ਟੋਕੀਓ (ਏਪੀ) : ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਤੇ ਜਾਪਾਨੀ ਪ੍ਰਬੰਧਕ ਜਨਤਾ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ ਇਕ ਸਾਲ ਲਈ ਮੁਲਤਵੀ ਕੀਤੀਆਂ ਗਈਆਂ ਟੋਕੀਓ ਓਲੰਪਿਕ ਖੇਡਾਂ ਅਗਲੇ ਸਾਲ ਜ਼ਰੂਰ ਕਰਵਾਈਆਂ ਜਾਣਗੀਆਂ। ਟੋਕੀਓ ਓਲੰਪਿਕ ਪ੍ਰਬੰਧਕੀ ਕਮੇਟੀ ਦੇ ਸੀਈਓ ਤੋਸ਼ਿਰੋ ਮੁਤੋ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਟੀਕੇ ਤੋਂ ਬਿਨਾਂ ਵੀ ਖੇਡਾਂ ਕਰਵਾਈਆਂ ਜਾ ਸਕਦੀਆਂ ਹਨ ਜਦਕਿ ਟੋਕੀਓ ਓਲੰਪਿਕ ਦੀ ਜ਼ਿੰਮੇਵਾਰੀ ਦੇਖ ਰਹੇ ਆਈਓਸੀ ਮੈਂਬਰ ਜਾਨ ਕੋਟੇਸ ਨੇ ਇਸ ਹਫ਼ਤੇ ਕਿਹਾ ਸੀ ਕਿ ਮਹਾਮਾਰੀ ਦੇ ਬਾਵਜੂਦ ਖੇਡਾਂ ਕਰਵਾਈਆਂ ਜਾਣਗੀਆਂ। ਕੋਟੇਸ ਬੁੱਧਵਾਰ ਨੂੰ ਆਈਓਸੀ ਕਾਰਜਕਾਰੀ ਬੋਰਡ ਦੀ ਵਰਚੂਅਲ ਮੀਟਿੰਗ ਵਿਚ ਹਿੱਸਾ ਲੈਣਗੇ। ਉਮੀਦ ਹੈ ਕਿ ਉਹ ਟੋਕੀਓ ਓਲੰਪਿਕ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸਕਾਰਾਤਮਕ ਅੰਦਾਜ਼ਾ ਪੇਸ਼ ਕਰਨਗੇ। ਪਿਛਲੇ ਦਿਨੀਂ ਕਰਵਾਏ ਗਏ ਇਕ ਜਨਤਕ ਸਰਵੇਖਣ ਵਿਚ ਜਾਪਾਨੀ ਲੋਕਾਂ ਤੇ ਵਪਾਰਕ ਸਮੂਹਾਂ ਨੇ ਖੇਡਾਂ ਨੂੰ ਲੈ ਕੇ ਸ਼ੱਕ ਜ਼ਾਹਰ ਕੀਤਾ ਸੀ। ਪ੍ਰਬੰਧਕੀ ਕਮੇਟੀ ਦੇ ਬੁਲਾਰੇ ਮਾਸਾ ਤਕਾਇਆ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਆਈਓਸੀ 32ਵੀਆਂ ਓਲੰਪਿਕ ਖੇਡਾਂ ਨੂੰ ਟੋਕੀਓ ਵਿਚ ਕਰਵਾਉਣ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ। ਅਸੀਂ ਠੋਸ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਟੋਕੀਓ ਸ਼ਹਿਰ, ਜਾਪਾਨ ਸਰਕਾਰ ਤੇ ਟੋਕੀਓ ਓਲੰਪਿਕ ਅਧਿਕਾਰੀਆਂ ਨੇ ਕੋਵਿਡ-19 ਨੂੰ ਰੋਕਣ ਤੇ ਉਸ ਤੋਂ ਬਚਾਅ ਲਈ ਉਠਾਏ ਜਾਣ ਵਾਲੇ ਕਦਮਾਂ ਨੂੰ ਲੈ ਕੇ ਪਿਛਲੇ ਹਫ਼ਤੇ ਮੀਟਿੰਗ ਕੀਤੀ ਸੀ।