ਗੁਰਮੀਤ ਸੰਧੂ, ਅੰਮਿ੍ਤਸਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਦੇ ਦੂਜੇ ਦਿਨ ਸਥਾਨਕ ਗੁਰੂ ਨਾਨਕ ਸਟੇਡੀਅਮ 'ਚ ਖੇਡੇ ਗਏ ਦੋ ਫਸਵੇਂ ਮੈਚਾਂ 'ਚ ਭਾਰਤ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ 36 ਦੇ ਮੁਕਾਬਲੇ 54 ਅੰਕਾਂ ਨਾਲ ਹਰਾ ਕੇ ਕੱਪ 'ਚ ਆਪਣੀ ਧਾਕ ਜਮਾਈ। ਜਦਕਿ ਕੈਨੇਡਾ ਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਹੋਈ ਟੱਕਰ 'ਚ ਕੈਨੇਡਾ ਨੇ ਇਕ ਪਾਸੜ ਮੈਚ ਖੇਡਦਿਆਂ ਅਮਰੀਕਾ ਦੀ ਟੀਮ 26 ਦੇ ਮੁਕਾਬਲੇ 53 ਅੰਕਾਂ ਨਾਲ ਹਰਾਇਆ।

ਵਿਸ਼ਵ ਕਬੱਡੀ ਕੱਪ ਦੇ ਅੰਮਿ੍ਤਸਰ 'ਚ ਖੇਡੇ ਗਏ ਮੈਚਾਂ ਦੇ ਮੁੱਖ ਮਹਿਮਾਨ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਤੇ ਆਸ਼ੀਰਵਾਦ ਦਿੱਤਾ। ਉਨ੍ਹਾਂ ਆਪਣੇ ਸੰਬੋਧਨ ਚ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਜੀ ਆਇਆਂ ਕਹਿੰਦੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਇਆ ਜਾ ਰਿਹਾ ਇਹ ਕੌਮਾਂਤਰੀ ਕਬੱਡੀ ਕੱਪ ਜਿੱਥੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਕੌਮਾਂਤਰੀ ਪੱਧਰ 'ਤੇ ਪ੍ਰਮੋਟ ਕਰ ਰਿਹਾ ਹੈ, ਉਥੇ ਸਾਡੇ ਬੱਚਿਆਂ 'ਚ ਇਸ ਦਾ ਪਿਆਰ ਵੰਡ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੱਲੋਂ ਸੂਬੇ 'ਚ ਸਿੱਖਿਆ, ਸਿਹਤ, ਖੇਡਾਂ, ਖੇਤੀ, ਉਦਯੋਗ ਆਦਿ ਹਰੇਕ ਖੇਤਰ ਵੱਲ ਤਵੱਜੋਂ ਦਿੱਤੀ ਜਾ ਰਹੀ ਹੈ ਤੇ ਇਹ ਵਿਸ਼ਵ ਕਬੱਡੀ ਕੱਪ ਵੀ ਪੰਜਾਬ ਦੇ ਖੇਡ ਸੱਭਿਆਚਾਰ ਨੂੰ ਉੱਨਤ ਕਰਨ 'ਚ ਵੱਡਾ ਯੋਗਦਾਨ ਪਾਵੇਗਾ। ਸਰਕਾਰ ਵੱਲੋਂ ਜਿੱਥੇ ਖੇਡਾਂ ਦੇ ਖੇਤਰ |ਚ ਵੱਡੇ ਇਨਾਮ ਦਿੱਤੇ ਜਾ ਰਹੇ ਹਨ, ਉਥੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਰਾਜ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀਆਂ ਨੂੰ ਵੱਡੇ ਅਹੁਦੇ ਦਿੱਤੇ ਜਾ ਰਹੇ ਹਨ, ਜੋ ਖਿਡਾਰੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਹ ਕਬੱਡੀ ਕੱਪ ਕਰਵਾਉਣ ਲਈ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਕੀਤਾ, ਉਥੇ ਅੰਮਿ੍ਤਸਰ ਜ਼ਿਲ੍ਹੇ 'ਚ ਮੈਚਾਂ ਦੀ ਸ਼ਾਨਦਾਰ ਮਹਿਮਾਨ ਨਿਵਾਜ਼ੀ ਕਰਨ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਬਦੌਲਤ ਹੀ ਇਹ ਮੈਚ ਸੰਭਵ ਹੋ ਸਕੇ ਹਨ। ਉਨਾਂ ਮੈਚ ਜਿੱਤਣ ਲਈ ਭਾਰਤ ਦੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ।

ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਬੱਡੀ ਦੇ ਇਸ ਮਹਾਨ ਕੁੰਭ ਲਈ ਖੇਡ ਵਿਭਾਗ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕਬੱਡੀ ਕੱਪ ਪੰਜਾਬ 'ਚ ਖੇਡ ਸੱਭਿਆਚਾਰ ਸਿਰਜਣ 'ਚ ਸਹਾਈ ਹੁੰਦੇ ਹਨ, ਜਿਸ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਜੋ ਕਿ ਘਰਾਂ, ਕੰਪਿਊਟਰ ਤੇ ਮੋਬਾਈਲ ਖੇਡਾਂ ਤਕ ਸੀਮਤ ਹੋ ਕੇ ਰਹਿ ਗਏ ਹਨ, ਨੂੰ ਖੇਡ ਮੈਦਾਨਾਂ ਤਕ ਲਿਆਉਣ ਦੀ ਵੱਡੀ ਲੋੜ ਹੈ ਤੇ ਆਸ ਹੈ ਕਿ ਇਨ੍ਹਾਂ ਯਤਨਾਂ ਨਾਲ ਪੰਜਾਬ 'ਚ ਖੇਡ ਸੱਭਿਆਚਾਰ ਮੁੜ ਪਰਤੇਗਾ।

ਪਹਿਲਾ ਮੈਚ ਜੋ ਕਿ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ, 'ਚ ਵਿਨੈ ਖੱਤਰੀ ਨੇ 10, ਮੱਲ ਸਿੰਘ ਨੇ 9, ਨਵਜੋਤ ਜੋਤਾ ਨੇ 9, ਜਗਮੋਹਨ ਮੱਖੀ ਨੇ 7 ਤੇ ਕੰਵਲਜੀਤ ਨੇ 5 ਅੰਕ ਧਾਵੀ ਵਜੋਂ ਖੇਡਦੇ ਹੋਏ ਪ੍ਰਰਾਪਤ ਕੀਤੇ, ਜਦਕਿ ਇੰਗਲੈਂਡ ਦੀ ਟੀਮ ਦੇ ਧਾਵੀਆਂ ਗੁਰਦੀਪ ਸਿੰਘ ਦੀਪਾ ਨੇ 10, ਰਣਜੀਤ ਸਿੰਘ ਨੇ 8 ਅਤੇ ਗੁਰਚੇਤਨ ਨੇ 7 ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਦੂਜੇ ਮੈਚ 'ਚ ਕੈਨੇਡਾ ਨੇ ਅਮਰੀਕਾ ਨੂੰ 26 ਦੇ ਮੁਕਾਬਲੇ 53 ਅੰਕਾਂ ਨਾਲ ਹਰਾਇਆ।

ਇਸ ਮੌਕੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡਾਇਰੈਕਟਰ ਖੇਡਾਂ ਸੰਜੈ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ ਸਾਰੰਗਲ, ਚੇਅਰਮੈਨ ਪ੍ਰਗਟ ਸਿੰਘ ਧੁੰਨਾ, ਕਬੱਡੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਤੇ ਟੂਰਨਾਮੈਂਟ ਡਾਇਰੈਕਟਰ ਤਜਿੰਦਰ ਸਿੰਘ ਮਿੱਡੂ ਖੇੜਾ, ਹਾਕੀ ਖਿਡਾਰੀ ਤੇ ਡੀਸੀਪੀ ਗਗਨਅਜੀਤ ਸਿੰਘ, ਡੀਸੀਪੀ ਮੁਖਵਿੰਦਰ ਸਿੰਘ ਭੁੱਲਰ, ਏਆਈਜੀ ਐੱਸਟੀਐੱਫ ਰਛਪਾਲ ਸਿੰਘ, ਐੱਸਡੀਐੱਮ ਸ਼ਿਵਰਾਜ ਸਿੰਘ ਬੱਲ, ਐੱਸਡੀਐੱਮ ਅਲਕਾ ਕਾਲੀਆ, ਏਡੀਸੀਪੀ ਜੁਗਰਾਜ ਸਿੰਘ, ਏਡੀਸੀਪੀ ਸੰਦੀਪ ਮਲਿਕ, ਡਿਪਟੀ ਡਾਇਰੈਕਟਰ ਕਰਤਾਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਗੁਰਲਾਲ ਸਿੰਘ ਰਿਆੜ, ਅਸ਼ਵਨੀ ਪੱਪੂ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।