ਸੁਜੋਊ (ਪੀਟੀਆਈ) : ਭਾਰਤ ਦੀ ਸੁਦੀਰਮਨ ਕੱਪ ਬੈਡਮਿੰਟਨ ਟੂਰਨਾਮੈਂਟ ਵਿਚ ਸ਼ੁਰੂਆਤ ਨਿਰਾਸ਼ਾਜਨਕ ਰਹੀ ਤੇ ਉਸ ਨੂੰ ਗਰੁੱਪ-ਸੀ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਹੀ ਐਤਵਾਰ ਨੂੰ ਇੱਥੇ ਚੀਨੀ ਤਾਇਪੇ ਹੱਥੋਂ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੀਵੀ ਸਿੰਧੂ ਸਮੇਤ ਭਾਰਤੀ ਖਿਡਾਰੀਆਂ ਨੇ ਆਪਣੇ ਵਿਰੋਧੀਆਂ ਨੂੰ ਸਖ਼ਤ ਚੁਣੌਤੀ ਦਿੱਤੀ ਪਰ ਉਹ ਢੁਕਵਾਂ ਨਤੀਜਾ ਹਾਸਲ ਕਰਨ ਵਿਚ ਨਾਕਾਮ ਰਹੇ। ਭਾਰਤ ਵੱਲੋਂ ਤਨੀਸ਼ਾ ਕ੍ਰਾਸਟੋ ਤੇ ਕੇ ਸਾਈ ਪ੍ਰਤੀਕ ਨੇ ਮਿਕਸਡ ਡਬਲਜ਼ ਮੁਕਾਬਲੇ ਵਿਚ ਪਹਿਲੀ ਗੇਮ ਜਿੱਤ ਕੇ ਸਕਾਰਾਤਮਕ ਸ਼ੁਰੂਆਤ ਕੀਤੀ ਪਰ ਆਖ਼ਰ ਵਿਚ ਉਹ ਯਾਂਗ ਪੋ ਹੁਆਨ ਤੇ ਹੂ ਲਿੰਗ ਫੇਂਗ ਹੱਥੋਂ 21-18, 24-26, 6-21 ਨਾਲ ਹਾਰ ਗਏ। ਵਿਸ਼ਵ ਵਿਚ ਨੌਵੇਂ ਨੰਬਰ ਦੇ ਖਿਡਾਰੀ ਐੱਚਐੱਸ ਪ੍ਰਣਯ ਸਿੰਗਲਜ਼ ਵਿਚ ਆਪਣੀ ਸਰਬੋਤਮ ਖੇਡ ਦਾ ਪ੍ਰਦਰਸ਼ਨ ਨਹੀਂ ਕਰ ਸਕੇ ਤੇ ਵਿਸ਼ਵ ਵਿਚ ਪੰਜਵੇਂ ਨੰਬਰ ਦੇ ਖਿਡਾਰੀ ਚਾਊ ਟਿਏਨ ਚੇਨ ਹੱਥੋਂ 19-21, 15-21 ਨਾਲ ਹਾਰ ਗਏ। ਇਸ ਨਾਲ ਭਾਰਤ 0-2 ਨਾਲ ਪਿੱਛੇ ਹੋ ਗਿਆ। ਭਾਰਤ ਨੂੰ ਵਾਪਸੀ ਦਿਵਾਉਣ ਦੀ ਜ਼ਿੰਮੇਵਾਰੀ ਹੁਣ ਸਿੰਧੂ 'ਤੇ ਸੀ ਪਰ ਵਿਸ਼ਵ ਦੀ ਨੰਬਰ ਇਕ ਖਿਡਾਰਨ ਤਾਈ ਜੂ ਿਯੰਗ ਨੂੰ ਸਖ਼ਤ ਚੁਣੌਤੀ ਦੇਣ ਦੇ ਬਾਵਜੂਦ ਉਹ ਜਿੱਤ ਦਰਜ ਨਹੀਂ ਕਰ ਸਕੀ। ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਇਸ ਮੈਚ ਵਿਚ ਦੂਜੀ ਗੇਮ ਜਿੱਤ ਕੇ ਚੰਗੀ ਵਾਪਸੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਤੀਜੀ ਤੇ ਫ਼ੈਸਲਾਕੁਨ ਗੇਮ ਵਿਚ ਆਪਣੀ ਵਿਰੋਧੀ ਨੂੰ ਸਖ਼ਤ ਚੁਣੌਤੀ ਦਿੱਤੀ। ਤਾਈ ਜੂ ਨੇ ਇਕ ਘੰਟਾ ਚਾਰ ਮਿੰਟ ਤੱਕ ਚੱਲੇ ਮੈਚ ਨੂੰ 21-14, 18-21, 21-17 ਨਾਲ ਜਿੱਤਿਆ। ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਨੇ ਇਸ ਤੋਂ ਬਾਅਦ ਮਰਦ ਡਬਲਜ਼ ਮੈਚ ਵਿਚ ਲੀ ਯਾਂਗ ਤੇ ਯੇ ਹੋਂਗ ਵੇਈ ਨੂੰ ਸਖ਼ਤ ਟੱਕਰ ਦਿੱਤੀ ਪਰ ਉਨ੍ਹਾਂ ਨੂੰ ਆਖ਼ਰ ਵਿਚ 13-21, 21-17, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਭਾਰਤ 0-4 ਨਾਲ ਪਿੱਛੇ ਹੋ ਗਿਆ। ਤਿ੍ਸਾ ਜਾਲੀ ਤੇ ਪੀ ਗਾਇਤ੍ਰੀ ਗੋਪੀਚੰਦ ਦੀ ਵਿਸ਼ਵ ਵਿਚ 17ਵੇਂ ਨੰਬਰ ਦੀ ਮਹਿਲਾ ਡਬਲਜ਼ ਜੋੜੀ ਨੇ ਇਸ ਤੋਂ ਬਾਅਦ ਜ਼ਬਰਦਸਤ ਧੀਰਜ ਦਿਖਾਇਆ ਤੇ ਪਹਿਲੀ ਗੇਮ ਵਿਚ ਮਿਲੀ ਹਾਰ ਤੋਂ ਬਾਅਦ ਲੀ ਚੀਆ ਸੀਨ ਤੇ ਟੇਂਗ ਚੁਨ ਸੂਨ ਨੂੰ 21-15, 18-21, 13-21 ਨਾਲ ਹਰਾ ਕੇ ਚੀਨੀ ਤਾਇਪੇ ਨੂੰ ਕਲੀਨ ਸਵੀਪ ਨਹੀਂ ਕਰਨ ਦਿੱਤਾ।

Posted By: Gurinder Singh