ਗੁਰਤੇਜ ਸਿੰਘ ਸਿੱਧੂ, ਬਠਿੰਡਾ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਤਹਿਤ ਬਠਿੰਡਾ ਦੇ ਖੇਡ ਸਟੇਡੀਅਮ 'ਚ ਦੋ ਮੈਚ ਕਰਵਾਏ ਗਏ। ਵੀਰਵਾਰ ਨੂੰ ਭਾਰਤ ਤੇ ਆਸਟ੍ਰੇਲੀਆ ਅਤੇ ਯੂਐੱਸਏ ਤੇ ਕੀਨੀਆ ਦੀਆਂ ਟੀਮਾਂ ਵਿਚਕਾਰ ਮੈਚ ਖੇਡੇ ਗਏ। ਇਸ ਦੌਰਾਨ ਭਾਰਤ ਦੀ ਕਬੱਡੀ ਟੀਮ ਨੇ ਆਸਟ੍ਰੇਲੀਆ ਦੀ ਟੀਮ ਨੂੰ 48-34 ਦੇ ਫ਼ਰਕ ਨਾਲ ਹਰਾਇਆ ਜਦੋਂਕਿ ਯੂਐੱਸਏ ਦੀ ਟੀਮ ਨੇ ਕੀਨੀਆ ਦੀ ਟੀਮ ਨੂੰ 46-27 ਅੰਕਾਂ ਨਾਲ ਮਾਤ ਦਿੱਤੀ। ਕਬੱਡੀ ਕੱਪ ਦੌਰਾਨ ਯੂਐੱਸਏ ਤੇ ਕੀਨੀਆਂ ਦੀਆਂ ਟੀਮਾਂ ਵਿਚਕਾਰ ਹੋਇਆ ਮੁਕਾਬਲਾ ਦਿਲਚਸਪ ਰਿਹਾ। ਇਸ ਮੈਚ ਦੌਰਾਨ ਯੂਐੱਸਏ ਦੇ ਰੇਡਰ ਨੂੰ ਰੋਕਣ ਸਮੇਂ ਕੀਨੀਆ ਦਾ ਖਿਡਾਰੀ ਜੁਲਮਾ ਬੇਹੋਸ਼ ਹੋ ਗਿਆ ਜਿਸਨੂੰ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਖੇਡ ਸਟੇਡੀਅਮ 'ਚ ਡਿਪਟੀ ਕਮਿਸ਼ਨਰ ਬੀ ਸ੍ਰੀਨਿਵਾਸਨ ਨੇ ਖੇਡ ਮੁਕਾਬਲੇ ਸ਼ੁਰੂ ਕਰਵਾਏ। ਪਹਿਲੇ ਮੈਚ ਦੇ ਸ਼ੁਰੂਆਤ 'ਚ ਯੂਐੱਸਏ ਦੀ ਕਬੱਡੀ ਟੀਮ ਲੀਡ ਲੈਂਦੀ ਰਹੀ, ਚਾਰੇ ਕੁੁਆਰਟਰਾਂ ਵਿਚ ਉਨ੍ਹਾਂ ਜਿੱਤ ਹਾਸਲ ਕੀਤੀ। ਪਹਿਲੇ ਕੁਆਰਟਰ 'ਚ ਯੂਐੱਸਏ ਦੀ ਟੀਮ ਨੇ 12 ਅੰਕ ਤੇ ਕੀਨੀਆ ਦੀ ਟੀਮ ਨੇ 8 ਅੰਕ ਹਾਸਲ ਕੀਤੇ। ਇਸ ਤਰ੍ਹਾਂ ਮੈਚ ਦੀ ਸ਼ੁਰੂਆਤ 'ਚ ਹੀ ਯੂਐੱਸਏ ਦੀ ਟੀਮ ਚਾਰ ਅੰਕ ਨਾਲ ਅੱਗੇ ਰਹੀ। ਮੈਚ ਦੌਰਾਨ ਕੀਨੀਆ ਦੀ ਟੀਮ ਨੇ ਕਾਫ਼ੀ ਜ਼ੋਰ ਲਗਾਇਆ ਪਰ ਉਹ ਸਫ਼ਲ ਨਹੀਂ ਹੋ ਸਕੇ। ਅੱਧੇ ਸਮੇਂ ਤੋਂ ਪਹਿਲਾਂ ਯੂਐੱਸਏ ਦੀ ਟੀਮ 10 ਅੰਕ ਨਾਲ ਅੱਗੇ ਚੱਲ ਰਹੀ ਸੀ। ਇਸ ਤੋਂ ਬਾਅਦ ਦੁਬਾਰਾ ਮੈਚ ਸ਼ੁਰੂ ਹੋਣ ਮਗਰੋਂ ਤੀਜੇ ਕੁਆਰਟਰ 'ਚ ਯੂਐੱਸਏ ਦੀ ਟੀਮ 38 ਅੰਕਾਂ 'ਤੇ ਪਹੁੰਚ ਗਈ ਜਦੋਂ ਕੀਨੀਆ ਦੀ ਟੀਮ 21 ਅੰਕ 'ਤੇ ਹੀ ਪੁੱਜ ਸਕੀ। ਚੌਥੇ ਕੁਆਰਟਰ 'ਚ ਯੂਐੱਸਏ ਦੀ ਟੀਮ ਦੇ 46 ਅੰਕ ਤੇ ਕੀਨੀਆ ਦੀ ਟੀਮ ਦੇ 27 ਅੰਕ ਰਹੇ। ਇਸ ਤਰ੍ਹਾਂ ਯੂਐੱਸਏ ਦੀ ਟੀਮ ਨੇ 19 ਅੰਕਾਂ ਨਾਲ ਇਹ ਮੈਚ ਜਿੱਤ ਲਿਆ।

ਵਿਸ਼ਵ ਕਬੱਡੀ ਕੱਪ ਦਾ ਦੂਜਾ ਮੈਚ ਭਾਰਤ ਤੇ ਆਸਟ੍ਰੇਲੀਆਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਮੈਚ ਦੇ ਸ਼ੁਰੂ ਹੁੰਦਿਆਂ ਹੀ ਭਾਰਤੀ ਟੀਮ ਵਿਰੋਧੀ ਟੀਮ 'ਤੇ ਭਾਰੂ ਰਹੀ। ਪਹਿਲੇ ਕੁਆਰਟਰ ਵਿਚ ਭਾਰਤ ਦੀ ਟੀਮ ਨੇ 14 ਅੰਕ ਜਦੋਂ ਕਿ ਵਿਰੋਧੀ ਆਸਟ੍ਰੇਲੀਆ ਦੀ ਟੀਮ ਨੇ 6 ਅੰਕ ਪ੍ਰਰਾਪਤ ਕੀਤੇ। ਇਸ ਮਗਰੋਂ ਮੈਚ ਦੇ ਦੂਜੇ ਕੁਆਰਟਰ ਵਿਚ ਭਾਰਤ ਦੀ ਟੀਮ 30 ਅੰਕਾਂ 'ਤੇ ਪਹੁੰਚ ਗਈ ਜਦੋਂ ਕਿ ਆਸਟ੍ਰੇਲੀਆ ਦੀ ਟੀਮ ਸਿਰਫ਼ ਤਿੰਨ ਅੰਕ ਜੋੜ ਕੇ 9 ਅੰਕਾਂ 'ਤੇ ਹੀ ਪਹੁੰਚ ਸਕੀ। ਮੈਚ ਦਾ ਅੱਧਾ ਸਮਾਂ ਖ਼ਤਮ ਹੋਣ ਬਾਅਦ ਤੀਜੇ ਕੁਆਰਟਰ ਵਿਚ ਆਸਟੇ੍ਲੀਆ ਦੀ ਟੀਮ ਦਾ ਪ੍ਰਦਰਸ਼ਨ ਚੰਗਾ ਰਿਹਾ, ਟੀਮ 13 ਅੰਕ ਜੋੜ ਕੇ 22 ਅੰਕਾਂ 'ਤੇ ਪਹੁੰਚ ਗਈ ਜਦੋਂ ਕਿ ਭਾਰਤੀ ਟੀਮ ਨੇ ਇਸ ਕੁਆਰਟਰ ਵਿਚ 10 ਅੰਕ ਜੋੜੇ। ਆਖ਼ਰੀ ਕੁਆਰਟਰ ਵਿਚ ਆਸਟੇ੍ਲੀਆ ਦੀ ਟੀਮ ਨੇ ਆਪਣੇ ਅੰਕ 34 ਕਰ ਲਏ ਜਦੋਂ ਕਿ ਭਾਰਤ ਦੀ ਟੀਮ ਨੇ 48 ਅੰਕ ਪ੍ਰਾਪਤ ਕਰਕੇ ਜੇਤੂ ਰਹੀ। ਇਸ ਤਰ੍ਹਾਂ ਭਾਰਤ ਦੀ ਟੀਮ ਨੇ 14 ਅੰਕਾਂ ਨਾਲ ਇਹ ਮੈਚ ਜਿੱਤ ਲਿਆ। ਇਕੱਠ ਪੱਖੋਂ ਕਬੱਡੀ ਕੱਪ ਫਿੱਕਾ ਰਿਹਾ। ਸਟੇਡੀਅਮ ਦੀਆਂ ਕੁਰਸੀਆਂ ਖ਼ਾਲੀ ਨਜ਼ਰ ਆਈਆਂ। ਇਕ ਦਸੰਬਰ ਤੋਂ ਦਸ ਦਸੰਬਰ ਤਕ ਚੱਲਣ ਵਾਲੇ ਇਸ ਵਿਸ਼ਵ ਕਬੱਡੀ ਕੱਪ ਦੇ ਸੈਮੀਫ਼ਾਈਲ ਮੁਕਾਬਲੇ 8 ਦਸੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਅਤੇ ਫਾਈਨਲ ਮੁਕਾਬਲੇ ਡੇਰਾ ਬਾਬਾ ਨਾਨਕ ਵਿਖੇ ਹੋਣਗੇ।

ਭਾਰਤ-48-ਆਸਟ੍ਰੇਲੀਆ-34- ਫ਼ਰਕ-14

ਯੂਐੱਸਏ-46-ਕੀਨੀਆ-27-ਫ਼ਰਕ-19