ਸੁਜੋਊ (ਪੀਟੀਆਈ) : ਭਾਰਤ ਸੁਦਰੀਮਨ ਕੱਪ ਬੈਡਮਿੰਟਨ ਟੂਰਨਾਮੈਂਟ 'ਚ ਗਰੁੱਪ-ਸੀ ਦੇ ਆਪਣੇ ਦੂਜੇ ਮੈਚ ਵਿਚ ਸੋਮਵਾਰ ਨੂੰ ਇੱਥੇ ਮਲੇਸ਼ੀਆ ਖ਼ਿਲਾਫ਼ ਇਕਤਰਫ਼ਾ ਹਾਰ ਨਾਲ ਇਸ ਮਿਕਸਡ ਟੀਮ ਚੈਂਪੀਅਨਸ਼ਿਪ 'ਚੋਂ ਬਾਹਰ ਹੋ ਗਿਆ। ਸਟਾਰ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਤੇ ਪੀਵੀ ਸਿੰਧੂ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਜਿਸ ਨਾਲ ਇਸ ਵੱਕਾਰੀ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਖ਼ਤਮ ਹੋ ਗਈ। ਮਰਦ ਸਿੰਗਲਜ਼ ਮੁਕਾਬਲੇ ਵਿਚ ਜਿੱਥੇ ਸ਼੍ਰੀਕਾਂਤ ਨੇ ਕਾਫੀ ਗ਼ਲਤੀਆਂ ਕੀਤੀਆਂ ਤਾਂ ਉਥੇ ਸਿੰਧੂ ਨੂੰ ਪਹਿਲੀ ਗੇਮ ਜਿੱਤਣ ਦੇ ਬਾਵਜੂਦ ਦੁਨੀਆ ਦੀ 30ਵੇਂ ਨੰਬਰ ਦੀ ਖਿਡਾਰਨ ਗੋਹ ਜਿਨ ਵੇਈ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਮੈਚ ਵਿਚ ਧਰੁਵ ਕਪਿਲਾ ਤੇ ਅਸ਼ਵਿਨੀ ਪੋਨੱਪਾ ਦੀ ਮਿਕਸਡ ਡਬਲਜ਼ ਜੋੜੀ ਦੇ ਸਾਹਮਣੇ ਗੋਹ ਸੁਨ ਹੁਆਤ ਤੇ ਲੇਈ ਸ਼ੇਵੋਨ ਜੇਮੀ ਦੀ ਜੋੜੀ ਨੂੰ ਹਰਾਉਣ ਦੀ ਸਖ਼ਤ ਚੁਣੌਤੀ ਸੀ ਪਰ ਭਾਰਤੀ ਜੋੜੀ ਨੂੰ 35 ਮਿੰਟ ਵਿਚ 16-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਸ਼੍ਰੀਕਾਂਤ ਨੂੰ ਇਸ ਤੋਂ ਬਾਅਦ ਮਰਦ ਸਿੰਗਲਜ਼ ਮੁਕਾਬਲੇ ਵਿਚ ਕਾਫੀ ਗ਼ਲਤੀਆਂ ਕਰਨ ਦਾ ਨੁਕਸਾਨ ਉਠਾਉਣਾ ਪਿਆ ਤੇ ਉਹ ਇਕਤਰਫ਼ਾ ਮੁਕਾਬਲੇ ਵਿਚ ਦੁਨੀਆ ਦੇ ਅੱਠਵੇਂ ਨੰਬਰ ਦੇ ਖਿਡਾਰੀ ਲੀ ਜੀ ਜੀਆ ਖ਼ਿਲਾਫ਼ 16-21, 11-21 ਨਾਲ ਹਾਰ ਗਏ ਜਿਸ ਨਾਲ ਭਾਰਤ 0-2 ਨਾਲ ਪੱਛੜ ਗਿਆ। ਦੁਨੀਆ ਦੀ 12ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਇਸ ਤੋਂ ਬਾਅਦ ਗੋਹ ਖ਼ਿਲਾਫ਼ ਪਹਿਲੀ ਗੇਮ ਵਿਚ 2-11 ਨਾਲ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਜਿੱਤ ਦਰਜ ਕੀਤੀ ਪਰ ਮੈਚ ਵਿਚ ਉਨ੍ਹਾਂ ਨੂੰ 21-14, 10-21, 20-22 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਭਾਰਤ ਪੰਜ ਮੈਚਾਂ ਦੇ ਮੁਕਾਬਲੇ ਵਿਚ 0-3 ਨਾਲ ਪੱਛੜ ਗਿਆ। ਇਸ ਹਾਰ ਨਾਲ ਭਾਰਤ ਗਰੁੱਪ-ਸੀ ਵਿਚ ਤੀਜੇ ਸਥਾਨ 'ਤੇ ਰਿਹਾ ਜਦਕਿ ਚੀਨੀ ਤਾਇਪੇ ਤੇ ਮਲੇਸ਼ੀਆ ਨੇ ਸਿਖਰਲੀਆਂ ਦੋ ਟੀਮਾਂ ਦੇ ਰੂਪ ਵਿਚ ਕੁਆਰਟਰ ਫਾਈਨਲ ਲਈ ਕੁਆਲੀਫਾਈ ਕੀਤਾ।