ਏਮਸਟੇਲਵੀਨ (ਪੀਟੀਆਈ) : ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਐੱਫਆਈਐੱਚ ਵਿਸ਼ਵ ਕੱਪ ਦੇ ਪੂਲ ਬੀ ਦੇ ਆਪਣੇ ਪਹਿਲੇ ਮੈਚ ਵਿਚ ਇੰਗਲੈਂਡ ਨੂੰ 1-1 ਨਾਲ ਡਰਾਅ 'ਤੇ ਰੋਕ ਦਿੱਤਾ। ਇੰਗਲੈਂਡ ਨੂੰ ਨੌਂਵੇਂ ਮਿੰਟ ਵਿਚ ਇਸਾਬੇਲਾ ਪੇਟਰ ਨੇ ਬੜ੍ਹਤ ਦਿਵਾਈ ਪਰ ਵੰਦਨਾ ਕਟਾਰੀਆ ਨੇ 28ਵੇਂ ਮਿੰਟ ਵਿਚ ਭਾਰਤ ਨੂੰ ਬਰਾਬਰੀ ਦਿਵਾ ਦਿੱਤੀ।

ਪਹਿਲੇ ਦੋ ਕੁਆਰਟਰ ਵਿਚ ਦੋਵਾਂ ਟੀਮਾਂ ਨੇ ਇਕ ਦੂਜੇ ਨੂੰ ਸਖ਼ਤ ਟੱਕਰ ਦਿੱਤੀ। ਭਾਰਤ ਨੂੰ ਪਹਿਲੇ ਹੀ ਮਿੰਟ ਵਿਚ ਪੈਨਲਟੀ ਕਾਰਨਰ ਦੇ ਰੂਪ ਵਿਚ ਗੋਲ ਕਰਨ ਦਾ ਪਹਿਲਾ ਮੌਕਾ ਮਿਲਿਆ ਪਰ ਟੀਮ ਨੇ ਇਸ ਨੂੰ ਗੁਆ ਦਿੱਤਾ। ਕੁਝ ਹੀ ਮਿੰਟਾਂ ਬਾਅਦ ਕਪਤਾਨ ਤੇ ਗੋਲਕੀਪਰ ਸਵਿਤਾ ਨੇ ਸ਼ਾਨਦਾਰ ਬਚਾਅ ਕਰਦੇ ਹੋਏ ਇੰਗਲੈਂਡ ਨੂੰ ਬੜ੍ਹਤ ਬਣਾਉਣ ਤੋਂ ਰੋਕਿਆ। ਇਸਾਬੇਲਾ ਨੇ ਇਸ ਤੋਂ ਬਾਅਦ ਗੇਂਦ ਨੂੰ ਡਿਫਲੈਕਟ ਕਰ ਕੇ ਗੋਲ ਵਿਚ ਪਹੁੰਚਾਇਆ ਤੇ ਇੰਗਲੈਂਡ ਨੂੰ ਬੜ੍ਹਤ ਦਿਵਾਈ। ਭਾਰਤ ਨੇ ਪਲਟਵਾਰ ਕਰਦੇ ਹੋਏ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਪਹਿਲੀ ਕੋਸ਼ਿਸ਼ ਵਿਚ ਗੁਰਜੀਤ ਕੌਰ ਦਾ ਸ਼ਾਟ ਗੋਲ ਪੋਸਟ ਨਾਲ ਟਕਰਾ ਗਿਆ ਜਦਕਿ ਦੂਜੀ ਕੋਸ਼ਿਸ਼ ਨੂੰ ਇੰਗਲੈਂਡ ਦੀ ਗੋਲਕੀਪਰ ਹਿੰਚ ਨੇ ਨਾਕਾਮ ਕੀਤਾ। ਭਾਰਤ ਨੂੰ 28ਵੇਂ ਮਿੰਟ ਵਿਚ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਤੇ ਇਸ ਵਾਰ ਵੰਦਨਾ ਨੇ ਰਿਬਾਊਂਡ 'ਤੇ ਗੋਲ ਕਰ ਕੇ ਸਕੋਰ 1-1 ਕਰ ਦਿੱਤਾ। ਭਾਰਤ ਪੂਲ ਬੀ ਦੇ ਆਪਣੇ ਅਗਲੇ ਮੈਚ ਵਿਚ ਮੰਗਲਵਾਰ ਨੂੰ ਚੀਨ ਨਾਲ ਭਿੜੇਗਾ।

Posted By: Gurinder Singh