ਲੁਸਾਨੇ (ਪੀਟੀਆਈ) : ਭਾਰਤ ਦੇ ਇਸ ਮਹੀਨੇ ਸਪੇਨ ਤੇ ਜਰਮਨੀ ਖ਼ਿਲਾਫ਼ ਉਨ੍ਹਾਂ ਦੀ ਜ਼ਮੀਨ 'ਤੇ ਹੋਣ ਵਾਲੇ ਐੱਫਆਈਐੱਚ ਪ੍ਰਰੋ ਲੀਗ ਮੈਚਾਂ ਨੂੰ ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਕਾਰਨ ਮੁਲਤਵੀ ਕਰ ਦਿੱਤਾ ਗਿਆ। ਹਾਕੀ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫਆਈਐੱਚ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਮਰਦ ਹਾਕੀ ਟੀਮ ਨੇ 15 ਤੇ 16 ਮਈ ਨੂੰ ਸਪੇਨ ਜਦਕਿ 23 ਤੇ 24 ਮਈ ਨੂੰ ਜਰਮਨੀ ਖ਼ਿਲਾਫ਼ ਦੋ ਗੇੜ ਦੇ ਮੁਕਾਬਲੇ ਖੇਡਣੇ ਸਨ। ਐੱਫਆਈਐੱਚ ਨੇ ਕਿਹਾ ਕਿ ਐੱਫਆਈਐੱਚ, ਹਾਕੀ ਇੰਡੀਆ ਤੋਂ ਇਲਾਵਾ ਜਰਮਨੀ, ਸਪੇਨ ਤੇ ਬਰਤਾਨੀਆ ਦੇ ਰਾਸ਼ਟਰੀ ਹਾਕੀ ਸੰਘ ਇਨ੍ਹਾਂ ਮੈਚਾਂ ਨੂੰ ਕਿਸੇ ਹੋਰ ਤਰੀਕ ਨੂੰ ਕਰਵਾਉਣ ਦੇ ਸਾਰੇ ਸੰਭਵ ਬਦਲਾਂ 'ਤੇ ਵਿਚਾਰ ਕਰ ਰਹੇ ਹਨ। ਲੰਡਨ 'ਚ ਅੱਠ ਤੇ ਨੌਂ ਮਈ ਨੂੰ ਹੋਣ ਵਾਲੇ ਮੈਚਾਂ ਨੂੰ ਵੀ ਇਸ ਤੋਂ ਪਹਿਲਾਂ ਮੁਲਤਵੀ ਕੀਤਾ ਗਿਆ ਸੀ। ਭਾਰਤ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਬਰਤਾਨੀਆ ਨੇ ਇਸ ਦੇਸ਼ ਨੂੰ ਯਾਤਰਾ ਨਾਲ ਸਬੰਧਤ ਲਾਲ ਸੂਚੀ ਵਿਚ ਪਾ ਦਿੱਤੇ ਜਾਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਸੀ।