ਟੋਕੀਓ (ਪੀਟੀਆਈ) : ਭਾਰਤ ਦੇ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਨੇ ਐਤਵਾਰ ਨੂੰ ਇੱਥੇ ਟੋਕੀਓ ਓਲੰਪਿਕ 'ਚ ਪੁਰਸ਼ਾਂ ਦੇ ਕਿਸ਼ਤੀ ਦੌੜ ਡਬਲਜ਼ ਮੁਕਾਬਲੇ ਦੇ ਰੇਪੇਸ਼ਾਜ ਗੇੜ ਵਿਚ ਤੀਜੇ ਸਥਾਨ 'ਤੇ ਰਹਿ ਕੇ ਸੈਮੀਫਾਈਨਲ ਵਿਚ ਥਾਂ ਬਣਾ ਲਈ। ਓਲੰਪਿਕ ਦੇ ਕਿਸ਼ਤੀ ਦੌੜ ਮੁਕਾਬਲੇ ਦੇ ਸੈਮੀਫਾਈਨਲ ਵਿਚ ਪੁੱਜਣ ਵਾਲੀ ਇਹ ਪਹਿਲੀ ਭਾਰਤੀ ਜੋੜੀ ਵੀ ਹੈ। ਭਾਰਤੀ ਜੋੜੀ ਨੇ 6.51.36 ਦਾ ਸਮਾਂ ਕੱਢਿਆ। ਸੈਮੀਫਾਈਨਲ ਮੁਕਾਬਲੇ 28 ਜੁਲਾਈ ਨੂੰ ਹੋਣਗੇ।

ਅੰਗਦ ਬਾਜਵਾ 11ਵੇਂ ਸਥਾਨ 'ਤੇ

ਟੋਕੀਓ (ਪੀਟੀਆਈ) : ਭਾਰਤ ਦੇ ਸਟੀਕ ਨਿਸ਼ਾਨੇਬਾਜ਼ ਅੰਗਦ ਵੀਰ ਸਿੰਘ ਬਾਜਵਾ ਐਤਵਾਰ ਨੂੰ ਇੱਥੇ ਟੋਕੀਓ ਓਲੰਪਿਕ ਦੇ ਮਰਦ ਸਟੀਕ ਕੁਆਲੀਫਿਕੇਸ਼ਨ ਦੇ ਤੀਜੇ ਗੇੜ ਦੇ ਅੰਤ ਵਿਚ 11ਵੇਂ ਸਥਾਨ 'ਤੇ ਰਹੇ। ਹਮਵਤਨ ਮੈਰਾਜ ਖ਼ਾਨ ਨੇ 71 ਅੰਕ ਹਾਸਲ ਕੀਤੇ ਜਿਸ ਨਾਲ ਉਹ 30 ਨਿਸ਼ਾਨੇਬਾਜ਼ਾਂ ਵਿਚੋਂ 25ਵੇਂ ਸਥਾਨ 'ਤੇ ਰਹੇ।

ਸੈਮੀਫਾਈਨਲ ' ਥਾਂ ਨਾ ਬਣਾ ਸਕੀ ਮਾਨਾ

ਟੋਕੀਓ (ਪੀਟੀਆਈ) : ਭਾਰਤੀ ਤੈਰਾਕ ਮਾਨਾ ਪਟੇਲ ਮਹਿਲਾ 100 ਮੀਟਰ ਬੈਕਸਟ੍ਰੋਕ ਮੁਕਾਬਲੇ ਵਿਚ ਆਪਣੀ ਹੀਟ ਵਿਚ ਦੂਜੇ ਸਥਾਨ 'ਤੇ ਰਹਿੰਦੇ ਹੋਏ ਸੈਮੀਫਾਈਨਲ ਵਿਚ ਥਾਂ ਬਣਾਉਣ ਵਿਚ ਨਾਕਾਮ ਰਹੀ। ਆਪਣੇ ਪਹਿਲੇ ਓਲੰਪਿਕ ਵਿਚ ਹਿੱਸਾ ਲੈ ਰਹੀ ਮਾਨਾ ਨੇ ਇਕ ਮਿੰਟ 5.20 ਸਕਿੰਟ ਦਾ ਸਮਾਂ ਲਿਆ। ਉਨ੍ਹਾਂ ਦੀ ਹੀਟ ਵਿਚ ਜ਼ਿੰਬਾਬਵੇ ਦੀ ਡੋਨਾਟਾ ਕਾਤਾਈ ਇਕ ਮਿੰਟ 2.73 ਸਕਿੰਟ ਦੇ ਸਮੇਂ ਨਾਲ ਚੋਟੀ 'ਤੇ ਰਹੀ।