ਅਭਿਸ਼ੇਕ ਤਿ੍ਪਾਠੀ, ਨਵੀਂ ਦਿੱਲੀ : ਭਾਰਤ ਸਰਕਾਰ ਦੇ ਲਾਕਡਾਊਨ-4 ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪੂਰੇ ਦੇਸ਼ ਵਿਚ ਬਿਨਾਂ ਦਰਸ਼ਕਾਂ ਦੇ ਸਟੇਡੀਅਮ ਖੋਲ੍ਹ ਦਿੱਤੇ ਜਾਣਗੇ। ਇਸ ਦਾ ਮਤਲਬ ਇਹ ਹੈ ਕਿ ਦੇਸ਼ ਵਿਚ ਖਿਡਾਰੀਆਂ ਦੇ ਅਭਿਆਸ ਦੇ ਰਾਹ ਤਾਂ ਖੁੱਲ੍ਹ ਹੀ ਜਾਣਗੇ ਬਲਕਿ ਆਈਪੀਐੱਲ ਵਰਗੇ ਵੱਡੇ ਟੂਰਨਾਮੈਂਟ ਤੇ ਦੁਵੱਲੀਆਂ ਸੀਰੀਜ਼ਾਂ ਵੀ ਕਰਵਾਈਆਂ ਜਾ ਸਕਣਗੀਆਂ ਜਦ ਵਿਦੇਸ਼ੀ ਖਿਡਾਰੀਆਂ ਨੂੰ ਵੀਜ਼ਾ ਮਿਲਣਾ ਸ਼ੁਰੂ ਹੋਵੇਗਾ। ਕੋਰੋਨਾ ਵਾਇਰਸ ਕਾਰਨ ਬੀਸੀਸੀਆਈ ਨੇ ਆਈਪੀਐੱਲ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ। ਦੇਸ਼ ਵਿਚ ਸਾਰੀਆਂ ਖੇਡਾਂ ਬੰਦ ਹੋ ਗਈਆਂ ਸਨ। ਖਿਡਾਰੀ ਘਰਾਂ ਵਿਚ ਬੰਦ ਰਹਿਣ ਲਈ ਮਜਬੂਰ ਹੋ ਗਏ ਸਨ। ਇਸ ਕਾਰਨ ਸਰਕਾਰ ਦੇ ਨਵੇਂ ਨਿਰਦੇਸ਼ਾਂ ਤੋਂ ਸਾਫ਼ ਹੋ ਗਿਆ ਹੈ ਕਿ ਚਾਹੇ ਅਜ ਆਈਪੀਐੱਲ ਜਲਦ ਨਾ ਹੋ ਸਕੇ ਪਰ ਇਸ ਦੀਆਂ ਤਿਆਰੀਆਂ ਹੁਣ ਸ਼ੁਰੂ ਹੋ ਸਕਦੀਆਂ ਹਨ। ਆਈਪੀਐੱਲ ਫਰੈਂਚਾਈਜ਼ੀਆਂ ਸਰੀਰਕ ਦੂਰੀ ਦੇ ਅਹਿਮ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਆਪੋ-ਆਪਣੀ ਟੀਮ ਦੇ ਕੈਂਪ ਲਾ ਸਕਦੀਆਂ ਹਨ। ਉਥੇ ਖਿਡਾਰੀ ਵੀ ਹੁਣ ਸਟੇਡੀਅਮ ਵਿਚ ਪੁੱਜ ਕੇ ਅਭਿਆਸ ਕਰ ਸਕਦੇ ਹਨ। ਇਸ ਮਾਮਲੇ 'ਤੇ ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਖੇਡਾਂ ਲਈ ਬਹੁਤ ਚੰਗੀ ਖ਼ਬਰ ਹੈ। ਅਸੀਂ ਲੋਕ ਆਈਪੀਐੱਲ ਦੀਆਂ ਤਿਆਰੀਆਂ ਵਿਚ ਰੁੱਝਾਂਗੇ। ਜੋ ਮੈਦਾਨ ਅਜੇ ਤਿਆਰ ਨਹੀਂ ਹਨ, ਉਨ੍ਹਾਂ ਨੂੰ ਤਿਆਰ ਕੀਤਾ ਜਾਵੇਗਾ। ਨਵਾਂ ਪ੍ਰੋਗਰਾਮ ਬਣਾਇਆ ਜਾਵੇਗਾ ਪਰ ਆਈਪੀਐੱਲ ਤਦ ਹੋ ਸਕਦਾ ਹੈ ਜਦ ਭਾਰਤ ਸਰਕਾਰ ਵਿਦੇਸ਼ੀ ਖਿਡਾਰੀਆਂ ਦੇ ਆਉਣ 'ਤੇ ਲੱਗੀਆਂ ਵੀਜ਼ਾ ਪਾਬੰਦੀਆਂ ਹਟਾ ਦੇਵੇ ਤੇ ਉਡਾਣਾਂ ਦੀ ਆਵਾਜਾਈ ਸ਼ੁਰੂ ਕਰ ਦੇਵੇ। ਇਹ ਜ਼ਰੂਰ ਹੈ ਕਿ ਇਸ ਫ਼ੈਸਲੇ ਤੋਂ ਬਾਅਦ ਘਰੇਲੂ ਖਿਡਾਰੀਆਂ ਦਾ ਅਭਿਆਸ ਸ਼ੁਰੂ ਹੋ ਜਾਵੇਗਾ। ਸਾਨੂੰ ਉਮੀਦ ਹੈ ਕਿ ਵੀਜ਼ਾ ਪਾਬੰਦੀਆਂ ਵੀ ਹੌਲੀ ਹੌਲੀ ਹਟ ਜਾਣਗੀਆਂ ਤਾਂ ਅਸੀਂ ਲੋਕ ਆਈਪੀਐੱਲ ਕਰਵਾਉਣ ਵੱਲ ਵਧ ਸਕਦੇ ਹਾਂ। ਅੱਗੇ ਛੋਟ ਮਿਲਣ 'ਤੇ ਜੋ ਵਿਦੇਸ਼ੀ ਖਿਡਾਰੀ ਆਉਣਗੇ ਉਨ੍ਹਾਂ ਨੂੰ ਕੁਆਰੰਟਾਈਨ ਕਰਵਾਉਣ ਤੇ ਕੋਰੋਨਾ ਟੈਸਟ ਕਰਨ ਦਾ ਬਦਲ ਖੁੱਲ੍ਹਾ ਹੋਇਆ ਹੈ।

ਘਰੇਲੂ ਟੂਰਨਾਮੈਂਟਾਂ 'ਚ ਅੜਿੱਕਾ ਨਹੀਂ

ਬੀਸੀਸੀਆਈ ਲਈ ਘਰੇਲੂ ਸੀਰੀਜ਼ ਨੂੰ ਵੀ ਕਰਵਾਉਣ ਦੇ ਹੁਣ ਰਾਸਤੇ ਖੁੱਲ੍ਹ ਗਏ ਹਨ। ਇਰਾਨੀ ਟਰਾਫੀ ਵਰਗੇ ਟੂਰਨਾਮੈਂਟ ਹੁਣ ਬਿਨਾਂ ਦਰਸ਼ਕਾਂ ਦੇ ਕਰਵਾਏ ਜਾ ਸਕਦੇ ਹਨ ਹਾਲਾਂਕਿ ਅਜੇ ਘਰੇਲੂ ਉਡਾਣਾਂ ਬੰਦ ਹੋਣ ਨਾਲ ਇਸ ਵਿਚ ਮੁਸ਼ਕਲ ਆ ਸਕਦੀ ਹੈ। ਉਥੇ ਅਗਲੇ ਘਰੇਲੂ ਕੈਲੰਡਰ ਦੇ ਵੀ ਟੂਰਨਾਮੈਂਟ ਤੈਅ ਸਮੇਂ ਤਕ ਕਰਵਾਏ ਜਾ ਸਕਦੇ ਹਨ। ਇਕ ਤਰ੍ਹਾਂ ਨਾਲ ਸਾਰੀਆਂ ਤਰ੍ਹਾਂ ਦੀਆਂ ਖੇਡਾਂ ਨੂੰ ਕਰਵਾਉਣ ਦੇ ਰਾਹ ਹੁਣ ਖੁੱਲ੍ਹ ਗਏ ਹਨ। ਉਡਾਣਾ ਸ਼ੁਰੂ ਹੋਣ ਨਾਲ ਪੂਰੀ ਤਰ੍ਹਾਂ ਰਾਹ ਖੁੱਲ੍ਹ ਜਾਣਗੇ। ਹੋਰ ਖੇਡਾਂ ਨੂੰ ਵੀ ਹਰੀ ਝੰਡੀ ਮਿਲ ਸਕਦੀ ਹੈ। ਉਮਰ ਵਰਗ ਦੇ ਟੂਰਨਾਮੈਂਟਾਂ ਲਈ ਟਰਾਇਲ ਵਗੈਰਾ ਦੀ ਸ਼ੁਰੂਆਤ ਵੀ ਜਲਦੀ ਕੀਤੀ ਜਾ ਸਕਦੀ ਹੈ।

ਓਲੰਪਿਕ ਦੀ ਤਿਆਰੀ

ਸਿਰਫ਼ ਕ੍ਰਿਕਟ ਹੀ ਨਹੀਂ ਹੋਰ ਖੇਡਾਂ ਦੇ ਐਥਲੀਟਾਂ ਦੇ ਵੀ ਹੁਣ ਸਟੇਡੀਅਮ ਵਿਚ ਪੁੱਜ ਕੇ ਅਭਿਆਸ ਕਰਨ ਦੇ ਰਾਹ ਖੁੱਲ੍ਹ ਗਏ ਹਨ। ਉਥੇ ਭਾਰਤੀ ਖੇਡ ਅਥਾਰਟੀ (ਸਾਈ) ਵੀ ਆਪਣੇ ਪੂਰੇ ਦੇਸ਼ ਦੇ ਸੈਂਟਰਾਂ ਵਿਚ ਖਿਡਾਰੀਆਂ ਨੂੰ ਅਭਿਆਸ ਕਰਵਾ ਸਕਦੀ ਹੈ। ਓਲੰਪਿਕ ਦੀਆਂ ਤਿਆਰੀਆਂ ਵਿਚ ਰੁੱਝੇ ਐਥਲੀਟ ਕਾਫੀ ਸਮੇਂ ਤੋਂ ਖੇਡ ਮੰਤਰਾਲੇ ਤੋਂ ਅਭਿਆਸ ਦੀ ਇਜਾਜ਼ਤ ਮੰਗ ਰਹੇ ਸਨ। ਸਾਈ ਨੇ ਉਸ ਲਈ ਗਾਈਡਲਾਈਨਜ਼ ਵੀ ਤਿਆਰ ਕਰ ਲਈਆਂ ਹਨ।