ਭੁਵਨੇਸ਼ਵਰ (ਏਜੰਸੀ) : ਭਾਰਤੀ ਟੀਮ ਨੇ ਸੋਮਵਾਰ ਨੂੰ ਐੱਫਆਈਐੱਚ ਸੀਰੀਜ਼ ਦੇ ਆਪਣੇ ਆਖ਼ਰੀ ਪੂਲ ਮੈਚ ਵਿਚ ਉਜ਼ਬੇਕਿਸਤਾਨ ਨੂੰ 10-0 ਨਾਲ ਮਾਤ ਦੇ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਭਾਰਤ ਲਈ ਆਕਾਸ਼ਦੀਪ ਨੇ ਤਿੰਨ ਤੇ ਵਰੁਣ ਕੁਮਾਰ ਤੇ ਮਨਦੀਪ ਸਿੰਘ ਨੇ ਦੋ ਦੋ ਗੋਲ ਕੀਤਾ। ਅਮਿਤ ਰੋਹੀਦਾਸ, ਨੀਲਕਾਂਤ ਸ਼ਰਮਾ, ਗੁਰਸਾਹਿਬਜੀਤ ਸਿੰਘ ਨੇ ਇਕ ਇਕ ਗੋਲ ਕੀਤੇ। ਆਕਾਸ਼ਦੀਪ ਨੇ 11ਵੇਂ, 26ਵੇਂ ਤੇ 53ਵੇਂ ਮਿੰਟ ਵਿਚ ਗੋਲ ਕੀਤੇ। ਵਰੁਣ ਨੇ ਚੌਥੇ ਤੇ 22ਵੇਂ ਮਿੰਟ ਵਿਚ ਗੇਂਦ ਨੂੰ ਨੈੱਟ ਦੇ ਅੰਦਰ ਪਾਇਆ। ਕਪਤਾਨ ਮਨਦੀਪ ਨੇ 30ਵੇਂ ਮਿੰਟ ਵਿਚ ਆਪਣਾ ਖ਼ਾਤਾ ਖੋਲ੍ਹਿਆ ਤੇ ਆਖ਼ਰੀ ਮਿੰਟ ਵਿਚ ਆਪਣਾ ਦੂਜਾ ਗੋਲ ਕੀਤਾ। ਅਮਿਤ ਨੇ 15ਵੇਂ, ਨੀਲਕਾਂਤ ਨੇ 27ਵੇਂ, ਗੁਰਸਾਹਿਬਜੀਤ ਸਿੰਘ ਨੇ 45ਵੇਂ ਮਿੰਟ ਵਿਚ ਗੋਲ ਕੀਤੇ। ਮੈਚ ਤੋਂ ਬਾਅਦ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਪੂਲ ਵਿਚ ਪਹਿਲੇ ਸਥਾਨ 'ਤੇ ਰਹਿੰਦੇ ਹੋਏ ਲੀਗ ਗੇੜ ਦਾ ਅੰਤ ਕਰਨਾ ਚਾਹੁੰਦੇ ਸੀ ਕਿਉਂਕਿ ਇਸ ਨਾਲ ਸਾਨੂੰ ਇਕ ਦਿਨ ਆਰਾਮ ਕਰਨ ਤੇ ਸੈਮੀਫਾਈਨਲ ਦੀ ਤਿਆਰੀ ਕਰਨ ਦਾ ਮੌਕਾ ਮਿਲੇਗਾ।

ਓਲੰਪਿਕ ਕੁਆਲੀਫਾਈ ਲਈ ਅਹਿਮ ਮੁਕਾਬਲਾ :

ਹੁਣ ਹਾਕੀ ਪ੍ਰੇਮੀਆਂ ਦੀਆਂ ਨਜ਼ਰਾਂ ਸੈਮੀਫਾਈਨਲ 'ਤੇ ਹਨ ਇਹ ਓਲੰਪਿਕ ਲਈ ਕੁਆਲੀਫਾਈ ਕਰਨ ਦੇ ਲਿਹਾਜ਼ ਨਾਲ ਭਾਰਤ ਲਈ ਬਹੁਤ ਹੀ ਅਹਿਮ ਮੁਕਾਬਲਾ ਸਾਬਤ ਹੋਣ ਜਾ ਰਿਹਾ ਹੈ।