ਸਿਡਨੀ : ਆਸਟ੍ਰੇਲੀਆ ਕ੍ਰਿਕਟ ਟੀਮ ਇਥੇ ਸਿਡਨੀ ਕ੍ਰਿਕਟ ਗ੍ਰਾਊਂਡ (ਐਸਸੀਜੀ) 'ਚ ਭਾਰਤ ਦੇ ਨਾਲ ਜਾਰੀ ਚੌਥੇ ਟੈਸਟ ਮੈਚ 'ਚ ਮੁਸ਼ਕਲ 'ਚ ਦਿਖ ਰਹੀ ਹੈ। ਭਾਰਤ ਦੇ ਪਹਿਲੀ ਪਾਰੀ ਦੇ 622 ਦੌੜਾਂ ਦੇ ਵਿਸ਼ਾਲ ਸਕੋਰ ਦੇ ਸਾਹਮਣੇ ਉਸਨੇ ਮੈਚ ਦੇ ਤੀਸਰੇ ਦਿਨ ਸ਼ਨਿਚਰਵਾਰ ਦਾ ਅੰਤ 6 ਵਿਕਟਾਂ ਦੇ ਨੁਕਸਾਨ 'ਤੇ 236 ਦੌੜਾਂ ਨਾਲ ਕੀਤਾ। ਖਰਾਬ ਰੌਸ਼ਨੀ ਤੇ ਮੀਂਹ ਕਾਰਨ ਤੀਸਰੇ ਦਿਨ ਦਾ ਖੇਡ ਜਲਦੀ ਸਮਾਪਤ ਕਰ ਦਿੱਤਾ ਗਿਆ। ਭਾਰਤ ਨੇ ਦੂਸਰੇ ਦਿਨ ਸੱਤ ਵਿਕਟਾਂ ਦੇ ਨੁਕਸਾਨ 'ਤੇ 622 ਦੌੜਾਂ 'ਤੇ ਆਪਣੀ ਪਹਿਲੀ ਪਾਰੀ ਐਲਾਨੀ ਸੀ। ਆਸਟ੍ਰੇਲੀਆ ਭਾਰਤ ਤੋਂ ਅਜੇ ਵੀ 386 ਪਿੱਛੇ ਹੈ ਤੇ ਉਸ 'ਤੇ ਫਾਲੋਆਨ ਦਾ ਖਦਸ਼ਾ ਵੀ ਹੈ। ਦਿਨ ਦਾ ਖੇਡ ਦੇ ਸਮਾਪਤੀ ਦੇ ਐਲਾਨ ਤਕ ਪੀਟਰ ਹੈਂਡਸਕਾਂਬ 28 ਤੇ ਕਮਿੰਸ 25 ਦੌੜਾਂ ਬਣਾ ਖੇਡ ਰਹੇ ਹਨ। ਆਸਟ੍ਰੇਲੀਆ ਨੇ ਦਿਨ ਦੀ ਸ਼ੁਰੂਆਤ ਬਿਨਾਂ ਕਿਸੇ ਨੁਕਸਾਨ ਦੇ 24 ਦੌੜਾ ਦੇ ਨਾਲ ਕੀਤੀ ਸੀ। ਦਿਨ ਦੇ ਪਹਿਲੇ ਪਹਿਰ 'ਚ ਹੀ ਆਸਟ੍ਰੇਲੀਆਈ ਬੱਲੇਬਾਜ਼ ਵਿਕਟ 'ਤੇ ਨਾ ਟਿਕ ਸਕੇ। ਪਹਿਲੇ ਪਹਿਰ 'ਚ ਮੇਜ਼ਬਾਨ ਟੀਮ ਨੇ ਉਸਮਾਨ ਖਵਾਜਾ (27) ਦੇ ਰੂਪ 'ਚ ਇਕ ਮਾਤਰ ਵਿਕਟ ਗੁਆਇਆ।

ਦੂਸਰੇ ਪਹਿਰ 'ਚ ਹਾਲਾਂਕਿ ਭਾਰਤੀ ਬੱਲੇਬਾਜ਼ ਨੇ ਵਾਪਸੀ ਕੀਤੀ ਤੇ ਟੀ ਟਾਈਮ ਤਕ ਆਸਟ੍ਰੇਲੀਆ ਦਾ ਸਕੋਰ ਪੰਜ ਵਿਕਟਾਂ 'ਤੇ 198 ਦੌੜਾਂ ਕਰ ਦਿੱਤਾ। ਇਸ ਪਹਿਰ 'ਚ ਆਸਟ੍ਰੇਲੀਆ ਨੇ ਚਾਰ ਵਿਕਟਾਂ ਗੁਆਈਆਂ ਜਿਨ੍ਹਾਂ 'ਚ ਸੱਭ ਤੋਂਂ ਅਹਿਮ ਮਾਰਕਸ ਹੈਰਿਸ ਦਾ ਵਿਕਟ ਰਿਹਾ ਜਿਨ੍ਹਾਂ ਨੇ ਟੀਮ ਲਈ ਸੱਭ ਤੋਂ ਜ਼ਿਆਦਾ 79 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਦਾ ਅੰਤ ਰਵਿੰਦਰ ਜਡੇਜਾ ਨੇ ਬੋਲਡ ਕੀਤਾ। ਹੈਰਿਸ ਨੇ ਆਪਣੀ ਪਾਰੀ 'ਚ 120 ਗੇਂਦਾਂ ਦਾ ਸਾਹਮਣਾ ਕਰ ਕੇ ਅੱਠ ਚੌਕੇ ਮਾਰੇ।

ਆਖਰੀ ਪਹਿਰ 'ਚ ਮੇਜ਼ਬਾਨ ਟੀਮ ਨੇ ਇਕ ਵਿਕਟ ਗੁਆਇਆ। ਦਿਨ ਦਾ ਖੇਡ ਖਤਮ ਹੋਣ 'ਚ 16.3 ਓਵਰਾਂ ਦਾ ਖੇਡ ਬਚਿਆ ਸੀ ਕਿ ਇਸੇ ਦੌਰਾਨ ਖਰਾਬ ਰੋਸ਼ਨੀ ਨਾਲ ਖੇਡ ਰੋਕ ਦਿੱਤਾ ਗਿਆ। ਬਾਅਦ 'ਚ ਰੋਸ਼ਨੀ ਕਾਰਨ ਦਿਨ ਦਾ ਖੇਡ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ। ਹੈਰਿਸ ਤੋਂ ਇਲਾਵਾ ਆਸਟ੍ਰੇਲੀਆ ਲਈ ਮਾਨਰਸ ਲਬੁਸ਼ਾਨ ਨੇ 38 ਟ੍ਰੈਵਿਸ ਹੇਡ ਨੇ 20 ਦੌੜਾਂ ਦਾ ਯੋਗਦਾਨ ਦਿੱਤਾ।

ਭਾਰਤ ਦੇ ਕੁਲਦੀਪ ਯਾਦਵ ਨੇ ਅਜੇ ਤਕ ਤਿੰਨ ਵਿਕਟ ਹਾਸਲ ਕੀਤੇ ਹਨ। ਜਡੇਜਾ ਨੂੰ ਦੋ ਤੇ ਮੁਹੰਮਦ ਸ਼ਮੀ ਨੂੰ ਇਕ ਵਿਕਟ ਮਿਲਿਆ।

Posted By: Amita Verma