ਨਵੀਂ ਦਿੱਲੀ ’ਚ ਕੁਝ ਦਿਨ ਪਹਿਲਾਂ ਖੇਡੀ ਗਈ ਵਰਲਡ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ’ਚ ਇੰਡੀਅਨ ਮਹਿਲਾ ਮੁੱਕੇਬਾਜ਼ਾਂ ਲਵਲੀਨਾ, ਸਵੀਟੀ ਬੂਰਾ, ਨਿਖਤ ਜ਼ਰੀਨ ਤੇ ਨੀਤੂ ਘੰਘਾਸ ਨੇ ਚਾਰ ਗੋਲਡ ਮੈਡਲ ਦੇਸ਼ ਦੀ ਝੋਲੀ ਪਾਏ ਹਨ। ਇਹ ਦੂਜੀ ਵਾਰ ਹੈ ਜਦੋਂ ਦੇਸ਼ ਦੀਆਂ ਮਹਿਲਾ ਖਿਡਾਰਨਾਂ ਨੇ ਚਾਰ ਸੋਨ ਤਗ਼ਮੇ ਜਿੱਤਣ ਦਾ ਕਰਿਸ਼ਮਾ ਕੀਤਾ ਹੈ। ਨਵੀਂ ਦਿੱਲੀ-2006 ’ਚ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਚਾਰ ਗੋਲਡ ਮੈਡਲਾਂ ਦਾ ਚੌਕਾ ਲਾਉਣ ਦਾ ਕਾਰਨਾਮਾ ਕੀਤਾ ਸੀ। ਨਵੀਂ ਦਿੱਲੀ-2006 ਵਰਲਡ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ’ਚ ਮੈਰੀਕਾਮ, ਸਵੀਤਾ ਦੇਵੀ, ਆਰਐਲ ਜੈਨੀ ਤੇ ਕੇਸੀ ਲੇਖਾ ਨੇ ਚਾਰ ਗੋਲਡ ਜਿੱਤੇ ਸਨ। ਇਸ ਵਾਰ ਚਾਰ ਗੋਲਡ ਮੈਡਲ ਜੇਤੂ ਚਾਰੇ ਮੁੱਕੇਬਾਜ਼ਾਂ ਨੂੰ 82.7 ਲੱਖ (ਹਰੇਕ ਨੂੰ 82.7 ਲੱਖ) ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਹੈ।

ਆਸਾਮ ਦੀ ਹੈ ਲਵਲੀਨਾ

ਟੋਕੀਓ-2020 ਓਲੰਪਿਕ ’ਚ ਤਾਂਬੇ ਦਾ ਤਗ਼ਮਾ ਜਿੱਤਣ ਵਾਲੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਨਵੀਂ ਦਿੱਲੀ ਵਰਲਡ ਕੱਪ ਬਾਕਸਿੰਗ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ ਦਾ ਕਰਿਸ਼ਮਾ ਕੀਤਾ ਹੈ। 75 ਕਿਲੋਗ੍ਰਾਮ ਕੈਟੇਗਿਰੀ ’ਚ ਲਵਲੀਨਾ ਨੇ ਫਾਈਨਲ ’ਚ ਆਸਟਰੇਲੀਆ ਦੀ ਬਾਕਸਰ ਕੈਨਲਿਨ ਪਾਰਕਰ ਨੂੰ ਮਾਤ ਦੇ ਕੇ ਗੋਲਡ ਮੈਡਲ ਆਪਣੇ ਨਾਮ ਕੀਤਾ ਹੈ। ਲਵਲੀਨਾ ਨੇ ਇਸ ਮੁਕਾਬਲੇ ’ਚ ਕੰਗਾਰੂ ਮੁੱਕੇਬਾਜ਼ ਪਾਰਕਰ ਨੂੰ 5-2 ਅੰਕਾਂ ਨਾਲ ਹਰਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸੇ ਮੁਕਾਬਲੇ ’ਚ ਸਾਲ-2018 ਤੇ 2019 ’ਚ ਤਾਂਬੇ ਦੇ ਦੋ ਤਗ਼ਮੇ ਜਿੱਤਣ ਵਾਲੀ 25 ਸਾਲਾ ਬਾਕਸਰ ਲਵਲੀਨਾ ਨੇ ਵਰਲਡ ਮੁੱਕੇਬਾਜ਼ੀ ਚੈਂਪੀਅਨ ’ਚ ਇਹ ਪਲੇਠਾ ਸੋਨ ਤਗ਼ਮਾ ਜਿੱਤਿਆ ਹੈ। ਓਲੰਪੀਅਨ ਮੁੱਕੇਬਾਜ਼ ਐਮਸੀ ਮੈਰੀਕਾਮ ਤੋਂ ਬਾਅਦ ਲਵਲੀਨਾ ਦੇਸ਼ ਦੀ ਦੂਜੀ ਮਹਿਲਾ ਮੁੱਕੇਬਾਜ਼ ਹੈ, ਜਿਸ ਨੇ ਟੋਕੀਓ ਓਲੰਪਿਕ ’ਚ ਤਗ਼ਮਾ ਹਾਸਲ ਕੀਤਾ ਹੈ। ਗੋਲਡ ਮੈਡਲ ਜਿੱਤਣ ਤੋਂ ਬਾਅਦ ਲਵਲੀਨਾ ਦਾ ਕਹਿਣਾ ਸੀ ਕਿ ਹਾਲਾਂਕਿ ਉਸ ਨੇ ਰਿੰਗ ’ਚ ਪੂਰੀ ਯੋਜਨਾ ’ਤੇ ਧਿਆਨ ਕੇਂਦਰਤ ਨਹੀਂ ਕੀਤਾ ਪਰ ਇਸ ਦੇ ਬਾਵਜੂਦ ਉਸ ਨੇ ਜਿੱਤ ਦਾ ਪਰਚਮ ਲਹਿਰਾਇਆ ਹੈ। ਲਵਲੀਨਾ ਦਾ ਜਨਮ 2 ਅਕਤੂਬਰ, 1997 ’ਚ ਅਸਾਮ ਦੇ ਜ਼ਿਲ੍ਹਾ ਗੋਲਾਘਾਟ ’ਚ ਮਾਮੋਨੀ ਬੋਰਗੋਹੇਨ ਦੀ ਕੁੱਖੋਂ ਟਿਕੇਨ ਬੋਰਗੋਹੇਨ ਦੇ ਗ੍ਰਹਿ ਵਿਖੇ ਹੋਇਆ। ਲਵਲੀਨਾ ਦੀ ਦੋ ਵੱਡੀਆ ਜੁੜਵਾ ਭੈਣਾਂ ਲਿਚਾ ਤੇ ਲੀਮਾ ਵੀ ਰਾਸ਼ਟਰੀ ਪੱਧਰ ’ਤੇ ਮੁੱਕੇਬਾਜ਼ੀ ’ਚ ਹੱਥ ਅਜ਼ਮਾ ਚੁੱਕੀਆਂ ਹਨ। ਲਵਲੀਨਾ ਅਸਾਮ ਦੀ ਪਹਿਲੀ ਅਥਲੀਟ ਹੈ, ਜਿਸ ਨੇ ਦੇਸ਼ ਦੀ ਝੋਲੀ ’ਚ ਤਗ਼ਮਾ ਪਾਇਆ ਹੈ। ਟੋਕੀਓ ਓਲੰਪਿਕ ’ਚ ਤਾਂਬੇ ਦਾ ਤਗ਼ਮਾ ਜਿੱਤਣ ਤੋਂ ਬਾਅਦ ਲਵਲੀਨਾ ਨੂੰ ਅਸਾਮ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਤੈਨਾਤ ਕੀਤਾ । ਲਵਲੀਨਾ ਨੇ ਸਾਲ-2012 ’ਚ ਸਕੂਲ ਤੋਂ ਮੁੱਕੇਬਾਜ਼ੀ ਦਾ ਆਗਾਜ਼ ਕੀਤਾ। ਲਵਲੀਨਾ ਨੂੰ ਸਿਖਲਾਇਰ ਪਦਮ ਬੋਰੋ ਵਲੋਂ ਟਰੇਂਡ ਕੀਤਾ ਪਰ ਬਾਅਦ ’ਚ ਮਹਿਲਾ ਟਰੇਨਰ ਸ਼ਿਵ ਸਿੰਘ ਵਲੋਂ ਲਵਲੀਨਾ ਨੂੰ ਮੁੱਕੇਬਾਜ਼ੀ ਦੀ ਕੋਚਿੰਗ ਦੀ ਜ਼ਿੰਮੇਵਾਰੀ ਆਪਣੇ ਹੱਥਾਂ ’ਚ ਸਾਂਭਣੀ ਪਈ। ਟੋਕੀਓ-2020 ਓਲੰਪਿਕ ’ਚ ਤਾਂਬੇ ਦਾ ਤਗ਼ਮਾ ਹਾਸਲ ਕਰਨ ਤੋਂ ਬਾਅਦ ਅੱਜ ਘਰੇਲੂ ਮੈਦਾਨ ’ਤੇ ਖੇਡੀ ਮਹਿਲਾ ਵਰਲਡ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ ਨਾਲ ਹੌਸਲਾ ਸੱਤ ਅਸਮਾਨ ’ਤੇ ਹੈ।

ਨੀਤੂ ਘੰਘਾਸ

ਹਲਕੇ ਫਲਾਈ ਵੇਟ ’ਚ ਦੋ ਵਾਰ ਯੂਥ ਮਹਿਲਾ ਵਿਸ਼ਵ ਮੁੱਕੇਬਾਜ਼ੀ ’ਚ ਆਲਮੀ ਚੈਂਪੀਅਨ ਰਹਿ ਚੁੱਕੀ ਨੀਤੂ ਘੰਘਾਸ ਨੇ ਕੁਝ ਦਿਨ ਪਹਿਲਾਂ ਨਵੀਂ ਦਿੱਲੀ ’ਚ ਸੰਪੰਨ ਹੋਈ ਆਈਬੀਏ ਵਿਮੈਨ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ 48 ਕਿਲੋ ਵੇਟ ਕੈਟੇਗਿਰੀ ’ਚ ਗੋਲਡ ਮੈਡਲ ਜਿੱਤਿਆ ਹੈ। ਨਵੀਂ ਦਿੱਲੀ ਸਥਿਤ ਘਰੇਲੂ ਰਿੰਗ ’ਚ ਖੇਡੇ ਗਏ ਇਸ ਇਕਪਾਸੜ ਗੇਮ ’ਚ ਨੀਤੂ ਨੇ ਮੰਗੋਲੀਆ ਦੀ ਮਹਿਲਾ ਮੁੱਕੇਬਾਜ਼ ਲੁਤਸੇਖਾਨੀ ਅਲਤਾਂਸੇਟਸੇਗ ਨੂੰ 5-0 ਅੰਕਾਂ ਨਾਲ ਹਰਾਇਆ ਸੀ। ਨੀਤੂ ਘੰਘਾਸ ਨੇ ਕਾਮਨਵੈਲਥ ਗੇਮਜ਼ ਬਰਮਿੰਘਮ-2022 ’ਚ ਵੀ 45-48 ਕਿਲੋ ਵਜ਼ਨ ਵਰਗ ’ਚ ਗੋਲਡ ਮੈਡਲ ’ਤੇ ਆਪਣੇ ਨਾਮ ਲਿਖਵਾਇਆ ਸੀ। ਕਾਮਨਵੈਲਥ ਟੂਰਨਾਮੈਂਟ ’ਚ ਨੀਤੂ ਨੇ ਇੰਗਲੈਂਡ ਦੀ ਡੇਮੀ-ਜੇਡ ਰੇਜ਼ਸਟਨ ਨੂੰ ਰਿੰਗ ’ਚ ਇਕਪਾਸੜ ਗੇਮ ’ਚ 5-0 ਨਾਲ ਹਰਾ ਕੇ ਚੈਂਪੀਅਨ ਬਣਨ ਦਾ ਜੱਸ ਖੱਟਿਆ ਸੀ। ਸਾਲ-2018 ’ਚ ਹੰਗਰੀ ਦੇ ਬੁਡਾਪੇਸਟ ’ਚ ਖੇਡੀ ਯੂਥ ਮਹਿਲਾ ਵਿਸ਼ਵ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਨਾਲ ਹੱਥ ਮਿਲਾਉਣ ਵਾਲੀ ਨੀਤੂ ਨੇ ਬੁਲਗਾਰੀਆ ਦੇ ਸੋਫੀਆ ’ਚ ਖੇਡੀ ਗਈ ਸਟਰੈਡਜਾ ਮੈਮੋਰੀਅਲ ਬਾਕਸਿੰਗ ਟੂਰਨਾਮੈਂਟ ’ਚ ਵੀ 48 ਕਿਲੋ ਵਜ਼ਨ ਵਰਗ ’ਚ ਗੋਲਡ ਮੈਡਲ ਡੁੱਗਿਆ ਸੀ। ਇਨ੍ਹਾਂ ਮੁੱਕੇਬਾਜ਼ੀ ਟੂਰਨਾਮੈਂਟਾਂ ’ਚ ਗੋਲਡ ਮੈਡਲਾਂ ਦਾ ਚੌਕਾ ਜਮਾਉਣ ਵਾਲੀ ਨੀਤੂ ਘੰਘਾਸ ਨੇ ਬੁਲਗਾਰੀਆ ਦੇ ਸੋਫੀਆ ’ਚ 2017 ’ਚ ਖੇਡੀ ਗਈ ਬਾਲਕਨ ਬਾਰਸਿੰਗ ਇੰਟਰਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ’ਚ ਗੋਲਡ ਮੈਡਲ, ਇਸੇ ਸਾਲ ਗੁਹਾਟੀ ਦੇ ਘਰੇਲੂ ਰਿੰਗ ’ਚ ਮਹਿਲਾ ਯੂਥ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਸਾਲ-2018 ’ਚ ਏਸ਼ੀਅਨ ਯੂਥ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ ਦਾ ਕਰਿਸ਼ਮਾ ਕਰ ਚੁੱਕੀ ਹੈ। 7 ਸੋਨ ਤਗਮੇ ਜਿੱਤ ਚੁੱਕੀ ਨੀਤੂ ਘੰਘਾਸ ਦਾ ਜਨਮ ਹਰਿਆਣਾ ਦੇ ਜ਼ਿਲ੍ਹਾ ਭਿਵਾਨੀ ’ਚ 19 ਅਕਤੂਬਰ, 2000 ਨੂੰ ਹਰਿਆਣਾ ਰਾਜ ਸਭਾ ਚੰਡੀਗੜ੍ਹ ’ਚ ਕਰਮਚਾਰੀ ਰਹਿ ਚੁੱਕੇ ਜੈ ਭਗਵਾਨ ਦੇ ਗ੍ਰਹਿ ਵਿਖੇ ਮਾਤਾ ਮੁਕੇਸ਼ ਦੇਵੀ ਦੀ ਕੁੱਖੋਂ ਹੋਇਆ। ਨੀਤੂ ਦੇ ਪਿਤਾ ਨੂੰ ਬੇਟੀ ਦਾ ਬਾਕਸਿੰਗ ਦੇ ਖੇਤਰ ਨੂੰ ਜਿੱਤਣ ਦਾ ਸੁਪਨਾ ਸਾਕਾਰ ਕਰਨ ਲਈ ਤਿੰਨ ਸਾਲ ਬਿਨਾਂ ਤਨਖਾਹ ਤੋਂ ਛੁੱਟੀ ਲੈਣ ਲਈ ਮਜਬੂਰ ਹੋਣਾ ਪਿਆ। ਨੀਤੂ ਦੀ ਪ੍ਰੈਕਟਿਸ ਜਾਰੀ ਰੱਖਣ ਲਈ ਜੈ ਭਗਵਾਨ ਵਲੋਂ 6 ਲੱਖ ਰੁਪਏ ਵਿਆਜ ’ਤੇ ਕਰਜ਼ਾ ਵੀ ਚੁੱਕਿਆ ਗਿਆ। ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ’ਚ ਬੀਏ ਦੀ ਸਟੂਡੈਂਟ ਨੀਤੂ ਘੰਘਾਸ ਨੇ ਪਹਿਲਾਂ ਲੋਕਲ ਪੱਧਰ ’ਤੇ ਵਜਿੰਦਰ ਸਿੰਘ ਤੋਂ ਟਰੇਨਿੰਗ ਲੈਣੀ ਸ਼ੁਰੂ ਕੀਤੀ ਪਰ ਇਸ ਤੋਂ ਛੇਤੀ ਬਾਅਦ ਨੀਤੂ ਵਲੋਂ ਭਿਵਾਨੀ ’ਚ ਬਾਕਸਿੰਗ ਕਲੱਬ ’ਚ ਐਂਟਰੀ ਹਾਸਲ ਕੀਤੀ। ਬਾਕਸਿੰਗ ਕਲੱਬ ਜਾਣ ਲਈ ਨੀਤੂ ਨੂੰ ਪਿਤਾ ਜੈ ਭਗਵਾਨ ਨਾਲ 40 ਕਿਲੋਮੀਟਰ ਸਕੂਟਰ ’ਤੇ ਟਰੇਨਿੰਗ ਹਾਸਲ ਕਰਨ ਲਈ ਜਾਣਾ ਪੈਂਦਾ ਸੀ। ਪਿਤਾ ਜੈ ਭਗਵਾਨ ਦਾ ਬੇਟੀ ਨੀਤੂ ਦੀ ਜਿੱਤ ’ਤੇ ਕਹਿਣਾ ਹੈ ਕਿ ਨੀਤੂ ਬਾਕਸਿੰਗ ਕਲੱਬ ਭਿਵਾਨੀ ’ਚ ਟਰੇਨਰ ਜਗਦੀਪ ਸਿੰਘ ਦੀ ਟਰੇਨੀ ਰਹੀ ਹੈ, ਜਿਸ ਕਰਕੇ ਸਿਖਲਾਇਰ ਜਗਦੀਪ ਸਿੰਘ ਦਾ ਮਹਿਲਾ ਵਰਲਡ ਚੈਂਪੀਅਨਸ਼ਿਪ ’ਚ ਨੀਤੂ ਵਲੋਂ ਹਾਸਲ ਕੀਤੀ ਜਿੱਤ ’ਚ ਵੱਡਾ ਯੋਗਦਾਨ ਹੈ। ਚੰਡੀਗੜ੍ਹ ’ਚ ਮੁੱਢਲੇ ਬਾਕਸਿੰਗ ਕੋਚ ਵਜਿੰਦਰ ਸਿੰਘ ਨੇ ਨੀਤੂ ਨੂੰ ਬਾਕਸਿੰਗ ਰਿੰਗ ਦਾ ਰਸਤਾ ਵਿਖਾਇਆ।

ਚੈਂਪੀਅਨ ਨਿਖਤ ਜ਼ਰੀਨ

ਤੇਲਗਾਨਾ ਰਾਜ ਦੀ ਮਹਿਲਾ ਮੁੱਕੇਬਾਜ਼ ਨਿਖਤ ਜ਼ਰੀਨ ਨੇ ਨਵੀਂ ਦਿੱਲੀ ’ਚ ਕੁਝ ਦਿਨ ਪਹਿਲਾਂ ਖੇਡੀ ਗਈ ਚੈਂਪੀਅਨਸ਼ਿਪ ਦੇ 50 ਕਿਲੋ ਵੇਟ ਵਰਗ ਦੇ ਫਾਈਨਲ ’ਚ ਇਕਪਾਸੜ ਮੁਕਾਬਲੇ ’ਚ ਦੋ ਵਾਰ ਦੀ ਏਸ਼ੀਅਨ ਚੈਂਪੀਅਨ ਰਹਿ ਚੁੱਕੀ ਵੀਅਤਨਾਮ ਦੀ ਗੁਏਨ ਟੈਮ ਨੂੰ 5-0 ਅੰਕਾਂ ਨਾਲ ਹਰਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ। ਨਿਖਤ ਜ਼ਰੀਨ ਦਾ ਜਨਮ ਤਿਲੰਗਾਨਾ ਰਾਜ ਦੇ ਸ਼ਹਿਰ ਨਿਜ਼ਾਮਾਬਾਦ ’ਚ 14 ਜੂਨ, 2011 ’ਚ ਪਰਵੀਨ ਸੁਲਤਾਨਾ ਦੀ ਕੁੱਖੋਂ ਮੁਹੰਮਦ ਅਹਿਮਦ ਦੇ ਗ੍ਰਹਿ ਵਿਖੇ ਹੋਇਆ। ਬੀਏ ਦੀ ਡਿਗਰੀ ਹਾਸਲ ਕਰਨ ਵਾਲੀ ਨਿਖਤ ਜ਼ਰੀਨ ਬੈਂਕ ਆਫ ਇੰਡੀਆ ਦੇ ਜ਼ੋਨਲ ਆਫ਼ਿਸ ’ਚ ਸਟਾਫ਼ ਅਫ਼ਸਰ ਹੈ।

ਵਿਸ਼ਵ ਚੈਂਪੀਅਨ ਸਵੀਟੀ ਬੂਰਾ

ਨਵੀਂ ਦਿੱਲੀ-2023 ਵਰਲਡ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਦੇ 81 ਕਿਲੋ ਵੇਟ ਵਰਗ ’ਚ ਸਵੀਟੀ ਬੂਰਾ ਨੇ ਚੀਨ ਦੀ ਮਹਿਲਾ ਮੁੱਕੇਬਾਜ਼ ਵਾਂਗ ਲੀਨਾ ਨੂੰ ਫਾਈਨਲ ’ਚ ਚਿੱਤ ਕਰਕੇ ਭਾਰਤ ਦੀ ਝੋਲੀ ’ਚ ਗੋਲਡ ਮੈਡਲ ਪਾਇਆ ਹੈ। ਇੰਡੀਅਨ ਮੁੱਕੇਬਾਜ਼ ਸਵੀਟੀ ਬੂਰਾ ਨੇ ਚੀਨ ਦੀ ਬਾਕਸਰ ਤੋਂ ਇਹ ਬਾਈਟ 4-3 ਅੰਕਾਂ ਦੇ ਮਾਮੂਲੀ ਅੰਤਰ ਨਾਲ ਜਿੱਤਣ ਸਦਕਾ ਚੈਂਪੀਅਨ ਬਣਨ ਦਾ ਵੱਡਾ ਜੱਸ ਖੱਟਿਆ ਹੈ। ਸੋਨ ਤਗ਼ਮਾ ਜਿੱਤਣ ਤੋਂ ਬਾਅਦ ਸਵੀਟੀ ਨੇ ਕਿਹਾ ਕਿ ਰਿੰਗ ’ਚ ਫਾਈਟ ਦੌਰਾਨ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਿੰਨੇ ਪੰਚ ਸਹੀ ਮਾਰੇ ਹਨ ਤੇ ਵਿਰੋਧੀ ਨੇ ਤੁਹਾਡੇ ’ਤੇ ਕਿੰਨੇ ਪੰਚ ਠੀਕ ਲੈਂਡ ਕੀਤੇ ਹਨ। ਭਾਵੇਂ ਮੇਰੇ ਅੰਕ ਫ਼ਰਕ ਬਹੁਤ ਘੱਟ ਸੀ ਪਰ ਮੇਰੇ ਵਲੋਂ ਵਿਰੋਧੀ ’ਤੇ ਲੈਂਡ ਕੀਤੇ ਪੰਚਾਂ ਦੇ ਹਿਸਾਬ-ਕਿਤਾਬ ਅਨੁਸਾਰ ਮੇਰੀ ਜਿੱਤ ਯਕੀਨੀ ਸੀ। ਸਵੀਟੀ ਬੂਰਾ ਦਾ ਜਨਮ 10 ਜਨਵਰੀ, 1993 ’ਚ ਹਰਿਆਣਾ ਦੇ ਜ਼ਿਲ੍ਹਾ ਹਿਸਾਰ ’ਚ ਬਾਸਕਟਬਾਲ ਪਲੇਅਰ ਮਹਿੰਦਰ ਸਿੰਘ ਦੇ ਗ੍ਰਹਿ ਵਿਖੇ ਹੋਇਆ। ਸਵੀਟੀ ਬੂਰਾ ਪਹਿਲਾਂ ਕਬੱਡੀ ਪਲੇਅਰ ਸੀ ਪਰ ਪਿਤਾ ਦੇ ਕਹਿਣ ’ਤੇ ਸਾਲ-2009 ’ਚ ਉਸ ਨੇ ਮੁੱਕੇਬਾਜ਼ੀ ਦੀ ਸ਼ੁਰੂਆਤ ਕੀਤੀ। ਕਬੱਡੀ ਨੂੰ ਪਿਆਰਨ ਵਾਲੀ ਮੁੱਕੇਬਾਜ਼ ਸਵੀਟੀ ਬੂਰਾ ਨੇ ਸਰਕਲ ਸਟਾਇਲ ਕਬੱਡੀ ਪਲੇਅਰ ਦੀਪਕ ਹੂਡਾ ਨਾਲ ਵਿਆਹ ਕੀਤਾ। ਮੁੱਕੇਬਾਜ਼ੀ ਕਰੀਅਰ ਆਗਾਜ਼ ਤੋਂ ਬਾਅਦ ਸਵੀਟੀ ਬੂਰਾ ਨੇ ਜੇਜੂ ਸਿਟੀ-2014 ’ਚ ਖੇਡੀ ਗਈ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਲਾਈਟ ਹੈਵੀਵੇਟ 81 ਕਿਲੋ ਵਰਗ ’ਚ ਚਾਂਦੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਏਸ਼ੀਅਨ ਵਿਮੈਨ ਬਾਕਸਿੰਗ ਚੈਂਪੀਅਨਸ਼ਿਪ ਵੁਲਾਨਚਾਬੂ-2015 ’ਚ ਸਿਲਵਰ ਮੈਡਲ ਜਿੱਤਣ ’ਚ ਸਫ਼ਲਤਾ ਹਾਸਲ ਕੀਤੀ।

- ਹਰਨੂਰ ਸਿੰਘ ਐਡਵੋਕੇਟ

Posted By: Harjinder Sodhi