ਨਵੀਂ ਦਿੱਲੀ (ਪੀਟੀਆਈ) : ਭਾਰਤ ਨੂੰ ਡੈਨਮਾਰਕ ਦੇ ਆਰਹੂਸ 'ਚ ਤਿੰਨ ਤੋਂ 11 ਅਕਤੂਬਰ ਤਕ ਹੋਣ ਵਾਲੇ ਥਾਮਸ ਅੇ ਉਬੇਰ ਕੱਪ ਬੈਡਮਿੰਟਨ ਫਾਈਨਲ ਵਿਚ ਆਸਾਨ ਡਰਾਅ ਮਿਲਿਆ ਹੈ।

ਬੀਡਬਲਯੂਐੱਫ (ਵਿਸ਼ਵ ਬੈਡਮਿੰਟਨ ਮਹਾਸੰਘ) ਦੇ ਹੈੱਡਕੁਆਰਟਰ ਕੁਆਲਾਲੰਪੁਰ ਵਿਚ ਸੋਮਵਾਰ ਨੂੰ ਜਾਰੀ ਕੀਤੇ ਗਏ ਡਰਾਅ ਵਿਚ ਭਾਰਤੀ ਪੁਰਸ਼ ਟੀਮ ਨੂੰ 2016 ਵਿਚ ਚੈਂਪੀਅਨ ਡੈਨਮਾਰਕ, ਜਰਮਨੀ ਅਤੇ ਅਲਜੀਰੀਆ ਨਾਲ ਗਰੁੱਪ ਸੀ ਵਿਚ ਰੱਖਿਆ ਗਿਆ ਹੈ, ਜਦਕਿ ਮਹਿਲਾ ਟੀਮ ਨੂੰ 14 ਵਾਰ ਦੇ ਜੇਤੂ ਚੀਨ, ਫਰਾਂਸ ਅਤੇ ਜਰਮਨੀ ਨਾਲ ਗਰੁੱਪ ਡੀ ਵਿਚ ਥਾਂ ਦਿੱਤੀ ਗਈ ਹੈ। ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਨੂੰ ਟੂਰਨਾਮੈਂਟ 'ਚ ਪੰਜਵੀਂ ਰੈਂਕਿੰਗ ਪ੍ਰਰਾਪਤ ਹੈ।

ਇਹ ਟੂਰਨਾਮੈਂਟ ਮੂਲ ਰੂਪ ਨਾਲ 16 ਤੋਂ 24 ਮਈ ਤਕ ਕਰਵਾਏ ਜਾਣੇ ਸਨ ਪਰ ਕੋਵਿਡ-19 ਮਹਾਮਾਰੀ ਕਾਰਨ ਇਨ੍ਹਾਂ ਨੂੰ 15 ਤੋਂ 23 ਅਗਸਤ ਤਕ ਕਰਵਾਉਣ ਦਾ ਪ੍ਰੋਗਰਾਮ ਬਣਿਆ। ਜ਼ਿਆਦਾਤਰ ਦੇਸ਼ਾਂ ਵਿਚ ਸਥਿਤੀ 'ਚ ਸੁਧਾਰ ਨਾ ਹੋਣ 'ਤੇ ਦੂਜੀ ਵਾਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਭਾਰਤੀ ਪੁਰਸ਼ ਅਤੇ ਮਹਿਲਾ ਟੀਮ 2018 ਵਿਚ ਪਿਛਲੇ ਸੈਸ਼ਨ ਵਿਚ ਨਾਕਆਊਟ ਗੇੜ ਵਿਚ ਪਹੁੰਚਣ 'ਚ ਅਸਫਲ ਰਹੀ ਸੀ। ਮਹਿਲਾ ਟੀਮ 2016 ਅਤੇ 2014 (ਨਵੀਂ ਦਿੱਲੀ) ਵਿਚ ਸੈਮੀਫਾਈਨਲ 'ਚ ਪਹੁੰਚਣ 'ਚ ਸਫਲ ਰਹੀ ਸੀ।