ਭੁਬਨੇਸ਼ਵਰ (ਪੀਟੀਆਈ) : ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਤਰੀਕੇ ਨਾਲ ਵਾਪਸੀ ਕਰਦੇ ਹੋਏ ਸ਼ਨਿਚਰਵਾਰ ਨੂੰ ਇੱਥੇ ਐੱਫਆਈਐੱਚ ਪ੍ਰਰੋ ਲੀਗ ਦੇ ਦੂਜੇ ਮੈਚ ਵਿਚ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੂੰ 3-1 ਨਾਲ ਮਾਤ ਦਿੱਤੀ। ਦੋਵੇਂ ਟੀਮਾਂ ਕਲਿੰਗਾ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ ਤੈਅ ਸਮੇਂ ਤਕ 2-2 ਦੀ ਬਰਾਬਰੀ 'ਤੇ ਸਨ ਜਿਸ ਤੋਂ ਬਾਅਦ ਸ਼ੂਟਆਊਟ ਨਾਲ ਫ਼ੈਸਲਾ ਹੋਇਆ। ਭਾਰਤ ਲਈ 60 ਮਿੰਟ ਦੇ ਤੈਅ ਸਮੇਂ ਤਕ ਰੁਪਿੰਦਰ ਪਾਲ ਸਿੰਘ (25ਵੇਂ ਮਿੰਟ) ਤੇ ਹਰਮਨਪ੍ਰਰੀਤ ਸਿੰਘ (27ਵੇਂ ਮਿੰਟ) ਦੋਵਾਂ ਨੇ ਪੈਨਲਟੀ ਕਾਰਨਰ ਨਾਲ ਗੋਲ ਕੀਤੇ ਜਦਕਿ ਆਸਟ੍ਰੇਲੀਆ ਵੱਲੋਂ ਟ੍ਰੇਂਟ ਮਿਟਨ 23ਵੇਂ ਮਿੰਟ ਤੇ ਕਪਤਾਨ ਏਰੋਨ ਜਾਲੇਵਸਕੀ ਨੇ 46ਵੇਂ ਮਿੰਟ ਵਿਚ ਗੋਲ ਕੀਤੇ। ਸ਼ੂਟਆਊਟ ਵਿਚ ਹਰਮਨਪ੍ਰਰੀਤ, ਵਿਵੇਕ ਸਾਗਰ ਪ੍ਰਸਾਦ ਤੇ ਲਲਿਤ ਉਪਾਧਿਆਏ ਨੇ ਭਾਰਤ ਲਈ ਗੋਲ ਕੀਤੇ ਜਦਕਿ ਮਹਿਮਾਨ ਟੀਮ ਲਈ ਸਿਰਫ਼ ਡੇਨੀਅਲ ਬੀਲੇ ਹੀ ਗੋਲ ਕਰ ਸਕੇ। ਭਾਰਤ ਨੂੰ ਦੋ ਗੇੜ ਦੇ ਐੱਫਆਈਐੱਚ ਮੁਕਾਬਲੇ ਦੇ ਸ਼ੁਰੂਆਤੀ ਮੈਚ ਵਿਚ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਹੱਥੋਂ 3-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਜਿੱਤ ਨਾਲ ਭਾਰਤ ਨੇ ਤਿੰਨ ਅੰਕ ਹਾਸਲ ਕੀਤੇ ਜਦਕਿ ਆਸਟ੍ਰੇਲੀਆ ਨੂੰ ਸਿਰਫ਼ ਇਕ ਅੰਕ ਮਿਲਿਆ। ਭਾਰਤ ਤੇ ਆਸਟ੍ਰੇਲੀਆ ਦੋਵਾਂ ਦੇ ਹੁਣ ਛੇ ਮੈਚਾਂ ਵਿਚ 10-10 ਅੰਕ ਹਨ ਪਰ ਸੂਚੀ ਵਿਚ ਆਸਟ੍ਰੇਲੀਆਈ ਟੀਮ ਗੋਲ ਫ਼ਰਕ ਦੇ ਹਿਸਾਬ ਨਾਲ ਮਨਪ੍ਰਰੀਤ ਦੀ ਅਗਵਾਈ ਵਾਲੀ ਟੀਮ ਤੋਂ ਇਕ ਸਥਾਨ ਉੱਪਰ ਤੀਜੇ ਨੰਬਰ 'ਤੇ ਹੈ।