ਭੁਬਨੇਸ਼ਵਰ (ਏਜੰਸੀ) : ਭਾਰਤੀ ਹਾਕੀ ਟੀਮ ਨੇ ਐੱਫਆਈਐੱਚ ਪ੍ਰਰੋ ਲੀਗ ਵਿਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਨੀਦਰਲੈਂਡਸ ਨੂੰ ਦੂਜੇ ਮੈਚ ਵਿਚ ਸ਼ੂਟਆਊਟ ਵਿਚ 3-1 ਨਾਲ ਹਰਾਇਆ, ਜਦਕਿ ਮਿੱਥੇ ਸਮੇਂ ਤਕ ਸਕੋਰ 3-3 ਨਾਲ ਬਰਾਬਰ ਸੀ। ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਸ਼ੁਰੂਆਤੀ ਮੈਚ ਵਿਚ ਨੀਦਰਲੈਂਡਸ ਨੂੰ 5-2 ਨਾਲ ਮਾਤ ਦਿੱਤੀ ਸੀ। ਭਾਰਤ ਹੁਣ ਦੋ ਮੈਚਾਂ ਵਿਚ ਪੰਜ ਅੰਕ ਲੈ ਕੇ ਸ਼ਿਖਰ 'ਤੇ ਹੈ ਪਰ ਮਿੱਥੇ ਸਮੇਂ ਤਕ ਸਕੋਰ ਬਰਾਬਰ ਰਹਿਣ ਦੇ ਕਾਰਨ ਨੀਦਰਲੈਂਡਸ ਨੂੰ ਵੀ ਇਕ ਅੰਕ ਮਿਲ ਗਿਆ।

ਅੰਤਰਰਾਸ਼ਟਰੀ ਹਾਕੀ ਮਹਾਸੰਘ ਦੇ ਨਵੇਂ ਨਿਯਮਾਂ ਅਨੁਸਾਰ ਹਰ ਟਾਈ ਮੈਚ ਦਾ ਨਤੀਜਾ ਨਿਕਲਣਾ ਜ਼ਰੂਰੀ ਹੈ। ਡਰਾਅ ਰਹਿਣ 'ਤੇ ਮੈਚ ਸ਼ੂਟਆਊਟ ਵਿਚ ਜਾਵੇਗਾ। ਜੇਤੂ ਟੀਮ ਨੂੰ ਦੋ ਅਤੇ ਹਾਰਨ ਵਾਲੀ ਟੀਮ ਨੂੰ ਇਕ ਅੰਕ ਮਿਲੇਗਾ। ਦੂਜੇ ਮੈਚ ਵਿਚ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ 1-3 ਨਾਲ ਪਿੱਛੇ ਚੱਲ ਰਹੀ ਸੀ। ਚੌਥੇ ਅਤੇ ਆਖ਼ਰੀ ਕੁਆਰਟਰ ਵਿਚ ਮਨਦੀਪ ਸਿੰਘ (51ਵਾਂ) ਅਤੇ ਰੁਪਿੰਦਰ ਪਾਲ ਸਿੰਘ (55ਵਾਂ) ਨੇ ਗੋਲ ਕਰ ਕੇ ਟੀਮ ਨੂੰ ਬਰਾਬਰੀ ਤਕ ਪਹੁੰਚਾਇਆ। ਇਸ ਤੋਂ ਪਹਿਲਾਂ ਲਲਿਤ ਉਪਾਧਿਆਏ ਨੇ 25ਵੇਂ ਮਿੰਟ ਵਿਚ ਭਾਰਤ ਲਈ ਪਹਿਲਾਂ ਗੋਲ ਕੀਤਾ ਸੀ। ਨੀਦਰਲੈਂਡਸ ਲਈ ਮਿੰਕ ਵਾਨ ਡੇਰ ਵੀਡੇਨ (23ਵੇਂ), ਜੇਰੋਨ ਹਟਸਰਗ (26ਵੇਂ) ਅਤੇ ਬਿਯੋਰਨ ਕੇਲੇਰਮੈਨ (27ਵੇਂ) ਨੇ ਗੋਲ ਕੀਤਾ। ਸ਼ੂਟਆਊਟ ਵਿਚ ਵਿਵੇਕ ਸਾਗਰ ਪ੍ਰਸਾਦ, ਆਕਾਸ਼ਦੀਪ ਸਿੰਘ ਤੇ ਗੁਰਜੰਤ ਸਿੰਘ ਨੇ ਗੋਲ ਕੀਤੇ, ਜਦਕਿ ਹਰਮਨਪ੍ਰੀਤ ਸਿੰਘ ਤੇ ਰੁਪਿੰਦਰ ਖੁੰਝ ਗਏ। ਡਚ ਟੀਮ ਲਈ ਮਿਰਕੋ ਪ੍ਰਊਸਰ ਨੇ ਗੋਲ ਕੀਤਾ, ਜਦਕਿ ਗਲੇਨ ਸ਼ਰਮੈਨ, ਥਿਯਰੇ ਬਿ੍ਕਮੈਨ ਤੇ ਜੇਰੋਨ ਹਟਸਬਰਗ ਦੇ ਨਿਸ਼ਾਨੇ ਖੁੰਝੇ।

ਭਾਰਤ ਨੇ ਸ਼ਨਿਚਰਵਾਰ ਨੂੰ ਮੈਚ ਵਾਲੀ ਆਪਣੀ ਲੈਅ ਕਾਇਮ ਰੱਖਦੇ ਹੋਏ ਸ਼ੁਰੂਆਤ ਵਿਚ ਕਈ ਮੌਕੇ ਬਣਾਏ ਪਰ ਨੀਦਰਲੈਂਡਸ ਨੇ ਦੂਜੇ ਕੁਆਰਟਰ ਵਿਚ ਗੋਲ ਕਰ ਕੇ ਬੜ੍ਹਤ ਬਣਾ ਲਈ। ਡੇਰ ਵੀਡੇਨ ਨੇ ਪੈਨਾਲਟੀ ਕਾਰਨਰ 'ਤੇ ਪਹਿਲਾਂ ਗੋਲ ਕੀਤਾ। ਭਾਰਤੀ ਟੀਮ ਨੇ ਅਗਲੇ ਹੀ ਮਿੰਟ ਵਾਪਸੀ ਕੀਤੀ, ਜਦਕਿ ਲਲਿਤ ਨੇ ਮੈਦਾਨੀ ਗੋਲ ਕੀਤਾ। ਨਿਊਜ਼ੀਲੈਂਡ ਨੇ 26ਵੇਂ ਮਿੰਟ ਵਿਚ ਇਕ ਹੋਰ ਗੋਲ ਕਰ ਕੇ ਫਿਰ ਬੜ੍ਹਤ ਬਣਾ ਲਈ। ਭਾਰਤ ਨੂੰ ਮਿਲਿਆ ਪੈਨਾਲਟੀ ਕਾਰਨਰ ਰੁਪਿੰਦਰ ਨੇ ਗੋਲ ਵਿਚ ਤਬਦੀਲ ਕੀਤਾ। ਆਖਰੀ ਸੀਟੀ ਵਜਣ ਤੋਂ ਦੋ ਮਿੰਟ ਪਹਿਲਾਂ ਨੀਦਰਲੈਂਡਸ ਨੂੰ ਪੈਨਾਲਟੀ ਕਾਰਨਰ ਮਿਲਿਆ ਪਰ ਭਾਰਤ ਨੇ ਉਸ ਨੂੰ ਬਚਾ ਲਿਆ।