ਨਵੀਂ ਦਿੱਲੀ (ਪੀਟੀਆਈ) : ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਭਾਰਤ ਦੀ ਪੀਵੀ ਸਿੰਧੂ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੇ ਦਾ ਮੈਡਲ ਜੇਤੂ ਲਕਸ਼ੇ ਸੇਨ ਸ਼ੁੱਕਰਵਾਰ ਨੂੰ ਇੱਥੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਜਿੱਤ ਨਾਲ ਸੈਮੀਫਾਈਨਲ ਵਿਚ ਪੁੱਜਣ 'ਚ ਕਾਮਯਾਬ ਰਹੇ। ਸਿਖਰਲਾ ਦਰਜਾ ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ 36 ਮਿੰਟ ਤਕ ਚੱਲੇ ਮੁਕਾਬਲੇ ਵਿਚ ਹਮਵਤਨ ਅਸ਼ਮਿਤਾ ਚਾਲਿਹਾ ਨੂੰ 21-7, 21-18 ਨਾਲ ਹਰਾਇਆ। ਲਕਸ਼ੇ ਨੇ ਐੱਚਐੱਸ ਪ੍ਰਣਯ ਨੂੰ ਮੁਸ਼ਕਲ ਮੁਕਾਬਲੇ ਵਿਚ 14-21, 21-19, 21-14 ਨਾਲ ਹਰਾ ਕੇ ਮਰਦ ਸਿੰਗਲਜ਼ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।

ਹੈਦਰਾਬਾਦ ਦੀ ਇਸ ਖਿਡਾਰਨ ਨੇ ਫਾਈਨਲ ਵਿਚ ਪੁੱਜਣ ਲਈ ਛੇਵਾਂ ਦਰਜਾ ਹਾਸਲ ਥਾਈਲੈਂਡ ਦੀ ਸੁਪਨਿਦਾ ਕਟੇਥੋਂਗ ਨਾਲ ਸੈਮੀਫਾਈਨਲ ਵਿਚ ਭਿੜਨਾ ਪਵੇਗਾ। ਤੀਜਾ ਦਰਜਾ ਹਾਸਲ ਸਿੰਗਾਪੁਰ ਦੀ ਯੇਓ ਜੀਆ ਮਿਨ ਦੇ ਤੇਜ਼ ਬੁਖਾਰ ਕਾਰਨ ਟੂਰਨਾਮੈਂਟ ਤੋਂ ਹਟਣ ਤੋਂ ਬਾਅਦ ਕੇਟਥੋਂਗ ਨੇ ਸੈਮੀਫਾਈਨਲ ਵਿਚ ਥਾਂ ਬਣਾਈ। ਤੀਜਾ ਦਰਜਾ ਹਾਸਲ ਲਕਸ਼ੇ ਆਖ਼ਰੀ ਚਾਰ ਦੇ ਮੁਕਾਬਲੇ ਵਿਚ ਮਲੇਸ਼ੀਆ ਦੇ ਨਗ ਤੇਜ ਯੋਂਗ ਜਾਂ ਆਇਰਲੈਂਡ ਦੇ ਨਹਾਟ ਨਗੁਏਨ ਵਿਚਾਲੇ ਹੋਣ ਵਾਲੇ ਇਕ ਹੋਰ ਕੁਆਰਟਰ ਫਾਈਨਲ ਦੇ ਜੇਤੂ ਨਾਲ ਭਿੜਨਗੇ। ਮਰਦ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਲਕਸ਼ੇ ਤੇ ਪ੍ਰਣਯ ਵਿਚਾਲੇ ਫਸਵਾਂ ਮੁਕਾਬਲਾ ਹੋਇਆ। ਪ੍ਰਣਯ ਪਹਿਲੀ ਗੇਮ ਜਿੱਤਣ ਵਿਚ ਕਾਮਯਾਬ ਰਹੇ ਪਰ ਨੌਜਵਾਨ ਖਿਡਾਰੀ ਲਕਸ਼ੇ ਨੇ ਦੂਜੀ ਗੇਮ ਨੂੰ ਆਪਣੇ ਨਾਂ ਕਰ ਕੇ ਮੁਕਾਬਲਾ ਬਰਾਬਰੀ ਦਾ ਕਰ ਦਿੱਤਾ। ਸਿੰਧੂ ਪਿਛਲੀ ਵਾਰ 2019 ਵਿਚ 83ਵੀਂ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਚਾਲਿਹਾ ਖ਼ਿਲਾਫ਼ ਖੇਡੀ ਸੀ। ਉਸ ਸਮੇਂ ਅਸਮ ਦੀ ਇਸ ਨੌਜਵਾਨ ਖਿਡਾਰਨ ਨੇ ਦਮਦਾਰ ਪ੍ਰਦਰਸ਼ਨ ਕੀਤਾ ਸੀ।

ਚਾਲਿਹਾ ਨੇ ਸ਼ੁੱਕਰਵਾਰ ਨੂੰ ਲੈਅ ਹਾਸਲ ਕਰਨ ਵਿਚ ਕਾਫੀ ਸਮਾਂ ਲਿਆ। ਉਨ੍ਹਾਂ ਨੇ ਹਾਲਾਂਕਿ ਦੂਜੀ ਗੇਮ ਵਿਚ ਸਖ਼ਤ ਟੱਕਰ ਦਿੱਤੀ ਪਰ ਇਹ ਸਿੰਧੂ ਨੂੰ ਰੋਕਣ ਲਈ ਕਾਫੀ ਨਹੀਂ ਸੀ। ਸਿੰਧੂ ਨੇ ਸ਼ੁਰੂਆਤੀ ਗੇਮ ਵਿਚ ਆਪਣੇ ਸਾਰੇ ਤਜਰਬੇ ਦਾ ਇਸਤੇਮਾਲ ਕਰਦੇ ਹੋਏ 11-5 ਦੀ ਬੜ੍ਹਤ ਹਾਸਲ ਕਰ ਲਈ। ਮੈਚ ਦੇ ਅੱਗੇ ਵਧਣ ਨਾਲ ਦੋਵਾਂ ਖਿਡਾਰੀਆਂ ਵਿਚਾਲੇ ਅੰਕਾਂ ਦਾ ਫ਼ਾਸਲਾ ਵਧਦਾ ਗਿਆ। ਚਾਲਿਹਾ ਨੇ ਦੂਜੀ ਗੇਮ ਵਿਚ ਖ਼ੁਦ ਨੂੰ ਬਿਹਤਰ ਸਾਬਤ ਕਰਦੇ ਹੋਏ 9-9 ਦੀ ਬਰਾਬਰੀ ਕੀਤੀ। ਇਸ ਤੋਂ ਬਾਅਦ ਸਿੰਧੂ ਨੇ 15-11 ਨਾਲ ਬੜ੍ਹਤ ਬਣਾਈ ਪਰ ਚਾਲਿਹਾ ਨੇ ਮੁੜ ਵਾਪਸੀ ਕਰਦੇ ਹੋਏ ਸਕੋਰ ਨੂੰ 15-15 ਕਰ ਦਿੱਤਾ। ਸਿੰਧੂ ਇਸ ਤੋਂ ਬਾਅਦ ਆਪਣੀ ਖੇਡ ਵਿਚ ਹਮਲਾਵਰ ਵਤੀਰਾ ਵਧਾਉਂਦੇ ਹੋਏ ਚਾਰ ਅੰਕ ਹਾਸਲ ਕਰ ਕੇ ਜਿੱਤ ਦੇ ਨੇੜੇ ਪੁੱਜ ਗਈ।

ਭਾਰਤੀ ਜੋੜੀਆਂ ਨੂੰ ਸਹਿਣੀ ਪਈ ਹਾਰ :

ਇਸ਼ਾਨ ਭਟਨਾਗਰ ਅਤੇ ਸਾਈ ਪ੍ਰਤੀਕ ਦੀ ਮਰਦ ਡਬਲਜ਼ ਜੋੜੀ ਨੂੰ ਮਲੇਸ਼ੀਆ ਦੀ ਤੀਜਾ ਦਰਜਾ ਹਾਸਲ ਓਂਗ ਯੂ ਸਿਨ ਅਤੇ ਤੇਓ ਈ ਯੀ ਖ਼ਿਲਾਫ਼ ਸਿਰਫ਼ 19 ਮਿੰਟ ਵਿਚ 7-21, 7-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਿਕਸਡ ਡਬਲਜ਼ ਵਿਚ ਅੱਠਵਾਂ ਦਰਜਾ ਹਾਸਲ ਵੈਂਕਟ ਗੌਰਵ ਪ੍ਰਸਾਦ ਅਤੇ ਜੂਹੀ ਦੇਵਾਂਗਨ ਦੀ ਭਾਰਤੀ ਜੋੜੀ ਚੇਨ ਟੈਂਗ ਜੀ ਅਤੇ ਪੇਕ ਯੇਨ ਵੇਈ ਦੀ ਮਲੇਸ਼ਿਆਈ ਜੋੜੀ ਹੱਥੋਂ ਸਿਰਫ਼ 23 ਮਿੰਟ ਵਿਚ 10-21, 13-21 ਨਾਲ ਹਾਰ ਗਈ। ਨਿਤਿਨ ਐੱਚਵੀ ਅਤੇ ਅਸ਼ਵਿਨੀ ਭੱਟ ਦੀ ਇਕ ਹੋਰ ਭਾਰਤੀ ਜੋੜੀ ਸਿੰਗਾਪੁਰ ਦੇ ਹੀ ਯੋਂਗ ਕਾਈ ਟੇਰੀ ਅਤੇ ਟੈਨ ਵੇਈ ਹਾਨ ਹੱਥੋਂ 15-21, 19-21 ਨਾਲ ਹਾਰ ਗਈ।