲੀ ਨੀਦਰਲੈਂਡਸ ਨੂੰ ਕਰਾਰੀ ਹਾਰ ਦਿੱਤੀ ਹੈ। ਭਾਰਤ ਨੇ ਸ਼ਨਿੱਚਰਵਾਰ ਨੂੰ ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਪ੍ਰੋ-ਲੀਗ ਦੇ ਆਪਣੇ ਪਹਿਲੇ ਮੈਚ ਵਿਚ ਵਿਸ਼ਵ ਵਿਚ ਨੰਬਰ ਤਿੰਨ ਨੀਦਰਲੈਂਡਸ ਨੂੰ 5-2 ਨਾਲ ਹਰਾ ਦਿੱਤਾ। ਭਾਰਤ ਨੇ ਮਹਿਮਾਨ ਟੀਮ ਨੂੰ ਆਪਣੇ ਦਬਦਬੇ ਦਾ ਅਹਿਸਾਸ ਪਹਿਲੇ ਮਿੰਟ ਨਾਲ ਕਰਵਾ ਦਿੱਤਾ ਸੀ। ਇਸ ਮੈਚ ਵਿਚ ਮੇਜ਼ਬਾਨ ਸਿਰਫ਼ ਦੂਜੇ ਕੁਆਰਟਰ ਵਿਚ ਬੈਕਫੁਟ 'ਤੇ ਰਹੀ। ਬਾਕੀ ਦੇ ਸਮੇਂ ਉਹ ਨੀਦਰਲੈਂਡਸ ਤੋਂ ਇਕ ਕਦਮ ਅੱਗੇ ਨਜ਼ਰ ਆਈ।

ਮੇਜ਼ਬਾਨ ਟੀਮ ਨੇ ਜਿਵੇਂ ਸ਼ੁਰੂਆਤ ਕੀਤੀ ਸੀ, ਉਸ ਦੀ ਉਮੀਦ ਤਾਂ ਨੀਦਰਲੈਂਡ ਨੂੰ ਨਹੀਂ ਸੀ ਪਰ ਮੈਚ ਜਿਉਂ ਹੀ ਸ਼ੁਰੂ ਹੋਇਆ 10 ਸਕਿੰਟਾਂ ਦੇ ਅੰਦਰ ਭਾਰਤ ਨੇ ਗੋਲ ਕਰ ਦਿੱਤਾ। ਗੁਰਜੰਟ ਸਿੰਘ ਨੇ ਪਹਿਲਾਂ ਗੋਲ ਕਰ ਕੇ ਟੀਮ ਨੂੰ 1-0 ਦੀ ਬੜਤ ਦਿਵਾ ਦਿੱਤੀ। ਨੀਦਰਲੈਂਡਸ ਇਸ ਗੋਲ ਦੇ ਸਦਮੇ ਨਾਲ ਵਾਪਸੀ ਵੀ ਨਹੀਂ ਕਰ ਸਕਿਆ ਸੀ ਕਿ ਭਾਰਤ ਦੇ ਬਿਹਤਰੀਨ ਡਰੈਗ ਫਲਿਕਰ ਰੁਪਿੰਦਰਪਾਲ ਸਿੰਘ ਨੇ ਉਸ ਦੀ ਨਿਰਾਸ਼ਾ ਹੋਰ ਵਧਾ ਦਿੱਤੀ। 12ਵੇਂ ਮਿੰਟ ਵਿਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਤੇ ਰੁਪਿੰਦਰਪਾਲ ਨੇ ਗੋਲ ਕਰਕੇ ਮੁਲਕ ਨੂੰ ਕੁਆਰਟਰ ਵਿਚ ਵੀ 2-0 ਨਾਲ ਅੱਗੇ ਕਰ ਦਿੱਤਾ ਸੀ।